ਬਠਿੰਡਾ, 28 ਅਪ੍ਰੈਲ (ਅਮਰਜੀਤ ਸਿੰਘ ਸਿੱਧੂ)- ਪੰਜਾਬ ਸਰਕਾਰ ਨੇ ¦ਘੀਆਂ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਢਾਈ ਏਕੜ ਅਤੇ ਪੰਜ ਏਕੜ ਦੀ ਮਾਲਕੀ ਵਾਲੇ ਛੋਟੇ ਕਿਸਾਨਾਂ ਨੂੰ ਆਪਣੇ ਖਰਚੇ ਉੱਪਰ ਨਵੇਂ ਟਿਊਬਵੈਲ ਕੁਨੈਕਸ਼ਨ ਜਾਰੀ ਕਰਨ ਦੀ ਸਕੀਮ ਸ਼ੁਰੂ ਕੀਤੀ ਸੀ। ਇਸ ਤਰਾਂ ਸਰਕਾਰ ਨੇ ਸੂਬੇ ਅੰਦਰ ਇਸ ਵਰਗ ਦੇ ਕਿਸਾਨਾਂ ਨੂੰ ਇੱਕ ਲੱਖ ਨਵੇਂ ਖੇਤੀ ਕੁਨੈਕਸ਼ਨ ਜਾਰੀ ਕਰਨ ਦਾ ਟੀਚਾ ਮਿੱਥਿਆ ਸੀ। ਭਾਂਵੇ ਇਸ ਸਕੀਮ ਦਾ ਅੰਦਰਲਾ ਮਨੋਰਥ ਚੋਣਾਂ ਦੋਰਾਨ ਸਿਆਸੀ ਲਾਹਾ ਪ੍ਰਾਪਤ ਕਰਨਾ ਸੀ। ਲੇਕਿਨ ਫਿਰ ਵੀ ਜਰੂਰਤਮੰਦ ਕਿਸਾਨਾਂ ਨੇ ਮਹਿੰਗੇ ਵਿਆਜ ਉੱਪਰ ਕਰਜੇ ਚੁੱਕ ਕੇ ਇਹ ਅੱਕ ਚੱਬਿਆ ਹੈ। ਬਹੁਤਿਆਂ ਨੇ ਤਾਂ ਘਰਾਂ ਦਾ ਟੂਮ ਛੱਲਾ ਵੀ ਵੇਚ ਕੇ ਰਕਮ ਪਾਵਰਕਾਮ ਦੇ ਦਫਤਰਾਂ ਅੰਦਰ ਜਮਾਂ ਕਰਵਾ ਦਿੱਤੀ ਹੈ। ਚੋਣਾਂ ਤੋਂ ਐਨ ਪਹਿਲਾਂ ਸਤਾਧਾਰੀ ਲੋਕਾਂ ਨੇ ਸਬੰਧਤ ਕਿਸਾਨਾਂ ਨੂੰ ਥਾਂ-ਥਾਂ ਇੱਕਠ ਕਰਕੇ ਡਿਮਾਂਡ ਨੋਟਿਸ ਵੀ ਵੰਡੇ। ਇਹ ਕੰਮ ਬਠਿੰਡਾ ਲੋਕ ਸਭਾ ਹਲਕੇ ਅੰਦਰ ਪੂਰੇ ਜ਼ੋਰ ਸ਼ੋਰ ਨਾਲ
ਕੀਤਾ ਗਿਆ, ਕਿਉਂ ਕਿ ਇਥੋ ਬਾਦਲ ਪਰਿਵਾਰ ਦੀ ਨੂੰਹ ਬੀਬੀ ਹਰਸਿਮਰਤ ਕੌਰ ਬਾਦਲ ਨੇ ਖੁਦ ਵੀ ਆਪਣੇ ਹਲਕੇ ਅੰਦਰ ਕਿਸਾਨਾਂ ਕੋਲ ਜਾਕੇ ਅਜਿਹੇ ਡਿਮਾਂਡ ਨੋਟਿਸ ਆਪਣੇ ਹੱਥੀਂ ਤਕਸੀਮ ਕੀਤੇ ਅਤੇ ਵਾਹ-ਵਾਹ ਵੀ ਖੱਟੀ , ਪਰ ਉਹ ਸਮਾਂ ਕਿਸਾਨਾਂ ਲਈ ਨਵੀਂ ਮੁਸੀਬਤ ਲੈ ਕੇ ਆਇਆ ਜਦੋਂ ਇੱਕ ਸਮਾਜਸੇਵੀ ਸੰਸਥਾ ਨੇ ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੋਣ ਤੋਂ ਰੋਕਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਨਹਿੱਤ ਪੁਟੀਸ਼ਨ ਦਾਖਲ ਕਰ ਦਿੱਤੀ । ਮਾਮਲਾ ਅਦਾਲਤ ‘ਚ ਪਹੁੰਚ ਜਾਣ ਕਰਕੇ ਵਿਭਾਗ ਨੇ ਕਿਸੇ ਫੈਸਲੇ ਤੱਕ ਨਵੇਂ ਕੁਨੈਕਸ਼ਨ ਜਾਰੀ ਕਰਨ ਉੱਪਰ ਰੋਕ ਲਗਾ ਦਿੱਤੀ ਹੈ। ਇਸ ਤਰਾਂ ਹੋਣ ਨਾਲ ਜਿੱਥੇ ਨਵੇਂ ਖੇਤੀ ਕੁਨੈਕਸ਼ਨ ਲੈਣ ਵਾਲੇ ਕਿਸਾਨਾਂ ਦੀ ਉਡੀਕ ਹੋਰ ¦ਬੀ ਹੋ ਗਈ ਹੈ ,ਉੱਥੇ ਇਸ ਮੰਤਵ ਲਈ ਵਿਆਜ ਉੱਪਰ ਚੁੱਕੀਆਂ ਰਕਮਾਂ ਵੀ ਵਧ ਰਹੀਆਂ ਹਨ। ਜਦੋ ਕਿ ਪਾਵਰਕਾਮ ਇਸ ਰਾਸ਼ੀ ਨਾਲ ਮਾਲੋਮਾਲ ਹੋ ਗਿਆ ਹੈ ਅਤੇ ਇਸ ਭਾਰੀ ਰਕਮ ਉੱਪਰ ਵਿਆਜ ਵੱਖਰਾ ਮਿਲਣ ਲੱਗਾ ਹੇ। ਪ੍ਰਭਾਵਤ ਕਿਸਾਨ ਜਸਵੀਰ ਸਿੰਘ ਨੇ ਦੱਸਿਆ ਕਿ ਇਸ ਸਕੀਮ ਅਧੀਨ ਸਿੰਗਲ ਪੋਲ ਲਈ 60,000 ਅਤੇ ਇਸ ਤੋਂ ਅੱਗੇ ਲਾਈਨ ਦੀ ਹੋਰ ¦ਬਾਈ ਦੇ ਹਿਸਾਬ ਨਾਲ ਖਰਚੇ ਦੀ ਰਕਮ ਜੋ ਆਮ ਹਾਲਤਾਂ ਵਿੱਚ ਲੱਖਾਂ ਵਿੱਚ ਬਣੀ, ਕਿਸਾਨਾਂ ਨੇ ਪਾਵਰਕਾਮ ਕੋਲ ਜਮਾਂ ਕਰਵਾਈ ਨੂੰ ਇੱਕ ਸਾਲ ਦਾ ਅਰਸਾ ਹੋ ਗਿਆ ਹੈ। ਹੁਣ ਇਸ ਮਾਮਲੇ ਦੀ ਅਗਲੀ ਪੇਸ਼ੀ 1 ਮਈ ਹੈ। ਉਸ ਅਨੁਸਾਰ ਜੇਕਰ ਇਸ ਕੇਸ ਦਾ ਨਿਪਟਾਰਾ ਹੋਰ ਲਟਕ ਜਾਂਦਾ ਹੈ ਤਾਂ ਸਬੰਧਤ ਕਿਸਾਨਾਂ ਨੂੰ ਹੋਰ ਰਗੜਾ ਲਗਦਾ ਰਹੇਗਾ। ਪ੍ਰਭਾਵਤ ਕਿਸਾਨਾਂ ਦੀ ਮੰਗ ਹੈ ਕਿ ਪਾਵਰਕਾਮ ਜਮਾਂ ਰਕਮ ਦਾ ਵਿਆਜ ਕਿਸਾਨਾਂ ਨੂੰ ਹਰ ਮਹੀਨੇ ਵਾਪਸ ਕਰੇ ਕਿਉਂ ਕਿ ਡਿਮਾਂਡ ਨੋਟਿਸ ਦੇਣ ਸਮੇਂ ਕੁੱਝ ਹੀ ਸਮੇਂ ਅੰਦਰ ਕੁਨੈਕਸ਼ਨ ਦਿੱਤੇ ਜਾਣ ਦਾ ਵਾਅਦਾ ਕੀਤਾ ਗਿਆ ਸੀ। ਇਸ ਵਾਅਦੇ ਉੱਪਰ ਵਿਸ਼ਵਾਸ਼ ਕਰਕੇ ਹੀ ਛੋਟੇ ਕਿਸਾਨਾਂ ਨੇ ਲੱਖਾਂ ਰੁਪਏ ਦੀ ਲਾਗਤ ਨਾਲ ਆਪਣੇ ਖੇਤਾਂ ਵਿੱਚ ਨਵੇਂ ਬੋਰ ਕੀਤੇ ਸਨ, ਜੋ ਹੁਣ ਬੇਕਾਰ ਖੜੇ ਹਨ। ਉੱਪਰੋਂ ਸਾਉਣੀ ਦੀ ਅਗਲੀ ਫਸਲ ਦੀ ਬੀਜਾਈ ਸਿਰ ਉੱਪਰ ਆ ਗਈ ਹੈ, ਪਰ ਪਾਣੀ ਦਾ ਕੋਈ ਪ੍ਰਬੰਧ ਨਹੀ ਹੋ ਸਕਿਆ । ਇਸ ਤਰ੍ਹਾਂ ਹੋਣ ਨਾਲ ਕਿਸਾਨ ਦੋਹਰੀ ਚੱਕੀ ਵਿੱਚ ਪਿਸਣ ਲਈ ਮਜ਼ਬੂਰ ਹਨ।