ਨਵੀਂ ਦਿੱਲੀ, 3 ਮਈ (ਮਨਪ੍ਰੀਤ ਸਿੰਘ ਖਾਲਸਾ)- ਅਮਰੀਕਾ ਦੇ ਕੌਮਾਂਤਰੀ ਧਾਰਮਿਕ ਆਜ਼ਾਦੀ ਕਮਿਸ਼ਨ ਨੇ ਭਾਰਤ ਦੀ ਭਾਜਪਾ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਹਿੰਦੁਸਤਾਨ ਵਿਚ ਘੱਟ ਗਿਣਤੀਆਂ ਨੂੰ ਘਰ ਵਾਪਸੀ ਅਤੇ ਈਸਾਈਆਂ ਵਿਰੁੱਧ ਹਿੰਸਾ ਵਰਗੀਆਂ ਗੱਲਾਂ ਨੂੰ ਲੈ ਕੇ ਕਮਿਸ਼ਨ ਨੇ ਸਰਕਾਰ ਨੂੰ ਜੰਮ ਕੇ ਭੰਡਿਆ ਹੈ। 2015 ਲਈ ਕਮਿਸ਼ਨ ਦੀ ਰਿਪੋਰਟ ਵੀਰਵਾਰ ਨੂੰ ਜਾਰੀ ਕੀਤੀ ਗਈ ਹੈ। ਮੀਡੀਆ ਵਿਚ ਅਜ ਜ਼ਾਰੀ ਹੋਈ ਖਬਰ ਅਨੁਸਾਰ ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ 2014 ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਭਾਜਪਾ ਨੇਤਾਵਾਂ ਨੇ ਧਾਰਮਿਕ ਘੱਟ ਗਿਣਤੀਆਂ ਉੱਤੇ ਅਸ਼ਲੀਲ ਟਿੱਪਣੀਆਂ ਕੀਤੀਆਂ ਹਨ ਅਤੇ ਹਿੰਦੂ ਰਾਸ਼ਟਰਵਾਦੀ ਸਮੂਹਾਂ ਨੇ ਜ਼ਬਰਨ ਧਰਮ ਪਰਿਵਰਤਨ ਅਤੇ ਹਮਲਿਆਂ ਵਰਗੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਹੈ। ਹਾਲਾਂਕਿ ਕਮਿਸ਼ਨ ਨੇ ਫਰਵਰੀ ਵਿਚ ਪ੍ਰਧਾਨ ਮੰਤਰੀ ਮੋਦੀ ਦੇ ਉਸ ਬਿਆਨ ਨੂੰ ਸਾਕਾਰਤਮਕ ਕਦਮ ਦੱਸਿਆ ਗਿਆ ਹੈ
, ਜਿਸ ਵਿਚ ਉਨ੍ਹਾਂ ਨੇ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰੱਖਿਆ ਦੀ ਗੱਲ ਕਹੀ ਸੀ। ਰਿਪੋਰਟ ਵਿਚ ਲਿਖਿਆ ਹੈ ਕਿ ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ, ਓਡੀਸ਼ਾ, ਗੁਜਰਾਤ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਰਾਜਸਥਾਨ ਵਿਚ ਸਭ ਤੋਂ ਵੱਧ ਧਾਰਮਿਕ ਹਮਲੇ ਹੋਏ ਹਨ। ਗੈਰ-ਸਰਕਾਰੀ ਸੰਸਥਾਵਾਂ ਅਤੇ ਘੱਟ ਗਿਣਤੀ ਨੇਤਾਵਾਂ ਨੇ 2014 ਦੀਆਂ ਆਮ ਚੋਣਾਂ ਵਿਚ ਧਾਰਮਿਕ ਪਾੜੋਧਾਰ ਨੂੰ ਇਸ ਦੀ ਵਜ੍ਹਾ ਦੱਸਿਆ ਹੈ। ਰਿਪੋਰਟ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਘਰ ਵਾਪਸੀ ਪ੍ਰੋਗਰਾਮ ਅਤੇ ਭਾਜਪਾ ਨੇਤਾਵਾਂ ਦੇ ਮੁਸਲਮਾਨਾਂ ਅਤੇ ਈਸਾਈਆਂ ਦੇ ਬਾਰੇ ਵਿਚ ਦਿੱਤੇ ਗਏ ਅਪਮਾਨਜਨਕ ਬਿਆਨਾਂ ਦਾ ਹਵਾਲਾ ਦਿੱਤਾ ਗਿਆ ਹੈ। ਘੱਟ ਗਿਣਤੀਆਂ ਲਈ ਭਾਰਤ ਦੀਆਂ ਸਥਿਤੀਆਂ ਦੇ ਆਧਾਰ ਉੱਤੇ ਕਮਿਸ਼ਨ ਨੇ ਭਾਰਤ ਨੂੰ ਦੇਸ਼ ਦੀ ਹੇਠਲੀ ਸੂਚੀ ਵਿਚ ਰੱਖਿਆ ਹੈ। ਭਾਰਤ ਵਿਚ 2009 ਤੋਂ ਇਸ ਸੂਚੀ ਵਿਚ ਬਣਿਆ ਹੋਇਆ ਹੈ।