ਚੰਡੀਗੜ੍ਹ, 27 ਅਪ੍ਰੈਲ (ਪੀ. ਟੀ.)- ਜੇਲ੍ਹਾਂ ਬਾਰੇ ਮੰਤਰੀ ਸ. ਸੋਹਣ ਸਿੰਘ ਠੰਡਲ ਨੇ ਸੂਬੇ ਦੇ ਸਮੂਹ ਜੇਲ੍ਹਾਂ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਨਾਲ ਹੀ ਇਹ ਨਿਰਦੇਸ਼ ਵੀ ਜਾਰੀ ਕੀਤੇ ਹਨ ਕਿ ਕੈਦੀਆਂ ਨੂੰ ਵਿਅਸਤ ਰੱਖਣ ਲਈ ਹੋਰ ਗਤੀਵਿਧੀਆਂ ਅਤੇ ਭਲਾਈ ਦੇ ਕੰਮਾਂ ਵਿੱਚ ਲਗਾਇਆ ਜਾਵੇ। ਜੇਲ੍ਹ ਵਿਭਾਗ ਦੇ ਕੰਮਾਂ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਇਥੇ ਪੰਜਾਬ ਭਵਨ ਵਿਖੇ ਸੂਬੇ ਦੇ ਸਮੂਹ ਜੇਲ੍ਹ ਸੁਪਰਡੰਟਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜੇਲ੍ਹ ਮੰਤਰੀ ਸ. ਠੰਡਲ ਨੇ ਕਿਹਾ ਕਿ ਜੇਲ੍ਹਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਅਤੇ ਨਸ਼ਿਆਂ ਤੇ ਹਥਿਆਰਾਂ ਨੂੰ ਚੈਕ ਕਰਨ ਲਈ ਆਧੁਨਿਕ ਸਾਜੋ-ਸਮਾਨ ਨੂੰ ਵਰਤਿਆ ਜਾਵੇ। ਉਨ੍ਹਾਂ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਵਿੱਚ ਐਕਸ-ਰੇਅ ਮਸ਼ੀਨਾਂ, ਮੈਟਲ ਡਿਟੇਕਟਰ, ਸੀ.ਸੀ.ਟੀ.ਵੀ. ਕੈਮਰਿਆਂ ਅਤੇ ਜੈਮਰਜ਼ ਦੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ।