ਨਾਭਾ (ਪਟਿਆਲਾ), 16 ਅਪ੍ਰੈਲ (ਕਰਮਜੀਤ ਸੋਮਲ)- ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਸੂਬੇ ਦੇ 146 ਬਲਾਕਾਂ ਵਿੱਚ ਅਤਿ-ਆਧੁਨਿਕ ਸਹੂਲਤਾਂ ਵਾਲਾ ਵਿਸ਼ਵ ਪੱਧਰੀ ਖੇਡ ਸੈਂਟਰ ਬਣਾਇਆ ਜਾਵੇਗਾ ਅਤੇ ਪ੍ਰਤੀ ਸੈਂਟਰ ਲਾਗਤ 1.60 ਕਰੋੜ ਰੁਪਏ ਆਵੇਗੀ। ਸ. ਬਾਦਲ ਅੱਜ ਨਾਭਾ ਦੇ ਪੀ.ਪੀ.ਐਸ. ਖੇਡ ਮੈਦਾਨ ਵਿਖੇ ਪੰਜਵੇਂ ਕਬੱਡੀ ਵਿਸ਼ਵ ਕੱਪ ਦੇ ਖੇਡੇ ਗਏ ਮੈਚਾਂ ਦੌਰਾਨ ਸ਼ਿਰਕਤ ਕਰਨ ਲਈ ਉਚੇਚੇ ਤੌਰ ’ਤੇ ਪੁੱਜੇ ਸਨ। ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਟੀਚਾ ਹੈ ਕਿ 2016 ਦੀਆਂ ਰੀਓ ਓਲੰਪਿਕ ਖੇਡਾਂ ਲਈ ਭਾਰਤੀ ਖੇਡ ਦਲ ਵਿੱਚ ਸਭ ਤੋਂ ਵੱਧ ਖਿਡਾਰੀ ਪੰਜਾਬ ਤੋਂ ਹਨ ਜਿਸ ਦੀ ਪੂਰਤੀ ਲਈ ਪੰਜਾਬ ਸਰਕਾਰ ਜਿੱਥੇ 11
ਮੁੱਖ ਖੇਡਾਂ ਦਾ ਵੱਖਰਾ ਡਾਇਰੈਕਟੋਰੇਟ ਕਾਇਮ ਕਰ ਕੇ ਮੁਹਾਲੀ ਵਿਖੇ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਬਣਾ ਰਹੀ ਹੈ ਉਥੇ ਹੇਠਲੇ ਪੱਧਰ ’ਤੇ ਖਿਡਾਰੀ ਤਿਆਰ ਕਰਨ ਲਈ ਪੰਜਾਬ ਦੇ ਕੁੱਲ 146 ਬਲਾਕਾਂ ਵਿੱਚ ਅਤਿ-ਆਧੁਨਿਕ ਸਹੂਲਤਾਂ ਵਾਲੇ ਖੇਡ ਸੈਂਟਰ ਕਾਇਮ ਕਰਨ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਰ ਸੈਂਟਰ ਉਪਰ 1.60 ਕਰੋੜ ਰੁਪਏ ਖਰਚਾ ਆਵੇਗਾ ਜਿੱਥੇ ਹਰ ਖੇਡ ਦੀ ਕੋਚਿੰਗ ਆਦਿ ਦਾ ਪ੍ਰਬੰਧ ਹੋਵੇਗਾ। ਉਨ੍ਹਾਂ ਕਿਹਾ ਕਿ 20 ਬਲਾਕਾਂ ਵਿੱਚ ਖੇਡ ਸੈਂਟਰ ਤਿਆਰ ਕਰਨ ਲਈ ਸਥਾਨਾਂ ਦੀ ਚੋਣ ਹੋ ਗਈ ਹੈ ਅਤੇ ਅਗਲੇ ਮਹੀਨੇ ਜਨਵਰੀ ਵਿੱਚ ਇਨ੍ਹਾਂ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ ਅਤੇ ਜਲਦ ਦੀ ਬਾਕੀ ਸਾਰੇ ਬਲਾਕਾਂ ਵਿੱਚ ਵੀ ਸਥਾਨ ਦੀ ਚੋਣ ਕਰਕੇ ਖੇਡ ਸੈਂਟਰ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਭਲਕੇ 16 ਦਸੰਬਰ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਖੇਡ ਵਿਭਾਗ ਵੱਲੋਂ ਪੰਜਾਬ ਦੀ ਰਵਾਇਤੀ ਖੇਡ ਅਤੇ ਮਾਰਸ਼ਲ ਆਰਟ ਗੱਤਕਾ ਨੂੰ ਮਾਨਤਾ ਪ੍ਰਵਾਨਿਤ ਖੇਡਾਂ ਵਿੱਚ ਸ਼ੁਮਾਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕੌਮਾਂਤਰੀ ਤੇ ਕੌਮੀ ਪੱਧਰ ’ਤੇ ਤਮਗੇ ਜਿੱਤਣ ਵਾਲੇ ਪੰਜਾਬ ਦੇ 125 ਖਿਡਾਰੀਆਂ ਨੂੰ ਨੌਕਰੀ ਦੇਣ ਦਾ ਮਤਾ ਪਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਕਬੱਡੀ ਨੂੰ ਰਾਸ਼ਟਰਮੰਡਲ, ਏਸ਼ਿਆਈ ਤੇ ਓਲੰਪਿਕ ਖੇਡਾਂ ਤੱਕ ਲਿਜਾਣ ਲਈ ਨਿਰੰਤਰ ਉਪਰਾਲੇ ਕਰ ਰਹੀ ਹੈ ਉਥੇ ਦੂਜੀਆਂ ਖੇਡਾਂ ਦਾ ਪੱਧਰ ਵੀ ਉਪਰ ਚੁੱਕਣ ਲਈ ਵਿਸ਼ੇਸ਼ ਯਤਨ ਕਰ ਰਹੇ ਹਨ।
ਅੱਜ ਦੇ ਮੈਚਾਂ ਦੌਰਾਨ ਉਚੇਰੀ ਸਿੱਖਿਆ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਸ. ਸੁਰਜੀਤ ਸਿੰਘ ਰੱਖੜਾ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਸਿਕੰਦਰ ਸਿੰਘ ਮਲੂਕਾ, ਮੁੱਖ ਸੰਸਦੀ ਸਕੱਤਰ ਸ੍ਰੀ ਐਨ.ਕੇ.ਸ਼ਰਮਾ, ਸਾਬਕਾ ਵਿਧਾਇਕ ਸ੍ਰੀ ਰਮੇਸ਼ ਸਿੰਗਲਾ, ਹਲਕਾ ਇੰਚਾਰਜ ਸ. ਮੱਖਣ ਸਿੰਘ ਲਾਲਕਾ, ਸ. ਚਰਨਜੀਤ ਸਿੰਘ ਰੱਖੜਾ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ.ਕ੍ਰਿਪਾਲ ਸਿੰਘ ਬਡੂੰਗਰ, ਸ੍ਰੀਮਤੀ ਕੁਲਦੀਪ ਕੌਰ ਟੌਹੜਾ, ਸ. ਰਣਧੀਰ ਸਿੰਘ ਰੱਖੜਾ, ਜ਼ਿਲਾ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪ੍ਰੀਤ ਟਰੈਕਟਰ ਦੇ ਐਮ.ਡੀ. ਸ. ਹਰੀ ਸਿੰਘ, ਯੂਥ ਅਕਾਲੀ ਆਗੂ ਸ. ਗੁਰਪ੍ਰੀਤ ਸਿੰਘ ਰਾਜੂ ਖੰਨਾ, ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀ ਤੇਜਿੰਦਰ ਸਿੰਘ ਧਾਲੀਵਾਲ, ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜ਼ਮ, ਐਸ.ਐਸ.ਪੀ. ਸ੍ਰੀ ਗੁਰਮੀਤ ਸਿੰਘ ਚੌਹਾਨ, ਐਸ.ਡੀ.ਐਮ. ਨਾਭਾ ਸ੍ਰੀ ਅਮਰਬੀਰ ਕੌਰ ਭੁੱਲਰ ਤੇ ਤਹਿਸੀਲਦਾਰ ਨਾਭਾ ਸ੍ਰੀ ਅਜੀਤਪਾਲ ਸਿੰਘ ਆਦਿ ਹਾਜ਼ਰ ਸਨ।