ਤਲਵੰਡੀ ਸਾਬੋ (ਬਠਿੰਡਾ), 10 ਮਈ (ਅਮਰਜੀਤ ਸਿੰਘ ਸਿੱਧੂ)- ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਉਪਰਾਲੇ ਸਦਕਾ ਸ਼ੁਰੂ ਕੀਤੀ ਗਈ ‘ਧਾਰਮਿਕ ਦਰਸ਼ਨ ਯਾਤਰਾ’ ਅੱਜ ਸਵੇਰੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਪੂਰੇ ਜਾਹੋ-ਜਲਾਲ ਨਾਲ ਬਠਿੰਡਾ ਲਈ ਰਵਾਨਾ ਹੋਈ। ਇਲਾਕੇ ਦੀਆਂ ਸੰਗਤਾਂ ਨੂੰ ਪਿਛਲੇ ਦੋ ਦਿਨਾਂ ਤੋਂ ਗੁਰੂ ਸਾਹਿਬਾਨ ਨਾਲ ਸਬੰਧਤ 13 ਦੁਰਲੱਭ ਨਿਸ਼ਾਨੀਆਂ, ਵਸਤਰਾਂ ਤੇ ਸਸ਼ਤਰਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਸੀ ਅਤੇ ਅੱਜ ਯਾਤਰਾ ਦੀ ਰਵਾਨਗੀ ਦੌਰਾਨ ਸੰਗਤਾਂ ਵਿਚ ਅਥਾਹ ਸ਼ਰਧਾ ਨਜ਼ਰ ਆ ਰਹੀ ਸੀ। ਯਾਤਰਾ ਦੌਰਾਨ ਲੱਖਾਂ ਦੀ ਗਿਣਤੀ ਵਿਚ ਸੰਗਤ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਅੱਗੇ ਸੀਸ ਨਿਵਾ ਕੇ ਨਤਮਸਤਕ ਹੋ ਰਹੀ ਹੈ। ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਗ੍ਰੰਥੀ ਭਾਈ ਬਲਵੰਤ ਸਿੰਘ ਵਲੋਂ ਅਰਦਾਸ ਕੀਤੀ ਗਈ, ਉਪਰੰਤ ਯਾਤਰਾ ਨੂੰ ਰਵਾਨਾ ਕਰਨ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਸਿੰਘ ਸਾਹਿਬ ਗਿਆਨੀ ਗੁਰਮੁੱਖ ਸਿੰਘ ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਂਟ ਕੀਤੇ।
ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ, ਹਲਕਾ ਵਿਧਾਇਕ ਤਲਵੰਡੀ ਸਾਬੋ ਸ਼੍ਰੀ ਜੀਤ ਮਹਿੰਦਰ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ, ਐਸ.ਐਸ.ਪੀ ਸ਼੍ਰੀ ਕੁਲਦੀਪ ਚਾਹਲ, ਐਸ.ਡੀ.ਐਮ. ਸ਼੍ਰੀ ਵਿਨੀਤ ਕੁਮਾਰ, ਐਗਜ਼ੈਕਟਿਵ ਮੈਂਬਰ ਐਸ.ਜੀ.ਪੀ.ਸੀ. ਜਥੇਦਾਰ ਮੋਹਨ ਸਿੰਘ ਬੰਗੀ, ਵਿਧਾਇਕ ਕਾਲਿਆਂਵਾਲੀ (ਸਿਰਸਾ) ਸ੍ਰ. ਬਲਕੌਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਸ੍ਰ. ਗੁਰਪ੍ਰੀਤ ਸਿੰਘ ਝੱਬਰ, ਭਾਈ ਅਮਰੀਕ ਸਿੰਘ ਕੋਟਸ਼ਮੀਰ ਤੋਂ ਇਲਾਵਾ ਹੋਰ ਵੀ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸਖ਼ਸ਼ੀਅਤਾਂ ਹਾਜ਼ਰ ਸਨ। ਯਾਤਰਾ ਦੌਰਾਨ ਜਿੱਥੇ ਫੁੱਲਾਂ ਦੀ ਵਰਖਾ ਕੀਤੀ ਗਈ, ਉਥੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਪੇਸ਼ ਕੀਤਾ ਗਿਆ ਗਤਕਾ ਖਿੱਚ ਦਾ ਕੇਂਦਰ ਬਣਿਆ ਰਿਹਾ। ਯਾਤਰਾ ਦੇ ਬਠਿੰਡਾ ਤੱਕ ਪਹੁੰਚਣ ਦੌਰਾਨ ਥਾਂ-ਥਾਂ ਸੰਗਤਾਂ ਲਈ ਫਰੂਟ, ਪਕੌੜਿਆਂ, ਜਲੇਬੀਆਂ, ਲੱਡੂਆਂ, ਫਰੂਟੀਆਂ ਅਤੇ ਛਬੀਲਾਂ ਦੇ ਲੰਗਰ ਲੱਗੇ ਹੋਏ ਸਨ।
ਸੰਗਤਾਂ ਨੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸਬੰਧਤ ਦੋ ਪਾਵਨ ਨਿਸ਼ਾਨੀਆਂ 46 ਇੰਚ ਲੰਬੀ ਕਿਰਪਾਨ ਅਤੇ 22 ਇੰਚ ਲੰਮਾ ਕੋਰੜਾ, ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸਬੰਧਤ ਇਕ ਸ੍ਰੀ ਸਾਹਿਬ, ਦਸਵੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ 10 ਪਵਿੱਤਰ ਨਿਸ਼ਾਨੀਆਂ, ਜਿਨ੍ਹਾਂ ਵਿਚ ਤਿੰਨ ਕਿਰਪਾਨਾਂ, ਚੋਲਾ ਸਾਹਿਬ, ਹੱਥ ਲਿਖਤ ਬਾਣੀ, ਕੇਸ, ਕੰਘਾ ਤੇ ਦਸਤਾਰ, 20 ਇੰਚ ਲੰਮਾ ਲੋਹੇ ਦਾ ਤੀਰ, ਸਾਢੇ ਤਿੰਨ ਇੰਚ ਲੰਬੀ ਸਿਰੀ ਸਾਹਿਬ, ਲੱਕੜ ਦੇ ਦਸਤੇ ਵਾਲਾ 30 ਇੰਚ ਲੰਮਾ ਬਰਛਾ ਅਤੇ ਪੰਜ ਤੀਰ ਸ਼ਾਮਲ ਹਨ, ਦੇ ਦਰਸ਼ਨ ਕੀਤੇ। ਇਨ੍ਹਾਂ ਨਿਸ਼ਾਨੀਆਂ ਦੇ ਸੰਗਤਾਂ ਨੂੰ ਦਰਸ਼ਨ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੇ ਸਾਂਝੇ ਉਪਰਾਲੇ ਸਦਕਾ ਤਿਆਰ ਕੀਤੀ ਗਈ 33 ਫੁੱਟ ਲੰਮੀ ਵਿਸ਼ੇਸ਼ ਬੱਸ ਰਾਹੀਂ ਕਰਵਾਏ ਜਾ ਰਹੇ ਹਨ।
ਤਲਵੰਡੀ ਸਾਬੋ ਤੋਂ ਰਵਾਨਾ ਹੋਈ ਧਾਰਮਿਕ ਦਰਸ਼ਨ ਯਾਤਰਾ ਪਿੰਡ ਭਾਗੀਵਾਂਦਰ, ਜੀਵਨ ਸਿੰਘ ਵਾਲਾ, ਕੋਟਸ਼ਮੀਰ, ਕਟਾਰ ਸਿੰਘ ਵਾਲਾ, ਜੱਸੀ ਪਓ ਵਾਲੀ ਤੋਂ ਮੱਤੀ ਦਾਸ ਨਗਰ ਰਾਹੀਂ ਬਠਿੰਡਾ ਸ਼ਹਿਰ ਦੇ ਫੌਜੀ ਚੌਕ, ਬੀਬੀ ਵਾਲਾ ਚੌਕ ਰੋਡ ਹੁੰਦੇ ਹੋਏ ਬਰਨਾਲਾ ਬਾਈਪਾਸ, ਰੋਜ਼ ਗਾਰਡਨ ਰੋਡ, ਗੋਨਿਆਣਾ ਰੋਡ, ਵਾਲਮੀਕ ਚੌਕ ਹੁੰਦੇ ਹੋਏ ਗੁਰਦੁਆਰਾ ਹਾਜ਼ੀਰਤਨ ਸਾਹਿਬ ਵਿਖੇ ਠਹਿਰਾਓ ਦੌਰਾਨ ਬਠਿੰਡਾ ਵਾਸੀਆਂ ਨੂੰ ਪੂਰੀ ਰਾਤ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ। 11 ਮਈ ਨੂੰ ਇਹ ਯਾਤਰਾ ਮੁਲਤਾਨੀਆ ਰੋਡ ਹੁੰਦੇ ਹੋਏ ਬਠਿੰਡਾ-ਮਲੋਟ ਰੋਡ ਰਾਹੀਂ ਬੱਲੂਆਣਾ, ਗਿੱਦੜਾਬਾਹਾ ਅਤੇ ਮਲੋਟ, 12 ਮਈ ਨੂੰ ਮਲੋਟ ਤੋਂ ਸ੍ਰੀ ਮੁਕਤਸਰ ਸਾਹਿਬ, 13 ਮਈ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਹੀ ਠਹਿਰਾਓ ਅਤੇ 14 ਮਈ ਨੂੰ ਇਹ ਦਰਸ਼ਨ ਯਾਤਰਾ ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੁਰਾ ਅਤੇ ਫਰੀਦਕੋਟ ਲਈ ਰਵਾਨਾ ਹੋਵੇਗੀ।’