ਸਰਕਾਰ ਵੱਲੋਂ ਮੁਆਵਜ਼ਾ ਅਤੇ ਨੌਕਰੀ ਲੈਣ ਲਈ ਸਹਿਮਤੀ
ਮੋਗਾ, 3 ਮਈ (ਪੀ. ਟੀ. ਲਾਇਵ)- ਮੋਗਾ ਬੱਸ ਹਾਦਸੇ ਸਬੰਧੀ ਸਿਵਲ ਹਸਪਤਾਲ ਮੋਗਾ ਵਿਖੇ ਪਿਛਲੇ ਲਗਭੱਗ ਚਾਰ ਦਿਨਾਂ ਤੋਂ ਚੱਲ ਰਹੇ ਵਿਵਾਦ ਨੂੰ ਅੱਜ ਸਿਵਲ/ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ, ਸਹਿਯੋਗੀ ਨੁਮਾਇੰਦਿਆਂ ਦੇ ਆਧਾਰਿਤ ਕਮੇਟੀ ਦੀ ਸੂਝ-ਬੂਝ ਅਤੇ ਪਰਿਵਾਰਕ ਮੈਂਬਰਾਂ ਦੇ ਬਦਲੇ ਰੁਖ ਕਾਰਨ ਸੁਲਝਾ ਲਿਆ ਗਿਆ ਹੈ।ਪਰਿਵਾਰ ਹੁਣ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਖਿਲਾਫ ਕੇਸ ਦਰਜ ਕਰਾਉਣ ਤੋਂ ਪਿੱਛੇ ਹੱਟ ਗਿਆ ਹੈ। ਪ੍ਰਸ਼ਾਸਨ ਨਾਲ ਸਮਝੌਤੇ ਪਿੱਛੋਂ ਮ੍ਰਿਤਕ ਕੁੜੀ ਦੇ ਪੋਸਟਮਾਰਟਮ ਅਤੇ ਸੰਸਕਾਰ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਮਝੌਤੇ ਮੁਤਾਬਿਕ ਪਰਿਵਾਰ ਨੂੰ 30 ਲੱਖ ਤੋਂ ਵਧ ਮੁਆਵਜ਼ਾ ਅਤੇ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਸਿਵਲ ਹਸਪਤਾਲ ਵਿੱਚ ਸਮਝੌਤਾ ਵਾਰਤਾ ਸਮੇਂ ਮ੍ਰਿਤਕ ਲੜਕੀ ਦਾ ਪਤੀ, ਰਿਸ਼ਤੇਦਾਰ ਅਤੇ ਪੰਜਾਬ ਸਰਕਾਰ ਦੇ
ਸੀਨੀਅਰ ਅਧਿਕਾਰੀ ਹਾਜ਼ਿਰ ਸਨ। ਇਸ ਮੌਕੇ ’ਤੇ ਏ.ਡੀ.ਜੀ.ਪੀ ਸ੍ਰੀ ਆਈ.ਪੀ.ਐਸ ਸਹੋਤਾ, ਆਈ.ਜੀ. (ਐਨ. ਆਰ. ਆਈ) ਸ੍ਰੀਮਤੀ ਗੁਰਪ੍ਰੀਤ ਦਿਓ, ਆਈ.ਜੀ. ਬਠਿੰਡਾ ਰੇਂਜ ਸ੍ਰੀ ਪਰਮਰਾਜ ਸਿੰਘ ਉਮਰਾਨੰਗਲ, ਡਿਪਟੀ ਕਮਿਸ਼ਨਰ ਮੋਗਾ ਸ. ਪਰਮਿੰਦਰ ਸਿੰਘ ਗਿੱਲ, ਐਸ.ਐਸ.ਪੀ ਮੋਗਾ ਸ. ਜਤਿੰਦਰ ਸਿੰਘ ਖਹਿਰਾ, ਐਸ.ਐਸ.ਪੀ ਫ਼ਿਰੋਜ਼ਪੁਰ ਸ. ਹਰਦਿਆਲ ਸਿੰਘ ਮਾਨ ਮੌਜੂਦ ਸਨ।
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ. ਪਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪ੍ਰੀਵਾਰਕ ਮੈਂਬਰਾਂ ਦੀ ਸਹਿਮਤੀ ਅਤੇ ਤਸੱਲੀ ਨਾਲ ਹੀ ਇਸ ਮਸਲੇ ਦਾ ਹੱਲ ਹੋਇਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਮੇਸ਼ਾ ਪ੍ਰੀਵਾਰ ਦੇ ਨਾਲ ਖੜਾ ਹੈ ਅਤੇ ਉਨ੍ਹਾਂ ਦੀ ਹਰ ਮੁਸ਼ਕਲ ’ਚ ਹਰ ਸੰਭਵ ਸਹਾਇਤਾ ਲਈ ਤਤਪਰ ਰਹੇਗਾ।ਉਨ੍ਹਾਂ ਦੱਸਿਆ ਕਿ ਪੀੜ?ਤ ਪ੍ਰੀਵਾਰ ਨੂੰ ਬੱਚੇ ਦੀ ਪੜ੍ਹਾਈ ਲਈ 4 ਲੱਖ ਰੁਪਏ ਸਮੇਤ 24 ਲੱਖ ਰੁਪਏ ਦੀ ਮਾਲੀ ਸਹਾਇਤਾ ਪ੍ਰਦਾਨ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਅਨੁਸੂਚਿਤ ਜਾਤੀ ਰਾਸ਼ਟਰੀ ਕਮਿਸ਼ਨ ਦੀ ਤਰਫ਼ੋਂ ਵੀ ਪ੍ਰੀਵਾਰ ਨੂੰ 6 ਲੱਖ ਰੁਪਏ ਮੁਆਵਜ਼ਾ ਦਿਵਾਇਆ ਜਾਵੇਗਾ ਅਤੇ ਪ੍ਰੀਵਾਰ ਦੇ ਇੱਕ ਮੈਂਬਰ ਨੂੰ ਕਿਸੇ ਬੋਰਡ/ਕਾਰਪੋਰੇਸ਼ਨ ’ਚ ਦਰਜਾ ਚਾਰ ਦੀ ਨੌਕਰੀ ਲਈ ਯੋਗ ਸਿਫ਼ਾਰਸ ਕੀਤੀ ਜਾਵੇਗੀ।
ਸੀਨੀਅਰ ਪੁਲਿਸ ਕਪਤਾਨ ਮੋਗਾ ਸ. ਜਤਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਇਸ ਕੇਸ ਦੇ ਪੀੜਤ ਪਰਿਵਾਰ ਦੀ ਇੱਛਾ ਅਨੁਸਾਰ ਪਰਿਵਾਰਕ ਮੈਂਬਰਾਂ ਨੂੰ ਇਸ ਹਾਦਸੇ ਦੇ ਦੋਸ਼ੀਆਂ ਦੀ ਸ਼ਨਾਖਤ ਕਰਵਾਈ ਗਈ, ਜਿਸ ’ਤੇ ਉਨ੍ਹਾਂ ਦੋਸ਼ੀਆਂ ਦੀ ਸਹੀ ਪਛਾਣ ਕਰਕੇ ਤਸੱਲੀ ਦਾ ਪ੍ਰਗਟਾਵਾ ਕੀਤਾ।ਉਨ੍ਹਾਂ ਦੱਸਿਆ ਕਿ ਭਾਵੇਂ ਕੁੱਝ ਲੋਕ ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਗੁੰਮਰਾਹ ਕਰ ਰਹੇ ਸਨ, ਪਰੰਤੂ ਸਿਵਲ/ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਅਤੇ ਸਹਿਯੋਗੀ ਨੁਮਾਇੰਦਿਆਂ ਵੱਲੋਂ ਬਹੁਤ ਹੀ ਪਾਰਦਰਸ਼ੀ ਢੰਗ ਨਾਲ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਇਸ ਨੂੰ ਹੱਲ ਕਰਨ ’ਚ ਸਫ਼ਲਤਾ ਪ੍ਰਾਪਤ ਕੀਤੀ ਹੈ।
ਬਾਅਦ ਵਿੱਚ ਇਸ ਹਾਦਸੇ ’ਚ ਮ੍ਰਿਤਕ ਲੜਕੀ ਦੇ ਪਿਤਾ ਸੁਖਦੇਵ ਸਿੰਘ ਵਾਸੀ ਲੰਢੇ ਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਬਿਨਾ ਕਿਸੇ ਸਿਆਸੀ ਜਾਂ ਪ੍ਰਾਸ਼ਸਨਿਕ ਦਬਾਅ ਦੇ ਇਸ ਮਾਮਲੇ ਨੂੰ ਨਜਿੱਠਣ ਲਈ ਸਹਿਮਤੀ ਪ੍ਰਗਟਾਈ ਹੈ।ਉਸ ਨੇ ਆਪਣੀ ਬੇਟੀ ਦੇ ਸੰਸਕਾਰ ਦਾ ਵਾਸਤਾ ਪਾਉਂਦਿਆਂ ਕਿਹਾ ਕਿ ਉਸ ਨੇ ਆਪਣੀ ਧੀ ਤਾਂ ਗੁਆ ਲਈ ਹੈ, ਪ੍ਰੰਤੂ ਉਹ ਹਸਪਤਾਲ ’ਚ ਜ਼ੇਰੇ ਇਲਾਜ ਆਪਣੀ ਪਤਨੀ ਸ਼ਿੰਦਰ ਕੌਰ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕਰਦਾ ਹੈ ਅਤੇ ਆਮ ਇਨਸਾਨ ਦੀ ਤਰ੍ਹਾਂ ਜ਼ਿੰਦਗੀ ਜਿਊਣ ਦਾ ਚਾਹਵਾਨ ਹੈ।ਉਸ ਨੇ ਕਿਹਾ ਕਿ ਪਰਿਵਾਰ ਨੂੰ ਜੋ ਵੀ ਆਰਥਿਕ ਮੱਦਦ ਮਿਲੀ ਹੈ, ਉਹ ਉਸ ’ਤੇ ਸਤੁੰਸ਼ਟ ਹੈ ਅਤੇ ਉਸ ਨੇ ਸੰਘਰਸ਼ ਖਤਮ ਕਰਨ ਦੀ ਅਪੀਲ ਕੀਤੀ।ਇਸ ਸਮਝੌਤੇ ਪਿੱਛੋਂ ਅੰਦੋਲਨ ਚਲਾ ਰਹੀਆਂ ਕਾਂਗਰਸ, ਆਪ ਅਤੇ ਹੋਰ ਵਿਰੋਧੀ ਧਿਰਾਂ ਲਈ ਕਸੂਤੀ ਸਥਿਤੀ ਪੈਦਾ ਹੋ ਗਈ ਹੈ। ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਉੱਪਰ ਸਿਆਸਤ ਕਰਨ ਦਾ ਦੋਸ਼ ਲਾਇਆ ਹੈ।
ਇੱਥੇ ਜ਼ਿਕਰਯੋਗ ਹੈ ਕਿ ਮੋਗਾ ‘ਚ ਚੱਲਦੀ ਹੋਈ ਬੱਸ ‘ਚ ਛੇੜਖਾਨੀ ਤੋਂ ਬਾਅਦ ਧੱਕਾ ਮਾਰ ਕੇ ਸੁੱਟੀਆਂ ਮਾਵਾਂ-ਧੀਆਂ ‘ਚੋਂ ਧੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਮਾਂ ਹਸਪਤਾਲ ‘ਚ ਜੇਰੇ ਇਲਾਜ ਹੈ ਅਤੇ ਇਸ ਘਟਨਾ ਕਾਰਨ ਹਰ ਸਿਆਸੀ ਪਾਰਟੀ ਆਪਣੇ-ਆਪਣੇ ਤਰੀਕੇ ਨਾਲ ਇਸ ਮਾਮਲੇ ਨੂੰ ਚੁੱਕ ਰਹੀ ਹੈ।
ਇਸ ਸਭ ਤੋਂ ਦੁਖੀ ਹੋਏ ਮ੍ਰਿਤਕਾ ਦੇ ਪਿਤਾ ਸੁਖਦੇਵ ਸਿੰਘ ਨੇ ਅੱਜ ਅਹਿਮ ਫੈਸਲਾ ਲੈਂਦਿਆ ਕਿਹਾ ਹੈ ਕਿ ਉਹ ਪ੍ਰਸ਼ਾਸਨ ਨਾਲ ਸਮਝੌਤਾ ਕਰਨ ਲਈ ਤਿਆਰ ਹੈ ਅਤੇ ਉਹ ਆਪਣੀ ਮ੍ਰਿਤਕ ਕੁੜੀ ਦਾ ਅੰਤਿਮ ਸੰਸਕਾਰ ਕਰਨਾ ਚਾਹੁੰਦਾ ਹੈ ਅਤੇ ਇਕ ਆਮ ਜ਼ਿੰਦਗੀ ਜਿਊਣਾ ਚਾਹੁੰਦਾ ਹੈ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮ੍ਰਿਤਕਾ ਦੇ ਪਿਤਾ ਨੇ ਬਾਦਲ ਸਰਕਾਰ ਦੇ ਖਿਲਾਫ ਸ਼ਿਕਾਇਤ ਦਰਜ ਕਰਾਉਣ ਦੀ ਮੰਗ ਕੀਤੀ ਸੀ।
ਪੀੜਤਾ ਦੇ ਪਿਤਾ ਨੇ ਸਾਫ ਕਿਹਾ ਸੀ ਕਿ ਜਦੋਂ ਤੱਕ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਮਾਮਲਾ ਦਰਜ ਨਹੀਂ ਹੋਵੇਗਾ, ਉਸ ਸਮੇਂ ਤੱਕ ਉਹ ਆਪਣੀ ਬੇਟੀ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ।
ਦੂਜੇ ਪਾਸੇ ਮੌਜੂਦ ਸੰਗਠਨਾਂ ਦਾ ਮੰਨਣਾ ਹੈ ਕਿ ਪੀੜਤ ਪਰਿਵਾਰ ‘ਤੇ ਪ੍ਰਸ਼ਾਸਨ ਵਲੋਂ ਦਬਾਅ ਪਾਇਆ ਜਾ ਰਿਹਾ ਹੈ, ਜਿਸ ਕਾਰਨ ਉਨਾਂ ਨੇ ਪ੍ਰਸ਼ਾਸਨ ਨਾਲ ਸਮਝੌਤਾ ਕਰ ਲਿਆ ਹੈ। ਮ੍ਰਿਤਕ ਕੁੜੀ ਦੀ ਲਾਸ਼ ਨੂੰ ਫਰੀਦਕੋਟ ਮੈਡੀਕਲ ਕਾਲਜ ਪੋਸਟ ਮਾਰਟਮ ਲਿਜਾਇਆ ਹੈ। ਦੂਜੇ ਪਾਸੇ ਮ੍ਰਿਤਕ ਕੁੜੀ ਦੇ ਪਿਤਾ ਉਸ ਦੇ ਭਰਾ ਅਤੇ ਹੋਰ ਰਿਸ਼ਤੇਦਾਰਾਂ ਨੂੰ ਸਖਤ ਸੁਰੱਖਿਆ ਵਿਵਸਥਾ ਅਧੀਨ ਫਰੀਦਕੋਟ ਮੈਡੀਕਲ ਕਾਲਜ ਲਿਜਾਇਆ ਜਾ ਰਿਹਾ ਹੈ। ਮੈਡੀਕਲ ਕਾਲਜ ’ਚ ਲਾਸ਼ ਦਾ ਪੋਸਟ ਮਾਰਟਮ ਡਾਕਟਰਾਂ ਦੇ ਇਕ ਸਪੈਸ਼ਲ ਪੈਨਲ ਵੱਲੋਂ ਕੀਤਾ ਗਿਆ।