ਸੁਨਾਮ, 10 ਮਈ- ਅੱਜ ਕਲ੍ਹ ਕਣਕ ਦੇ ਸੀਜਣ ਵਿਚ ਕਣਕ ਦੀ ਆਮਦ ਮੰਡੀਆਂ ਵਿਚ ਘੱਟ ਹੋ ਗਈ ਹੈ, ਪਰ ਮੰਡੀਆਂ ਵਿਚ ਬੋਰੀਆਂ ਦੇ ਖੁਲ੍ਹੇ ਆਸਮਾਨ ਵਿਚ ਅੰਬਾਰ ਲੱਗੇ ਪਏ ਹਨ। ਕਣਕ ਸੁੱਕ ਕੇ 8.9% ਤੋਂ 9% ਤੱਕ ਨਮੀ ਵਾਲੀ ਰਹਿ ਗਈ ਹੈ। ਕਣਕ ਦੀਆਂ ਬੋਰੀਆਂ ਦਾ ਰੰਗ ਖਰਾਬ ਹੋ ਗਿਆ ਹੈ ਅਤੇ ਬੋਰੀਆਂ ਨੀਚੇ ਤੋਂ ਖਰਾਬ ਹੋ ਗਈਆਂ ਹਨ। ਕਿਉਂਕਿ ਟਰੱਕ ਯੂਨੀਅਨਾਂ ਕੋਲ ਟਰੱਕਾਂ ਦੀ ਬਹੁਤ ਘਾਟ ਹੈ ਅਤੇ ਏਜੰਸੀਆਂ ਕੋਲ ਕਣਕ ਦੀ ਅਨਲੋਡਿੰਗ ਲਈ ਠੇਕੇਦਾਰੀ ਸਿਸਟਮ ਹੋਣ ਕਰਕੇ ਲੇਬਰ ਦੀ ਬਹੁਤ ਘਾਟ ਹੈ। ਇਸਦਾ ਖਮਿਆਜਾ ਕਿਸਾਨ, ਆੜ੍ਹਤੀਏ ਅਤੇ ਮਜਦੂਰ ਭੁਗਤ ਰਹੇ ਹਨ। ਏਜੰਸੀਆਂ ਤਾਂ ਇਸਦੀ ਆੜ ਲੈ ਕੇ ਅਰਬਾਂ ਰੁਪਏ ਦੇ ਘਪਲਾ ਕਰਨ ਵਿਚ ਜੁੱਟ ਗਈਆਂ ਹਨ। ਪੰਜਾਬ ਟਾਈਮਜ਼ ਗਰੁੱਪ ਨੇ ਅੱਜ ਸੁਨਾਮ ਵਿਖੇ ਪੰਚਾਇਤੀ ਗੁਦਾਮ ਵਿਚ ਸਰਵੇ ਕੀਤਾ। ਸਰਵੇ ਦੌਰਾਨ ਸਾਹਮਣੇ ਆਇਆ ਕਿ ਇੱਥੇ ਭਵਾਨੀਗੜ੍ਹ, ਦਿੜ੍ਹਬਾ ਅਤੇ ਕਾਫੀ ਮੰਡੀਆਂ ਦੀ ਕਣਕ ਆ ਰਹੀ ਸੀ। ਟਰੱਕ ਦੋ-ਤਿੰਨ
ਦਿਨਾਂ ਤੋਂ ਭਰੇ ਹੋਏ ਖੜ੍ਹੇ ਸਨ। ਟਰੱਕ ਮਾਲਿਕਾਂ ਨੇ ਦੱਸਿਆ ਕਿ ਇੱਥੇ ਲੇਬਰ ਦੀ ਬਹੁਤ ਘਾਟ ਹੈ। ਟਰੱਕ ਡਰਾਈਵਰਾਂ ਲਈ ਰਹਿਣ-ਸਹਿਣ ਦਾ ਪ੍ਰਬੰਧ, ਚਾਹ, ਰੋਟੀ, ਪਾਣੀ ਦਾ ਪ੍ਰਬੰਧ ਨਾ ਤਾਂ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਅਤੇ ਨਾ ਹੀ ਪ੍ਰਾਇਵੇਟ ਤੌਰ ’ਤੇ ਕੋਈ ਕੰਟੀਨ ਜਾਂ ਰੇਹੜੀ ਵਾਲਾ ਨਹੀਂ ਸੀ। ਇਸ
ਗੁਦਾਮ ਵਿਚ ਸਬਮਰਸੀਮਲ ਪੰਪ ਲੱਗਿਆ ਹੋਇਆ ਹੈ, ਜੋ ਪਾਣੀ ਦੇ ਰਿਹਾ ਸੀ, ਉਹ ਵੀ ਨਾ ਪੀਣਯੋਗ ਸੀ। ਦੇਖਣ ਤੋਂ ਲੱਗਦਾ ਹੈ ਕਿ ਇਹ ਪੰਪ ਸਿਰਫ ਕਣਕ ’ਤੇ ਸਪਰੇਅ ਕਰਨ ਲਈ ਹੀ ਰੱਖਿਆ ਹੋਵੇਗਾ। ਪੱਤਰਕਾਰ ਨੂੰ ਬੈਠਣ ਲਈ ਇਕ ਟੁੱਟੀ ਹੋਈ ਕੁਰਸੀ ਹੀ ਦਿੱਤੀ ਗਈ, ਕੋਈ ਪਾਣੀ ਵਗੈਰਾ ਨਹੀਂ ਦਿੱਤਾ ਗਿਆ। ਪੱਤਰਕਾਰ ਲਗਭਗ ਦੋ ਘੰਟੇ ਗੁਦਾਮ ਵਿਚ ਰਿਹਾ। ਡਰਾਇਵਰਾਂ ਨੇ ਦੱਸਿਆ ਕਿ ਜਦੋਂ ਖਾਲੀ ਗੱਡੀ ਦਾ ਕੰਢੇ ’ਤੇ ਵਜਨ ਕੀਤਾ ਜਾਂਦਾ ਹੈ, ਤਾਂ ਉਸ ਸਮੇਂ ਦੋ-ਤਿੰਨ ਵਿਅਕਤੀ ਕੰਢੇ ਉਪਰ ਚੜ੍ਹਾ ਲਏ ਜਾਂਦੇ ਹਨ ਅਤੇ ਡਰਾਇਵਰਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਤੁਹਾਡਾ ਵਜਨ ਪੂਰਾ ਕਰ ਦਿੱਤਾ ਹੈ। ਬਿਲਟੀ ਦੇ ਮਗਰ ਵਜਨ ਲਿਖ ਦਿੱਤਾ ਜਾਂਦਾ ਹੈ। ਕਿਸੇ ਡਰਾਇਵਰ ਨੂੰ ਚੱਕਰ ਪਾਉਣ ਲਈ ਸਿਰਫ ਕਣਕ ਦਾ ਵਜਨ ਹੀ ਲਿਖਿਆ ਜਾਂਦਾ ਹੈ, ਜਿਵੇਂ ਕਿ 180 ਬੋਰੀਆਂ ਕਣਕ ਦੀਆਂ ਇਕ ਟਰੱਕ ਵਿਚ ਆ ਰਹੀਆਂ ਹਨ, ਕਣਕ ਦਾ ਅਸਲੀ ਵਜਨ 50 ਕਿੱਲੋ ਬੋਰੀ ਹੋਣ ਕਰਕੇ 90 ਕੁਇੰਟਲ ਹੀ ਬਣਦਾ ਹੈ। ਕਿਸੇ ਨੂੰ 90 ਕੁਇੰਟਲ ਵਜਨ ਲਿਖ ਦਿੱਤਾ ਜਾਂਦਾ ਹੈ। ਖਾਲੀ ਬਾਰਦਾਨੇ ਦਾ ਵਜਨ ਸੁੱਕ ਜਾਣ ਕਰਕੇ 500 ਗ੍ਰਾਮ ਤੋਂ 600 ਗ੍ਰਾਮ ਆ ਰਿਹਾ ਹੈ, ਜੋ ਪ੍ਰਤੀ ਟਰੱਕ ਲਗਭਗ 95 ਕਿੱਲੋ ਬਣਦਾ ਹੈ। ਉਹ 91.20 ਕਿੱਲੋ ਲਿਖ ਕੇ ਦੇ ਦਿੱਤਾ ਜਾਂਦਾ ਹੈ ਕਿ ਤੁਹਾਡਾ ਵਜਨ ਵੱਧ ਗਿਆ ਹੈ। ਕਿਉਂਕਿ ਆੜ੍ਹਤੀਏ ਕਣਕ ਵੱਧ ਤੋਲਦੇ ਹਨ। ਇਸ ਲਈ ਤੁਸੀਂ ਆੜ੍ਹਤੀਆਂ ਦਾ ਪ੍ਰਚਾਰ ਕਰੋ। ਇਹ ਕਹਿ ਕੇ ਉਹ ਆਪਣੇ ਆਪ ਨੂੰ ਨਿਰਦੋਸ਼ ਸਾਬਿਤ ਕਰਦੇ ਹਨ। ਇਹੋ ਜਿਹੇ ਕਾਰਨਾਮੇ ਪੰਜਾਬ ਟਾਈਮਜ਼ ਗਰੁੱਪ ਨੇ ਜਵੰਧੇ ਰੋਡ ਉਪਰ ਓਰੀਗੋ ਕੰਪਨੀ ਦੇ ਗੁਦਾਮਾਂ ਵਿਚ ਪਹਿਲਾਂ ਵੀ ਪ੍ਰਕਾਸ਼ਿਤ ਕੀਤੇ ਸਨ। ਪਰ ਇਸ ਦਾ ਅਸਰ ਦੇਖਣ ਨੂੰ ਨਹੀਂ ਮਿਲਿਆ। ਇਸ ਸਭ ਕੁਝ ਤੋਂ ਪਤਾ ਲੱਗਦਾ ਹੈ ਕਿ ਇਹੋ ਜਿਹੇ ਕਾਰਨਾਮੇ ਪੰਜਾਬ ਵਿਚ ਹਰੇਕ ਗੁਦਾਮ ਵਿਚ ਹੀ ਹੋਣਗੇ। ਪੰਜਾਬ ਟਾਈਮਜ਼ ਗਰੁੱਪ ਨੇ ਵਜਨ ਕਰਨ ਸਮੇਂ ਖਾਲੀ ਗੱਡੀ ਉਪਰ ਬੰਦੇ ਚੜ੍ਹਾਉਣ ਦੀ ਖਬਰ ਵਿਚ ਇਨ੍ਹਾਂ ਦੀ ਜਾਂਚ ਕਰਵਾਉਣ ਲਈ ਅਤੇ ਇਹ ਕਾਰਨਾਮੇ ਕਿਉਂ ਹੋ ਰਹੇ ਹਨ, ਬਾਰੇ ਵੀ ਲਿਖਿਆ ਸੀ। ਪਰ ਕਿਸੇ ਅਧਿਕਾਰੀ ਨੇ ਵੀ ਅਤੇ ਏਜੰਸੀ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਖੋਜ਼ ਕਰਨ ਤੋਂ ਪਤਾ ਚੱਲਿਆ ਕਿ ਇਸ ਕਾਰਨਾਮੇ ਪਿੱਛੇ ਕੀ ਹੱਥ ਹੈ। ਸਰਵੇ ਕਰਨ ’ਤੇ ਕਾਰਨ ਪਤਾ ਚੱਲਿਆ ਕਿ ਕੇਂਦਰ ਸਰਕਾਰ ਨੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਦੇ ਸਹਿਯੋਗ ਨਾਲ ਨਮੀ ਦੀ ਮਾਤਰਾ 12% ਤੋਂ 14% ਕਰ ਦਿੱਤੀ ਹੈ। ਇਹ ਮਾਤਰਾ ਉਦੋਂ ਕੀਤੀ ਗਈ, ਜਦੋਂ ਕਣਕ ਮੰਡੀਆਂ ਵਿਚ ਆ ਚੁੱਕੀ ਸੀ, ਆੜ੍ਹਤੀਆਂ ਤੋਂ ਸਾਰੀ ਕਣਕ ਬੋਰੀਆਂ ਵਿਚ ਭਰਵਾ ਲਈ ਗਈ ਸੀ। ਬੋਰੀਆਂ ਭਰਵਾਉਣ ਲੱਗੇ ਖਰੀਦ ਏਜੰਸੀਆਂ ਦੇ ਅਧਿਕਾਰੀ ਆਪਣੀ ਕੱਚੀ ਡਾਇਰੀ ਉਪਰ ਬੋਲੀ ਲਿਖਦੇ ਰਹੇ ਅਤੇ ਇਹ ਕਹਿੰਦੇ ਰਹੇ ਕਿ ਆੜ੍ਹਤੀਏ ਮਾਲ ਚੁਕਾਉਣ ਅਤੇ ਸ਼ਾਰਟੇਜ਼ ਦੇ ਖੁਦ ਜਿੰਮੇਵਾਰ ਹੋਣਗੇ ਅਤੇ ਮਾਲ ਤੋਲਣ ਵਾਲੇ ਤੋਲਿਆਂ ਨੂੰ ਮਾਲ ਨਾ ਘਟਣ ਦੀਆਂ ਹਦਾਇਤਾਂ ਦਿੰਦੇ ਰਹੇ। ਇਸ ਦਾ ਨਤੀਜਾ ਇਹ ਸਾਹਮਣੇ ਆਇਆ ਕਿ ਜਦੋਂ ਨਮੀ 14% ਹੋ ਗਈ, ਤਾਂ ਇਸਦੀ ਲੋਡਿੰਗ ਮੰਡੀਆਂ ਵਿਚੋਂ ਸ਼ੁਰੂ ਕਰਵਾ ਦਿੱਤੀ ਗਈ। ਹੁਣ ਏਜੰਸੀਆਂ ਦੇ ਅਧਿਕਾਰੀਆਂ ਨੂੰ ਮੋਦੀ ਦਾ ਨਾਅਰਾ ‘‘ ਅੱਛੇ ਦਿਨ ਆਨੇ ਵਾਲੇ ਹੈਂ ੂ ਚੰਗਾ ਲੱਗਣ ਲੱਗਾ। ਉਨ੍ਹਾਂ ਨੇ ਅੱਛੇ ਦਿਨਾਂ ਦੀ ਆੜ ਵਿਚ ਆਪਣੇ ਰਿਕਾਰਡ ਵਿਚ ਨਮੀ 14% ਦਰਜ ਕਰਨੀ ਸ਼ੁਰੂ ਕਰ ਦਿੱਤੀ। ਅੱਜ ਪੰਜਾਬ ਟਾਈਮਜ਼ ਗਰੁੱਪ ਨੇ ਪੰਚਾਇਤੀ ਗਰਾਮ ਵਿਚ ਓਰੀਗੋ ਕੋਮੂਨਿਟੀ ਪ੍ਰਾਇਵੇਟ ਲਿ: ਕੰਪਨੀ ਰਾਹੀਂ ਸਟੋਰ ਕੀਤੀ ਜਾ ਰਹੀ ਕਣਕ ਦਾ ਇਕ ਸੈਂਪਲ ਕੱਢੇ ਉਪਰ ਪਈ ਕਣਕ ਦਾ ਲਿਆ, ਜਿਸਦੀ ਨਮੀ 8.9% ਆਈ ਅਤੇ ਇਕ ਸੈਂਪਲ ਅਨਲੋਡ ਹੋ ਰਹੇ ਟਰੱਕ ਵਿਚੋਂ ਵੀ ਲਿਆ, ਜਿਸਦੀ ਨਮੀ 9% ਆਈ। ਇਸ ਤੋਂ ਸਾਫ ਜਾਹਰ ਹੁੰਦਾ ਹੈ ਕਿ ਇਕ 9 ਟਨ ਪਿੱਛੇ 450 ਕਿੱਲੋ ਕਣਕ ਨਮੀ ਦੇ ਨਾਮ ਉਪਰ ਹੜੱਪ ਕੀਤੀ ਜਾ ਰਹੀ ਹੈ। ਬਾਕੀ ਕੰਢੇ ਉਪਰ ਹੇਰਾ ਫੇਰੀ ਕਰਕੇ ਲਗਭਗ ਇਕ ਕੁਇੰਟਲ ਪ੍ਰਤੀ ਟਰੱਕ ਕੀਤੀ ਜਾ ਰਹੀ ਹੈ। ਇਹ 550 ਕਿੱਲੋ ਪ੍ਰਤੀ ਕੁਇੰਟਲ ਜੋ ਇਕ ਕੁਇੰਟਲ ਪਿੱਛੇ ਛੇ ਕਿੱਲੋ ਬਣਦੀ ਹੈ। ਜੇਕਰ ਸਾਰੇ ਪੰਜਾਬ ਵਿਚ ਹਿਸਾਬ ਲਾ ਲਿਆ ਜਾਵੇ, ਤਾਂ ਇਸਦਾ ਹਿਸਾਬ ਤਾਂ ਏਜੰਸੀਆਂ ਦੇ ਉਚ ਅਧਿਕਾਰੀ, ਪ੍ਰਸ਼ਾਸਨ ਹੀ ਦੱਸ ਸਕਦਾ ਹੈ। ਇਸਦੀ ਸਾਰੀ ਮਾਰ ਗਰੀਬ ਕਿਸਾਨ ਉਪਰ ਹੀ ਹੋਈ। ਗਰੀਬ ਕਿਸਾਨਾਂ ਨੂੰ ਛੇ ਕਿੱਲੋ ਪ੍ਰਤੀ ਕੁਇੰਟਲ ਪਿੱਛੇ ਫਾਲਤੂ ਪੈਸੇ ਦੇ ਹਿਸਾਬ ਨਾਲ ਉਨ੍ਹਾਂ ਨੂੰ ਮੁਆਵਜਾ ਦੇਣਾ ਚਾਹੀਦਾ ਹੈ। ਇਹ ਮੁਆਵਜਾ 87/- ਰੁਪਏ ਪ੍ਰਤੀ ਕੁਇੰਟਲ ਦਾ ਬਣਦਾ ਹੈ। ਕਿਸਾਨਾਂ ਦੇ ਹਮਾਇਤੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ, ਉਪ ਮੁੱਖ ਮੰਤਰੀ ਸ੍ਰ: ਸੁਖਵੀਰ ਸਿੰਘ ਬਾਦਲ, ਫੂਡ ਸਪਲਾਈਜ਼ ਮੰਤਰੀ ਸ੍ਰ: ਆਦੇਸ਼ ਪ੍ਰਤਾਪ ਸਿੰਘ ਕੈਰੋਂ, ਖੇਤੀਬਾੜੀ ਮੰਤਰੀ ਸ੍ਰ: ਤੋਤਾ ਸਿੰਘ, ਪੰਜਾਬ ਮੰਡੀਕਰਣ ਬੋਰਡ ਦੇ ਚੇਅਰਮੈਨ ਸ੍ਰ: ਅਜਮੇਰ ਸਿੰਘ ਲੱਖੋਵਾਲ, ਰਿਜ਼ਨਲ ਮੈਨੇਜਰ ਐਫ.ਸੀ.ਆਈ., ਡਾਇਰੈਕਟਰ ਫੂਡ ਸਪਲਾਈਜ਼ ਪੰਜਾਬ, ਕੇਂਦਰੀ ਖੇਤੀਬਾੜੀ ਮੰਤਰੀ, ਲੋਕ ਸਭਾ ਮੈਂਬਰ ਸ੍ਰ: ਭਗਵੰਤ ਸਿੰਘ ਮਾਨ, ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਇਸ ਮਸਲੇ ਦੀ ਜਾਂਚ ਕਰਵਾ ਕੇ ਕਿਸਾਨਾਂ ਨੂੰ 200/- ਰੁਪਏ ਪ੍ਰਤੀ ਕੁਇੰਟਲ ਦਾ ਮੁਆਵਜਾ ਦੇਣਾ ਚਾਹੀਦਾ ਹੈ ਅਤੇ ਆੜ੍ਹਤੀਆਂ ਤੋਂ 25/- ਰੁਪਏ ਕੁਇੰਟਲ ਦਾ ਵੀ ਮੁਆਵਜਾ ਦਵਾਉਣਾ ਚਾਹੀਦਾ ਹੈ। ਕਿਉਂਕਿ ਆੜ੍ਹਤੀਆਂ ਨੇ ਖਰੀਦ ਏਜੰਸੀਆਂ ਦੀ ਸ਼ਹਿ ’ਤੇ ਅਤੇ ਪ੍ਰਾਇਵੇਟ ਏਜੰਸੀਆਂ ਨੂੰ ਘੱਟ ਰੇਟ ਉਪਰ ਕਿਸਾਨਾਂ ਦੀ ਫਸਲ ਵੇਚੀ ਹੈ ਅਤੇ ਵਜਨ ਵੀ ਵੱਧ ਤੋਲਿਆ ਹੈ। ਪੰਜਾਬ ਦੀਆਂ ਮੁੱਖ ਮੰਡੀਆਂ ਵਿਚ ਕਣਕ 1400 ਰੁਪਏ ਤੋਂ 1430 ਰੁਪਏ ਤੱਕ ਵਿਕੀ ਹੈ। ਕੁਝ ਧਨਾਡ ਆੜ੍ਹਤੀਆਂ ਨੇ ਇਹ ਕਣਕ ਕਿਸਾਨਾਂ ਦੀ ਮਾਯੂਸੀ ਦਾ ਫਾਇਦਾ ਉਠਾਉਂਦੇ ਹੋਏ ਆਪਣੀਆਂ ਬੋਰੀਆਂ ਵਿਚ ਹੀ ਭਰ ਕੇ ਰੱਖ ਲਈ। ਪਰ ਸਰਕਾਰ ਨੂੰ ਸਰਕਾਰੀ ਰੇਟ ’ਤੇ ਹੀ ਦਰਜ ਕਰਵਾਈ ਗਈ। ਕਿਉਂਕਿ ਮਾਰਕਿਟ ਕਮੇਟੀ ਵਾਲੇ ਕਹਿ ਦਿੰਦੇ ਸਨ ਕਿ ਅਸੀਂ ਘੱਟ ਰੇਟ ਵਿਚ ਕੋੲਾਂੀ ਵੀ ਢੇਰੀ ਦਰਜ ਨਹੀਂ ਕਰਨੀ। ਜੇਕਰ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਈ ਜਾਵੇ, ਤਾਂ ਕਿਸਾਨਾਂ ਕੋਲ 1400 ਤੋਂ 1430 ਰੁਪਏ ਤੱਕ ਦੀਆਂ ਪਰਚੀਆਂ ਆਮ ਮਿਲ ਜਾਣਗੀਆਂ। ਹੁਣ ਆੜ੍ਹਤੀਆਂ ਨੇ ਪ੍ਰਸ਼ਾਸਨ ਅਤੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਇਹ ਕਣਕ ਸਰਕਾਰ ਨੂੰ ਸਰਕਾਰੀ ਰੇਟ ’ਤੇ ਜੋ 1450 ਰੁਪਏ ਬਣਦਾ ਹੈ, ਲਿਖਵਾ ਦਿੱਤੀ ਹੈ। ਇਸ ਵਿਚ ਖਰੀਦ ਏਜੰਸੀ ਦੇ ਅਧਿਕਾਰੀਆਂ ਨੇ ਹੱਥ ਰੰਗ ਲਏ ਹਨ। ਪ੍ਰਸ਼ਾਸਨ, ਖਰੀਦ ਏਜੰਸੀਆਂ ਅਤੇ ਮੁੱਖ ਮੰਡੀਆਂ ਦੇ ਆੜ੍ਹਤੀਆਂ ਨੇ ਰਲ ਕੇ ਕਿਸਾਨਾਂ ਦੀ ਹੱਕ-ਸੱਚ ਦੀ ਕਮਾਈ ਨਾਲ ਹੱਥ ਰੰਗ ਲਏ ਹਨ। ਸੋ ਸਰਕਾਰ ਨੂੰ ਇਸ ਮਾਮਲੇ ਦੀ ਵੱਡੀ ਪੱਧਰ ’ਤੇ ਜਾਂਚ ਕਰਕੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ। ਇਸ ਲਈ ਕਿਸਾਨਾਂ ਨੂੰ 225/- ਰੁਪਏ ਕੁਇੰਟਲ ਦਾ ਮੁਆਵਜਾ ਦੇ ਕੇ ਉਨ੍ਹਾਂ ਨੂੰ ਇਸ ਸਾਲ ਝਾੜ ਘੱਟ ਨਿਕਲਣ ਕਾਰਨ ਜੋ ਨੁਕਸਾਨ ਹੋਇਆ ਹੈ, ਤੋਂ ਕੁਝ ਰਾਹਤ ਮਿਲੇਗੀ ਅਤੇ ਖੁਦਕੁਸ਼ੀਆਂ ਕਰਨ ਤੋਂ ਬਚ ਸਕਣਗੇ।