ਬਰਨਾਲਾ, 27 ਅਪ੍ਰੈਲ- ਪੰਜਾਬ ਵਿੱਚ ਕਣਕ ਦੀ ਖਰੀਦ ਦੇ ਢਿੱਲੇ ਪ੍ਰਬੰਧਾਂ ਅਤੇ ਖਰੀਦ ਬਾਬਤ ਲਗਾਈਆਂ ਤਰਕਹੀਣ ਸ਼ਰਤਾਂ ਤੋਂ ਖਫਾ ਕਿਸਾਨਾਂ ਦਾ ਗੁੱਸਾ ਅੱਜ ਉਦੋਂ ਸਿਖਰ ’ਤੇ ਪੁੱਜ ਗਿਆ ਜਦੋਂ ਤਿੰਨ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ(ਉਗਰਾਹਾਂ) ਦੇ ਵਰਕਰਾਂ ਅਤੇ ਆਮ ਕਿਸਾਨਾਂ ਨੇ ਪੂਰੇ ਰੇਟ ’ਤੇ ਕਣਕ ਦੀ ਖਰੀਦ 75 ਫੀਸਦੀ ਜਾਂ ਵੱਧ ਖਰਾਬੇ ਦਾ 35000 ਰੁਪਏ ਫੀ ਏਕੜ ਦੇ ਹਿਸਾਬ ਨਾਲ, ਦਸ ਫੀਸਦੀ ਤੱਕ ਖਰਾਬੇ ਦਾ ਮੁਆਵਜਾ ਵੀ ਲੈਣ, ਸਮੁੱਚੇ ਤੌਰ ’ਤੇ ਘੱਟ ਨਿਕਲੇ ਝਾੜ ਬਦਲੇ ਪੰਜ ਸੌ ਰੁਪਏ ਪ੍ਰਤੀ ਕੁਇੰਟਲ ਦਾ ਬੋਨਸ ਲੈਣ,ਕਰਜਾ ਗ੍ਰਸਤ ਕਿਸਾਨਾਂ ਤੇ ਖੇਤ ਮਜਦੂਰਾਂ ਸਿਰ ਚੜੇ ਕਰਜਿਆਂ ਦੇ ਖਾਤਮੇ ਅਤੇ ਖੁਦਕੁਸ਼ੀ ਪੀੜਤ ਪਰਿਵਾਰਾਂ ਲਈ ਰਾਹਤ ਆਦਿ ਭਖਵੀਆਂ ਮੰਗਾਂ ਦੀ ਪੂਰਤੀ ਲਈ ਬਰਨਾਲਾ ਦੇ ਕਚਹਿਰੀ ਚੌਂਕ ਵਾਲੇ ਫਾਟਕ ਲਾਗੇ ਰੇਲ ਲਾਈਨ ‘ਤੇ ਧਰਨਾ ਲਗਾ ਕੇ ਰੇਲ ਆਵਾਜਾਈ ਪੂਰੀ ਤਰਾਂ ਠੱਪ ਕਰ ਦਿੱਤੀ ਅਤੇ ਇਹ ਇਹ
ਧਰਨਾ ਕੱਲ ਤੱਕ ਜਾਰੀ ਰੱਖਣ ਦਾ ਐਲਾਨ ਕਰਦਿਆਂ ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ,ਪ੍ਰੈਸ ਸਕੱਤਰ ਹਰਦੀਪ ਸਿੰਘ ਟੱਲੇਵਾਲ,ਜਿਲ੍ਹਾ ਬਠਿੰਡਾ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ,ਬਰਨਾਲਾ ਜਿਲ੍ਹੇ ਦੇ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ,ਮੋਗਾ ਜਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਤਰਲੋਕ ਸਿੰਘ ਹਿੰਮਤਪੁਰਾ,ਲੁਧਿਆਣਾ ਜਿਲੇ ਦੇ ਪ੍ਰਧਾਨ ਸੁਦਾਗਰ ਸਿੰਘ ਘੁਡਾਣੀ,ਫਰੀਦਕੋਟ ਦੇ ਪ੍ਰਧਾਨ ਨਛੱਤਰ ਸਿੰਘ ਰਣ ਸਿੰਘ ਵਾਲਾ,ਮੁਕਤਸਰ ਦੇ ਜਨਰਲ ਸਕੱਤਰ ਗੁਰਾਂਦਿੱਤਾ ਸਿੰਘ ਭਾਗਸਰ,ਫਾਜਿਲਕਾ ਦੇ ਪ੍ਰਧਾਨ ਸੁਖਮੰਦਰ ਸਿੰਘ ,ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ , ਬਰਨਾਲਾ ਜਿਲੇ ਦੇ ਆਗੂ ਸੁਖਦੇਵ ਸਿੰਘ ਭੋਤਨਾ ਅਤੇ ਬਲਜੀਤ ਕੌਰ ਚੁਹਾਨਕੇ ਆਦਿ ਆਗੂਆਂ ਨੇ ਇੱਕੱਤਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਮੰਡੀਆਂ ਵਿੱਚ ਹੋ ਰਹੀ ਬੇਕਦਰੀ ਲਈ ਮੁੱਖ ਤੌਰ ‘ਤੇ ਮੋਦੀ ਸਰਕਾਰ ਜਿੰਮੇਵਰ ਹੈ ਅਤੇ ਬੇਮੌਸਮੀ ਬਰਿਸ਼ ਅਤੇ ਗੜੇਮਾਰੀ ਕਾਰਨ ਬਦਰੰਗ ਹੋਈ ਕਣਕ ਦਾ ਬਹਾਨਾ ਬਣਾ ਕੇ ਰੇਟ ਵਿੱਚ ਕਟੌਤੀ ਕਰਕੇ ਕੁਦਰਤੀ ਆਫਤ ਦਾ ਸਾਰਾ ਬੋਝ ਕਿਸਾਨਾਂ ਸਿਰ ਪਾਉਣ ਦੀ ਕਿਸਾਨ ਮਾਰੂ ਨੀਤੀ ਦੀ ਸਖਤ ਨਿਖੇਧੀ ਕਰਦੇ ਹੋਏ ਇਹ ਨੀਤੀ ਵਾਪਿਸ ਲੈਣ ਅਤੇ ਸਾਰੀ ਕਣਕ ਬਿਨਾਂ ਸ਼ਰਤ ਪੂਰੇ ਰੇਟ ‘ਤੇ ਖਰੀਦਣ ਦੀ ਮੰਗ ਕੀਤੀ ।ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਸਾਬਕਾ ਕੇਂਦਰੀ ਸਰਕਾਰਾਂ ਵੱਲੋਂ ਅਪਣਾਈ ਗਈ ਸੰਸਾਰ ਵਪਾਰ ਸੰਸਥਾਂ ਦੀ ਸਾਮਰਾਜ ਪੱਖੀ ਖੁੱਲੀ ਮੰਡੀ ਵਾਲੀ ਨੀਤੀ ਅਤੇ ਫਸਲਾਂ ਦੇ ਘਾਟੇਵੰਦ ਭਾਅ ਮਿਥਣ ਸਮੇਤ ਲਾਗਤ ਖਰਚੇ ਲਗਾਤਾਰ ਵਧਾਉਣ ਦੀ ਨੀਤੀ ਨੂੰ ਮੋਦੀ ਸਰਕਾਰ ਵੱਲੋਂ ਹੋਰ ਵਧੇਰੇ ਤੇਜੀ ਨਾਲ ਲਾਗੂ ਕਰਨ ਦਾ ਹੀ ਸਿੱਟਾ ਹੈ ਕਿ ਰਾਜਸਥਾਨ ਦੇ ਇੱਕ ਕਰਜਾ ਗ੍ਰਸਤ ਕਿਸਾਨ ਗਜਿੰਦਰ ਸਿੰਘ ਨੂੰ ਫਸਲੀ ਖਰਾਬੇ ਦਾ ਮੁਆਵਜਾ ਨਾ ਮਿਲਣ ਕਾਰਨ ਅਤਿਅੰਤ ਮਾਨਸਿਕ ਬੋਝ ਹੇਠਾਂ ਦਿੱਲੀ ‘ਚ ਭਰੇ ਇਕੱਠ ਦੇ ਸਾਹਮਣੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਲਈ ਮਜਬੂਰ ਹੋਣਾ ਪਿਆ ਹੈ।ਇਸ ਦਿਲ ਕੰਬਾਊ ਘਟਨਾਂ ਨੇ ਦੇਸ਼ ਦੇ ਲੱਖਾਂ ਹੀ ਕਰਜਾ ਗ੍ਰਸਤ ਖੁਦਕੁਸ਼ੀ ਪੀੜਿਤ ਕਿਸਾਨ ਮਜਦੂਰ ਪਰਿਵਾਰਾਂ ਦੀ ਤਰਾਸਦੀ ਨੂੰ ਇੱਕ ਵਾਰ ਫਿਰ ਦੁਨੀਆਂ ਦੇ ਸਾਹਮਣੇ ਉਜਾਗਰ ਕੀਤਾ ਹੈ।ਬੁਲਾਰਿਆਂ ਨੇ ਕਿਹਾ ਕਿ ਅਪਰੈਲ ਦੇ ਮਹੀਨੇ ਦੌਰਾਨ ਹੀ ਪੰਜਾਬ ਅੰਦਰ ਤੀਹ ਤੋਂ ਵੱਧ ਅਤੇ ਪੂਰੁ ਦੇਸ਼ ਵਿੱਚ ਅੱਠ ਸੌ ਤੋਂ ਵੱਧ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ।ਬੁਲਾਰਿਆਂ ਨੇ ਗਜਿੰਦਰ ਸਿੰਘ ਸਮੇਤ ਇਹਨਾਂ ਸਾਰੇ ਸਦਮਾ ਗ੍ਰਸਤ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਜਾਹਿਰ ਕਰਦਿਆਂ ਮੰਗ ਕੀਤੀ ਕਿ ਦੇਸ ਦੇ ਲੱਖਾਂ ਖੁਦਕੁਸ਼ੀ ਪੀੜਿਤ ਕਿਸਾਨ ਮਜਦੂਰ ਪਰਿਵਾਰਾਂ ਨੂੰ ਦਸ-ਦਸ ਲੱਖ ਰੁਪਏ ਦੀ ਫੌਰੀ ਰਾਹਤ ਅਤੇ ਇੱਕ ਇੱਕ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।ਖੁਦਕਸ਼ੁੀਆਂ ਰੋਕਣ ਅਤੇ ਖੇਤੀ ਸੰਕਟ ਦੇ ਸਥਾਈ ਹੱਲ ਲਈ ਮੁੱਢਲੇ ਕਦਮਾਂ ਵਜੋਂ ਪਹਿਲ ਪ੍ਰਿਥਮੇ ਕਰਜਾ ਗ੍ਰਸਤ ਕਿਸਾਨਾਂ ਅਤੇ ਮਜਦੂਰਾਂ ਦੇ ਕਰਜੇ ਮੁਆਫ ਕੀਤੇ ਜਾਣ।ਦੂਜੇ ਨੰਬਰ ‘ਤੇ ਸਾਮਰਾਜੀ ਕੰਪਨੀਆਂ ਦੇ ਮੁਨਾਫੇ ਛਾਂਗ ਕੇ ਖੇਤੀ ਲਾਗਤ ਖਰਚੇ ਘਟਾਏ ਜਾਣ।ਸਾਰੀਆਂ ਫਸਲਾਂ ਦੇ ਲਾਭਕਾਰੀ ਮੁੱਲ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਮਿੱਥੇ ਜਾਣ ਅਤੇ ਮਿੱਥੇ ਭਾਅ ‘ਤੇ ਖਰੀਦ ਦੀ ਗਰੰਟੀ ਸਾਰੀਆਂ ਫਸਲਾਂ ਵਾਸਤੇ ਕੀਤੀ ਜਾਵੇ।ਜਮੀਨੀ ਹੱਦਬੰਦੀ ਲਾਗੂ ਕਰਕੇ ਫਾਲਤੂ ਜਮੀਨਾਂ ਦੇ ਅਧਿਕਾਰ ਬੇਜਮੀਨੇ ਅਤੇ ਥੁੜਜਮੀਨੇ ਕਿਸਾਨਾਂ ਅਤੇ ਮਜਦੂਰਾਂ ਨੂੰ ਸੌਂਪੇ ਜਾਣ।ਬਲਾਰਿਆਂ ਨੇ ਮੰਗ ਕੀਤੀ ਕਿ ਮਜਦੂਰ ਪਰਿਵਾਰਾਂ ਨੂੰ ਪੰਜ-ਪੰਜ ਕੁਇੰਟਲ ਕਣਕ ਮੁਫਤ ਦਿੱਤੀ ਜਾਵੇ।ਸ਼ਾਤਾ ਕੁਮਾਰ ਰਿਪੁਰਟ ਰੱਦ ਕੀਤੀ ਜਾਵੇ ਅਤੇ ਐਫ.ਸੀ.ਆਈ.ਵੱਲੋਂ ਫਸਲਾਂ ਦੀ ਖਰੀਦ ਸਾਰੇ ਰਾਜਾਂ ਵਿੱਚ ਹੋਵੇ।ਜਨਤਕ ਵੰਡ ਪ੍ਰਣਾਲੀ ਮਜਬੂਤ ਕੀਤੀ ਜਾਵੇ।ਬੁਲਾਰਿਆਂ ਨੇ ਕਣਕ ਦੀ ਖਰੀਦ ਦੇ ਮਾੜੇ ਪ੍ਰਬੰਧਾਂ ਲਈ ਬਾਦਲ ਸਰਕਾਰ ਨੂੰ ਵੀ ਦੋਸ਼ੀ ਠਹਿਰਾਇਆ।ਉਹਨਾਂ ਸਪੱਸ਼ਟ ਕੀਤਾ ਕਿ ਹੜਤਾਲ ਕਰ ਰਹੇ ਪੱਲੇਦਾਰਾਂ ਜਾਂ ਇੰਸਪੈਕਟਰਾਂ ਨਾਲ ਕਿਸਾਨਾਂ ਦਾ ਕੋਈ ਟਕਰਾਅ ਨਹੀਂ ਹੈ,ਸਗੋਂ ਕਿਸਾਨ ਜਥੇਬੰਦੀਆਂ ਮੰਗ ਕਰਦੀਆਂ ਹਨ ਕਿ ਇਹਨਾਂ ਹੜਤਾਲੀ ਕਾਮਿਆਂ ਉ¤ਪਰ ਕੀਤੇ ਜਾ ਰਹੇ ਆਰਥਿਕ ਹਮਲੇ ਵਾਪਿਸ ਲਏ ਜਾਣ।ਬਲਾੁਰਿਆਂ ਨੇ ਸਖਤ ਸ਼ਬਦਾਂ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਨੂੰ ਨਜਰ ਅੰਦਾਜ ਕਰਨ ਦੀ ਗਲਤੀ ਕੀਤੀ ਤਾਂ ਇਸ ਦੇ ਗੰਭੀਰ ਨਤੀਜੇ ਨਿੱਕਲਣਗੇ ਅਤੇ ਕਣਕ ਦੀ ਖਰੀਦ ਕਰਵਾਉਣ ਸਮੇਤ ਤਮਾਮ ਮੰਗਾਂ ਦੀ ਪੂਰਤੀ ਲਈ ਕਿਸਾਨਾਂ ਨੂੰ ਆਪਣਾ ਸੰਘਰਸ਼ ਹੋਰ ਤੇਜ ਕਰਨ ਲਈ ਮਜੁਬੂਰ ਹੋਣ ਪਵੇਗਾ।