ਸੁਨਾਮ, 16 ਅਪ੍ਰੈਲ (ਰਾਕੇਸ਼ ਜਿੰਦਲ)- ਦੀ ਸੁਨਾਮ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮ:, ਸੁਨਾਮ ਦੇ ਮੈਨੇਜਰ ਸ੍ਰ: ਨਿਰਮਲ ਸਿੰਘ ਵੜੈਚ ਨੂੰ ਡੀ.ਐਸ.ਪੀ. ਸ਼੍ਰੀ ਕੇ.ਡੀ. ਸ਼ਰਮਾਂ ਵਿਜੀਲੈਂਸ ਬਿਊਰੋ ਪਟਿਆਲਾ ਵੱਲੋਂ ਮੌਕੇ ’ਤੇ 35000/- ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗਿਰਫਤਾਰ ਕਰ ਲਿਆ ਗਿਆ। ਮੌਕੇ ’ਤੇ ਮਿਲੀ ਜਾਣਕਾਰੀ ਅਨੁਸਾਰ ਛਾਜਲੀ ਪਿੰਡ ਦੇ ਬਲਜੀਤ ਦਾਸ ਨੇ ਦੱਸਿਆ ਕਿ ਉਸ ਨੇ ਆਪਣਾ ਕਰਜਾ ਕੇਸ ਪੀ.ਏ.ਡੀ.ਬੀ. ਬੈਂਕ ਪਾਸੋਂ 9 ਲੱਖ ਰੁਪਏ ਦਾ ਮਨਜੂਰ ਕਰਵਾਇਆ ਸੀ, ਜਿਸਦੀ ਅਦਾਇਗੀ ਕਰਨ ਲਈ ਮੈਨੇਜਰ ਬੈਂਕ ਨੇ ਉਸ ਪਾਸੋਂ ਰਿਸ਼ਵਤ ਦੀ ਮੰਗ ਕੀਤੀ ਅਤੇ ਉਸ ਨੇ ਜਦੋਂ ਰਿਸ਼ਵਤ ਦੇਣ ਤੋਂ ਮਨ੍ਹਾ ਕੀਤਾ, ਤਾਂ ਉਕਤ ਮੈਨੇਜਰ ਨੇ ਕਿਹਾ ਕਿ 5 ਲੱਖ ਰੁਪਏ ਤੋਂ ਵੱਧ ਰਕਮ ਦੇ ਕਰਜਾ ਕੇਸ ਜਿਲ੍ਹਾ ਮੈਨੇਜਰ ਦੇ ਦਫਤਰ ਵਿਚੋਂ ਪਾਸ ਹੁੰਦੇ ਹਨ, ਇਹ ਹਿੱਸਾ ਤਾਂ ਉਨ੍ਹਾਂ ਨੂੰ ਭੇਜਣਾ ਹੈ। ਜਿਸ ’ਤੇ ਉਸ ਨੇ ਵਿਜੀਲੈਂਸ ਬਿਊਰੋ ਪਾਸ ਪਹੁੰਚ ਕੀਤੀ ਅਤੇ ਵਿਜੀਲੈਂਸ ਬਿਊਰੋ ਵੱਲੋਂ
ਕਾਰਵਾਈ ਕਰਦਿਆਂ ਮੈਨੇਜਰ ਬੈਂਕ ਨੂੰ 35000/- ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗਿਰਫਤਾਰ ਕਰ ਲਿਆ ਗਿਆ। ਇਸ ਤੋਂ ਇਲਾਵਾ ਉਥੇ ਮੌਜੂਦ ਹਾਜਰ ਮੈਂਬਰਾਂ ਨੇ ਦੱਸਿਆ ਕਿ ਇਸ ਰਿਸ਼ਵਤਖੋਰ ਮੈਨੇਜਰ ਦੇ ਖਿਲਾਫ ਪਹਿਲਾਂ ਵੀ ਸਬੰਧਤ ਮਹਿਕਮੇ ਨੂੰ ਬਹੁਤ ਦਰਖਾਸਤਾਂ ਭੇਜੀਆਂ ਹਨ, ਪਰ ਇਹ ਅਕਸਰ ਆਪਣਾ ਰਸੂਖ ਵਰਤ ਕੇ ਨਿਕਲ ਜਾਂਦਾ ਸੀ। ਪਿਛਲੇ ਦਿਨੀਂ ਇਕ ਸ਼ਿਕਾਇਤ ਦੀ ਜਾਂਚ ਇਸ ਬੈਂਕ ਦੇ ਉਚ ਅਧਿਕਾਰੀ ਭੁਪਿੰਦਰ ਸ਼ਰਮਾਂ ਰਿਜ਼ਨਲ ਅਫਸਰ ਵੱਲੋਂ ਵੀ ਕੀਤੀ ਗਈ, ਪਰ ਉਸ ’ਤੇ ਸਬੰਧਤ ਮਹਿਕਮੇ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਲਈ ਹਾਜਰ ਮੈਂਬਰਾਂ ਨੇ ਅਪੀਲ ਕੀਤੀ ਕਿ ਇਸ ਰਿਸ਼ਵਤਖੋਰ ਮੈਨੇਜਰ ਖਿਲਾਫ ਪਹਿਲਾਂ ਵੀ ਦਿੱਤੀਆਂ ਦਰਖਾਸਤਾਂ ਦੀ ਕਿਸੇ ਇਮਾਨਦਾਰ ਅਫਸਰ ਪਾਸੋਂ ਸਹੀ ਜਾਂਚ ਕਰਵਾਈ ਜਾਵੇ।