ਬਠਿੰਡਾ, 3 ਮਈ (ਇੰਦਰਜੀਤ ਨਥਾਣਾ)- ਫੂਲ ਵਿਖੇ ਅੱਜ ਦਿਹਾਤੀ ਵਿਕਾਸ ਅਤੇ ਪੰਚਾਇਤ ਮੰਤਰੀ ਸ: ਸਿੰਕਦਰ ਸਿੰਘ ਮਲੂਕਾ ਨੇ ਫੂਲ ਬਲਾਕ ਦੇ ਨਵੀਨੀਕਰਨ ਕੀਤੇ ਦਫ਼ਤਰ ਦਾ ਉਦਘਾਟਨ ਕੀਤਾ।ਇਸ ਮੌਕੇ ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਸਾਰੀਆਂ ਬੁਨਿਆਦੀ ਸਹੁਲਤਾਂ ਉਪਲਬੱਧ ਕਰਵਾਈਆਂ ਜਾਣਗੀਆਂ। ਉਨ੍ਹਾਂ ਪਿੰਡਾਂ ਦੇ ਪੰਚਾਂ ਸਰਪੰਚਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਸਰਕਾਰ ਵੱਲੋਂ ਜਾਰੀ ਗ੍ਰਾਂਟਾਂ ਸਹੀ ਤਰੀਕੇ ਨਾਲ ਪਿੰਡਾਂ ਦੇ ਵਿਕਾਸ ਲਈ ਵਰਤੀਆਂ ਜਾਣ। 23 ਪੰਚਾਇਤਾਂ ਨਾਲ ਸਬੰਧਤ ਇਸ ਬਲਾਕ ਦਫ਼ਤਰ ਦੇ ਨਵੀਨੀਕਰਨ ਤੇ 60 ਲੱਖ ਰੁਪਏ ਖਰਚੇ ਗਏ ਹਨ ਇੱਥੇ ਫਰਨੀਚਰ ਸਮੇਤ ਹੋਰ ਸੁਵਿਧਾਵਾਂ ਦਾ ਵਾਧਾ ਕੀਤਾ
ਗਿਆ ਹੈ। ਬਲਾਕ ਦਫ਼ਤਰ ਨਾਭਾ ਰਿਆਸਤ ਦੇ ਪੁਰਾਣੇ ਕਿਲੇ ਵਿਚ ਹੈ ਅਤੇ ਇਸ ਦੇ ਕਈ ਕਮਰੇ ਖਸਤਾਹਾਲ ਸਨ ਜਿੰਨ੍ਹਾਂ ਨੂੰ ਹੁਣ ਠੀਕ ਕੀਤਾ ਗਿਆ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ੍ਰੀ ਰਜਿੰਦਰ ਬੱਤਰਾ, ਬੀ.ਡੀ.ਪੀ.ਓ. ਸਿਮ ਨਿਰੂ ਆਦਿ ਵੀ ਹਾਜਰ ਸਨ।