ਪੰਜਾਬ ਸਰਕਾਰ ਵੱਲੋਂ ਭੇਜੀ ਟੀਮ ਨੇ ਰਾਹਤ ਸੱਮਗਰੀ ਵੰਡਣ ’ਚ ਲਿਆਂਦੀ ਤੇਜ਼ੀ
ਜਲੰਧਰ/ਚੰਡੀਗੜ੍ਹ, 3 ਮਈ- ਨੇਪਾਲ ਵਿਚ ਆਏ ਭਿਆਨਕ ਭੁਚਾਲ ਤੋਂ ਪੀੜਤ ਲੋਕਾਂ ਦੇ ਜਖਮਾਂ ਉੱਤੇ ਮੱਲ੍ਹਮ ਲਾਉਂਦੇ ਹੋਏ ਪੰਜਾਬ ਸਰਕਾਰ ਵਲੋਂ ਰਾਹਤ ਕਾਰਜਾਂ ਦੀ ਨਿਗਰਾਨੀ ਲਈ ਭੇਜੀ ਗਈ ਟੀਮ ਨੇ ਰਾਹਤ ਸੱਮਗਰੀ ਵੰਡਣ ਦੇ ਕੰਮ ਵਿਚ ਤੇਜ਼ੀ ਲਿਆਂਦੀ ਹੈ ਅਤੇ ਇਸ ਤੋਂ ਇਲਾਵਾ ਕਾਠਮੰਡੂ ਅਤੇ ਇਸਦੇ ਨੇੜਲੇ ਪਿੰਡਾਂ ਵਰਗੇ ਸੱਭ ਤੋਂ ਪ੍ਰਭਾਵਿਤ ਖੇਤਰਾਂ ਵਿਚ 24 ਘੰਟੇ ਲੰਗਰ ਦੀ ਸੁਵਿਧਾ ਮੁਹੱਇਆ ਕਰਵਾਈ ਹੈ। ਨੇਪਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਸ੍ਰੀ ਦਿਲਰਾਜ ਸਿੰਘ ਆਈ ਏ ਐਸ, ਨੌਨਿਹਾਲ ਸਿੰਘ ਆਈ ਪੀ ਐਸ, ਐਸ ਜੀ ਪੀ ਸੀ ਦੇ ਸਾਬਕਾ ਸਕੱਤਰ ਦਲਮੇਘ ਸਿੰਘ ਅਤੇ ਬਾਬਾ ਮੋਹਣ ਸਿੰਘ ਪਿਹੋਵੇ ਵਾਲਿਆਂ ਨੇ ਦਰਦ ਨਾਲ ਪੀੜਤ ਲੋਕਾਈ ਦੀ ਸੇਵਾ ਕਰਨ ਦੇ ਇਸ ਕੰਮ ਦਾ ਬੀੜਾ ਚੁੱਕਿਆ ਹੈ ਅਤੇ ਇਸ ਨੇਕ ਕੰਮ ਲਈ
ਸਥਾਨਕ ਸਿੱਖਾਂ ਅਤੇ ਹੋਰ ਵਲੰਟੀਅਰਾਂ ਦੀ ਮਦਦ ਵੀ ਲਈ ਹੈ। ਗੁਰਦੁਆਰਾ ਗੁਰੂ ਨਾਨਕ ਸਤਸੰਗ, ਕੁਪਾਨਡੋਲ, ਲਲਿਤਪੁਰ ਵਿਖੇ ਅਪ੍ਰੈਲ 30 ਤੋਂ ਹਰ ਰੋਜ ਔਸਤਨ 5000 ਭੁਚਾਲ ਪੀੜਤਾਂ ਨੂੰ ਲੰਗਰ ਛਕਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪੀੜਤਾਂ ਨੂੰ ਦਵਾਈਆਂ, ਕੰਬਲ, ਤਰਪਾਲ ਅਤੇ ਬੱਚਿਆਂ ਨੂੰ ਦੁੱਧ ਮੁਹੱਈਆ ਕਰਵਾਇਆ ਜਾ ਰਿਹਾ ਹੈ। ਰਾਹਤ ਟੀਮ ਵਲੋਂ ਹਰੀ ਸਾਧ ਵਿਖੇ ਰਾਸ਼ਨ ਦੀ ਵੰਡ ਕਰਨ ਤੋਂ ਇਲਾਵਾ 3000 ਲੋਕਾਂ ਨੂੰ ਲੰਗਰ ਵੀ ਛਕਾਇਆ ਗਿਆ ਹੈ।
ਇਥੇ ਇਹ ਦੱਸਣਾ ਬਣਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ 30 ਅਪਰੈਲ ਨੂੰ ਚੰਡੀਗੜ੍ਹ ਹਵਾਈ ਅੱਡੇ ਤੋਂ ਨੇਪਾਲ ਦੇ ਭੂਚਾਲ ਪੀੜਤਾਂ ਲਈ ਰਾਹਤ ਸੱਮਗਰੀ ਦੀ ਪਹਿਲੀ ਖੇਪ ਰਵਾਨਾ ਕੀਤੀ ਸੀ। ਰਾਹਤ ਸੱਮਗਰੀ ਵਿਚ 65 ਕੁਇੰਟਲ ਚੌਲ, 20 ਕੁਇੰਟਲ ਦਾਲਾਂ, 40 ਕੁਇੰਟਲ ਰਿਫਾਇਨਡ ਤੇਲ, 15 ਕੁਇੰਟਲ ਪਿਆਜ, 2 ਕੁਇੰਟਲ ਅਦਰਕ, 6 ਕੁਇੰਟਲ ਲੂਣ, ਹਲਦੀ, ਗਰਮ ਮਸਾਲਾ ਤੇ ਮਿਰਚ ਮਸਾਲਾ (ਤਿੰਨੋਂ 75-75 ਕਿਲੋ), 3 ਕੁਇੰਟਲ ਜ਼ੀਰਾ, 15 ਕੁਇੰਟਲ ਚੀਨੀ, 1.5 ਕੁਇੰਟਲ ਚਾਹ ਅਤੇ 50 ਕੁਇੰਟਲ ਦੁੱਧ ਦਾ ਪਾਊਡਰ ਸ਼ਾਮਲ ਹਨ। ਇਸੇ ਤਰ੍ਹਾਂ ਹੀ ਰਾਹਤ ਸੱਮਗਰੀ ਲਿਜਾਣ ਵਾਲੇ ਜਹਾਜ਼ ਵਿਚ 1000 ਕੰਬਲ, 5000 ਸ਼ਾਲ, 200 ਪਲਾਸਟਿਕ ਕਵਰ ਅਤੇ ਬੱਚਿਆਂ ਲਈ 500 ਕਿਲੋ ਦੁੱਧ ਵੀ ਭੇਜਿਆ ਗਿਆ ਸੀ। ਪੰਜਾਬ ਸਰਕਾਰ ਵਲੋਂ ਨੇਪਾਲ ਲਈ ਲੋੜ ਪੈਣ ਉੱਤੇ ਹੋਰ ਮਾਤਰਾ ਵਿਚ ਰਾਹਤ ਸੱਮਗਰੀ ਵੀ ਭੇਜੀ ਜਾਵੇਗੀ।