ਬਠਿੰਡਾ, 13 ਅਪ੍ਰੈਲ (ਅਮਰਜੀਤ ਸਿੰਘ ਸਿੱਧੂ/ ਗੁਰਤੇਜ ਸਿੰਘ ਸਿੱਧੂ ) : ਪ੍ਰਸ਼ਾਸ਼ਨਿਕ ਸੁਧਾਰਾਂ ਵੱਲ ਕਦਮ ਵਧਾਉਂਦਿਆਂ ਹੁਣ ਸੂਬਾ ਸਰਕਾਰ ਵਲੋਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਨਰੂਆਣਾ ਵਿਖੇ ਪੰਜਾਬ ਦਾ ਪਹਿਲਾ ਅਤੀ-ਆਧੁਨਿਕ ਡਰਾਈਵਿੰਗ ਟਰੈਕ ਖੋਲ੍ਹਿਆ ਜਾ ਰਿਹਾ ਹੈ, ਜਿੱਥੇ ਮੌਕੇ ’ਤੇ ਹੀ ਲਰਨਿੰਗ ਅਤੇ ਡਰਾਈਵਿੰਗ ਲਾਈਸੈਂਸ ਟੈਸਟ ਪਾਸ ਕਰਨ ਤੋਂ ਬਾਅਦ ਆਨ-ਲਾਈਨ ਉਪਲਬੱਧ ਕਰਵਾਏ ਜਾਣਗੇ। ‘ਆਟੋਮੇਟਿਡ ਡਰਾਇਵਿੰਗ ਟੈਸਟ, ਆਨ-ਲਾਈਨ ਲਾਈਸੈਂਸ ਅਤੇ ਟ੍ਰੇਨਿੰਗ ਕੇਂਦਰ’ ਦੇ ਨਾਂ ਹੇਠ ਖੋਲ੍ਹੇ ਜਾ ਰਹੇ ਇਸ ਕੇਂਦਰ ਨਾਲ ਇਲਾਕਾ ਵਾਸੀਆਂ ਨੂੰ ਕਾਫੀ ਲਾਹਾ ਪਹੁੰਚੇਗਾ, ਕਿਉਂਕਿ ਉਨ੍ਹਾਂ ਨੂੰ ਇਕ ਹੀ ਜਗ੍ਹਾ ’ਤੇ ਉਸੇ ਸਮੇਂ ਟੈਸਟ ਪਾਸ ਕਰਨ ਉਪਰੰਤ ਸੇਵਾਵਾਂ ਦਿੱਤੀਆਂ ਜਾਣਗੀਆਂ। ਇਸ ਟਰੈਕ ਦਾ ਨੀਂਹ ਪੱਥਰ ਪੰਜਾਬ ਦੇ ਉਪ-ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਵਲੋਂ 15 ਅਪ੍ਰੈਲ ਨੂੰ ਰੱਖਿਆ ਜਾਵੇਗਾ ਅਤੇ ਬਠਿੰਡਾ ਸਮੇਤ ਸੂਬੇ ਵਿਚ ਅਜਿਹੇ 32 ਮਾਡਰਨ ਟਰੈਕ ਬਣਾਏ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਨੇ ਦੱਸਿਆ ਕਿ ਇਸ ਟਰੈਕ ਦੇ ਖੁੱਲ੍ਹਣ ਨਾਲ ਟਰਾਂਸਪੋਰਟ ਵਿਭਾਗ ਦੇ ਕੰਮ ਵਿਚ ਹੋਰ ਪਾਰਦਰਸ਼ਤਾ ਆਵੇਗੀ। ਉਨ੍ਹਾਂ ਦੱਸਿਆ ਕਿ ਡਰਾਇਵਿੰਗ ਟਰੈਕ ਦੀ ਸ਼ੁਰੂਆਤ ਹੋਣ ਨਾਲ ਬਿਨੈਕਾਰਾਂ ਨੂੰ ਇਕ ਸਥਾਨ ’ਤੇ ਹੀ ਸਮੇਂ-ਸਿਰ ਲਾਈਸੈਂਸ ਪ੍ਰਦਾਨ ਹੋਣਾ ਆਰੰਭ ਹੋ ਜਾਵੇਗਾ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਖੱਜਲ-ਖੁਆਰੀ ਦਾ ਸਾਹਮਣਾ ਵੀ ਨਹੀਂ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਡਰਾਈਵਿੰਗ ਲਾਈਸੈਂਸ ਲਈ ਆਨ-ਲਾਈਨ ਬਿਨੈ ਕਰਨ ਉਪਰੰਤ ਟੈਸਟ ਲਿਆ ਜਾਵੇਗਾ ਅਤੇ ਟੈਸਟ ਪਾਸ ਕਰਨ ਤੋਂ ਬਾਅਦ ਮੌਕੇ ’ਤੇ ਲਾਈਸੈਂਸ ਮੁਹੱਈਆ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਡਰਾਈਵਿੰਗ ਟੈਸਟ ਵਿਸ਼ੇਸ਼ ਤੌਰ ’ਤੇ ਡਿਜ਼ਾਇਨ ਕੀਤੇ ਗਏ ਟਰੈਕ ਵਿਚ ਲਿਆ ਜਾਵੇਗਾ, ਜਿੱਥੇ ਹਰੇਕ ਸਹੂਲਤ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਵਿਚ ਬਾਇਓਮੀਟਰਕ, ਵੈਬ ਕਾਸਟਿੰਗ ਕੈਮਰੇ, ਬੀਮ ਸੈਂਸਰ ਅਤੇ ਵਾਇਬਰੇਸ਼ਨ ਸੈਂਸਰ ਆਦਿ ਆਧੁਨਿਕ ਇਲੈਕਟ੍ਰੋਨਿਕ ਸਾਜ਼ੋ-ਸਮਾਨ ਹੋਵੇਗਾ।
ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ਼੍ਰੀ ਲਤੀਫ਼ ਅਹਿਮਦ ਨੇ ਦੱਸਿਆ ਕਿ ਇਸ ਟਰੈਕ ਤੋਂ ਇਲਾਵਾ ਡਰਾਈਵਿੰਗ ਦੀ ਸਿਖਲਾਈ ਦੇਣ ਲਈ ਸਰਕਾਰ ਵਲੋਂ ਮਰੂਤੀ ਸਜ਼ੂਕੀ ਪ੍ਰਾਈਵੇਟ ਲਿਮਟਿਡ ਨਾਲ ਇਥੇ ਇਕ ਡਰਾਇਵਿੰਗ ਸੈਂਟਰ ਖੋਲ੍ਹਣ ਸਬੰਧੀ ਐਮ.ਓ.ਯੂ ਸਾਈਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਟੈਸਟ ਜ਼ਿਲ੍ਹਾ ਟਰਾਂਸਪੋਰਟ ਵਿਭਾਗ ਵਲੋਂ ਲਿਆ ਜਾਵੇਗਾ ਅਤੇ ਸਿਖਲਾਈ ਮਰੂਤੀ ਸਜ਼ੂਕੀ ਪ੍ਰਾਈਵੇਟ ਲਿਮਟਿਡ ਵਲੋਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਪ ਮੁੱਖ ਮੰਤਰੀ, ਪੰਜਾਬ ਸ੍ਰ. ਸੁਖਬੀਰ ਸਿੰਘ ਬਾਦਲ ਦੇ ਉਪਰਾਲੇ ਸਦਕਾ ਈ-ਗਵਰਨੈਂਸ ਜ਼ਰੀਏ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਹੋਰ ਪ੍ਰਫੁਲੱਤ ਕਰਨ ਲਈ ਉਕਤ ਅਤੀ-ਆਧੁਨਿਕ ਡਰਾਇਵਿੰਗ ਟਰੈਕ ਹੋਂਦ ਵਿਚ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਟਰੈਕ ’ਤੇ ਹੀ ਜਨਮ ਸਰਟੀਫਿਕੇਟ ਅਤੇ ਰਿਹਾਇਸ਼ੀ ਪਤੇ ਦੇ ਸਬੂਤ ਨਾਲ ਆਨ-ਲਾਈਨ ਅਪਲਾਈ ਅਤੇ ਆਨ-ਲਾਈਨ ਫੀਸ ਭਰਕੇ ਕੰਪਿਊਟਰ ਰਾਹੀਂ ਟੈਸਟ ਪਾਸ ਕਰਨ ਉਪਰੰਤ ਲਰਨਿੰਗ ਲਾਈਸੈਂਸ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਪੱਕੇ ਡਰਾਈਵਿੰਗ ਲਾਈਸੈਂਸ ਲਈ ਟੈਸਟ ਪਾਸ ਕਰਨਾ ਜ਼ਰੂਰੀ ਹੋਵੇਗਾ ਅਤੇ ਟਰੈਕ ’ਤੇ ਹੀ ਟੈਸਟ ਪਾਸ ਕਰਨ ਉਪਰੰਤ ਮੌਕੇ ’ਤੇ ਹੀ ਪੱਕਾ ਡਰਾਇਵਿੰਗ ਲਾਈਸੈਂਸ ਬਣਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੈਡੀਕਲ ਟੈਸਟ ਲਈ ਡਾਕਟਰ ਵੀ ਇਸੇ ਕੇਂਦਰ ਵਿਖੇ ਤਾਇਨਾਤ ਰਹਿਣਗੇ। ਉਨ੍ਹਾਂ ਦੱਸਿਆ ਕਿ ਇਕ ਏਕੜ 2 ਕਨਾਲਾਂ ਵਿਚ ਬਣ ਰਹੇ ਇਸ ਟਰੈਕ ਲਈ ਸਰਕਾਰ ਵਲੋਂ ਕਰੀਬ ਇਕ ਕਰੋੜ ਤੋਂ ਵੱਧ ਰੁਪਏ ਖਰਚੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਅਤੀ-ਆਧੁਨਿਕ ਟਰੈਕ ਜਲਦੀ ਬਣਕੇ ਤਿਆਰ ਹੋ ਜਾਵੇਗਾ।
ਉਧਰ ਚੰਡੀਗੜ੍ਹ ਤੋਂ ਉਪ-ਮੁੱਖ ਮੰਤਰੀ ਦਫ਼ਤਰ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਬਠਿੰਡਾ ਸਮੇਤ ਪੰਜਾਬ ਵਿਚ ਅਜਿਹੇ 32 ਅਤੀ-ਆਧੁਨਿਕ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚ ਅੰਮ੍ਰਿਤਸਰ, ਬਰਨਾਲਾ, ਫਾਜ਼ਿਲਕਾ, ਬਟਾਲਾ, ਹੁਸ਼ਿਆਰਪੁਰ, ਜਗਰਾਓਂ, ਖੰਨਾ, ਲੁਧਿਆਣਾ-1, ਲੁਧਿਆਣਾ-2, ਮਾਨਸਾ, ਨਵਾਂ ਸ਼ਹਿਰ, ਪਠਾਨਕੋਟ, ਪਟਿਆਲਾ, ਮਲੇਰਕੋਟਲਾ, ਫਿਰੋਜ਼ਪੁਰ, ਜਲੰਧਰ, ਤਰਨਤਾਰਨ, ਫਰੀਦਕੋਟ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਦਸੂਹਾ, ਫਿਲੌਰ, ਮੋਹਾਲੀ, ਮੁਕਤਸਰ, ਮੋਗਾ, ਫਗਵਾੜਾ, ਰੂਪਨਗਰ, ਕਪੂਰਥਲਾ, ਪਾਤੜਾਂ, ਸੰਗਰੂਰ ਅਤੇ ਅਬੋਹਰ ਸ਼ਾਮਿਲ ਹਨ।