April 23, 2026 12:21 pm

ਨੀਲੀ ਕ੍ਰਾਂਤੀ ਲਿਆਉਣ ’ਚ ਮੋਹਰੀ ਰੋਲ ਅਦਾ ਕਰ ਰਹੇ ਨੇ ਬਠਿੰਡਾ ਦੇ ਕਿਸਾਨ

ਬਠਿੰਡਾ, 12 ਅਪ੍ਰੈਲ (ਅਮਰਜੀਤ ਸਿੰਘ ਸਿੱਧੂ)- ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਕੀਮਾਂ ਦਾ ਲਾਹਾ ਲੈਕੇ ਬਠਿੰਡਾ ਜ਼ਿਲ੍ਹੇ ਦੇ ਕਿਸਾਨਾਂ ਨੇ 800 ਹੈਕਟੇਅਰ ਰਕਬਾ ਮੱਛੀ ਪਾਲਣ ਹੇਠ ਲਿਆਕੇ ਸੂਬੇ ਵਿਚ ਨੀਲੀ ਕ੍ਰਾਂਤੀ ਲਿਆਉਣ ਲਈ ਮੋਹਰੀ ਰੋਲ ਅਦਾ ਕਰ ਦਿੱਤਾ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਬਨਿੰਡਾ ਡਾ. ਬਸੰਤ ਗਰਗ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਅਤੇ ਸਬਸਿਡੀਆਂ ਦਾ ਫਾਇਦਾ ਚੁੱਕ ਕੇ ਬਠਿੰਡਾ ਜ਼ਿਲ੍ਹੇ ਦੇ ਕਿਸਾਨਾਂ ਨੇ ਖੇਤੀ ਵਿਭਿੰਨਤਾ ਦੇ ਖੇਤਰ ਨੂੰ ਇਕ ਨਵੀਂ ਦਿਸ਼ਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਮੱਛੀ ਪਾਲਣ ਸ਼ੁਰੂ ਕਰਨ ਵਾਸਤੇ ਤਲਾਅ ਪੁੱਟਣ ਲਈ 1.20 ਲੱਖ ਰੁਪਏ ਪ੍ਰਤੀ ਹੇਕਟੇਅਰ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾ ਰਹੀ ਹੈ।

ਡਾ. ਗਰਗ ਨੇ ਦੱਸਿਆ ਕਿ ਇਹ ਸਬਸਿਡੀ ਖਾਰੇ ਪਾਣੀ ਅਤੇ ਸੇਮ ਪ੍ਰਭਾਵਿਤ ਇਲਾਕਿਆਂ ’ਚ ਮੱਛੀ ਪਾਲਣ ਦੇ ਵਿਕਾਸ ਲਈ ਚਲਾਈ ਜਾ ਰਹੀ ਆਰਥਿਕ ਸਹਾਇਤਾ ਯੋਜਨਾ ਤਹਿਤ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੱਛੀ ਪਾਲਣ ਸ਼ੁਰੂ ਕਰਨ ਦੇ ਪਹਿਲੇ ਸਾਲ 20,000 ਰੁਪਏ ਦੇ ਮੱਛੀ ਦੇ ਪੂੰਗ ਅਤੇ ਹੋਰ ਨਿਵੇਸ਼ ਲਈ ਸਹਾਇਤਾ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮੱਛੀ ਪਾਲਣ ਕਿੱਤੇ ਨਾਲ ਜਿੱਥੇ ਰੁਜ਼ਗਾਰ ਪੈਦਾ ਹੁੰਦਾ ਹੈ, ਉਥੇ ਛੱਪੜਾਂ ਨੂੰ ਠੇਕੇ ’ਤੇ ਦੇ ਕੇ ਪੰਚਾਇਤਾਂ ਨੂੰ ਆਮਦਨ ਵੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਮੱਛੀ ਪਾਲਣ ਕਿਸਾਨਾਂ ਲਈ ਬਹੁਤ ਲਾਹੇਵੰਦ ਧੰਦਾ ਹੈ, ਕਿਉਂਕਿ ਸੂਬਾ ਸਰਕਾਰ ਮੱਛੀ ਪਾਲਣ ਦੇ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਕਈ ਪ੍ਰਕਾਰ ਦੀਆਂ ਸੁਵਿਧਾਵਾਂ ਦੇ ਰਹੀ ਹੈ।
ਸਹਾਇਕ ਡਾਇਰੈਕਟਰ ਮੱਛੀ ਪਾਲਣ ਵਿਭਾਗ ਬਠਿੰਡਾ ਸ਼੍ਰੀ ਵੀ .ਕੇ. ਡੋਗਰਾ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੇ ਮੱਛੀ ਪਾਲਕਾਂ ਦਾ ਲੁਧਿਆਣਾ, ਚੰਡੀਗੜ੍ਹ, ਦਿੱਲੀ ਅਤੇ ਆਲੇ-ਦੁਆਲੇ ਦੇ ਵੱਡੇ ਸ਼ਹਿਰਾਂ ਵਿਚ ਇਕ ਚੰਗਾ ਨੈਟਵਰਕ ਹੈ। ਉਨ੍ਹਾਂ ਦੱਸਿਆ ਕਿ ਮੱਛੀ ਉਤਪਾਦਨ ਨੂੰ ਵਧਾੳਣ ਲਈ ਜੇ ਕੋਈ ਮੱਛੀ ਪਾਲਕ ਏਰੇਟਰ (ਆਕਸੀਜਨ ਬੂਸਟਰ) ਲਗਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ‘ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ’ ਤਹਿਤ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਖਾਰੇ ਪਾਣੀ ਅਤੇ ਸੇਮ ਪ੍ਰਭਾਵਿਤ ਇਲਾਕਿਆਂ ਵਿਚ 40 ਪ੍ਰਤੀਸ਼ਤ ਤੱਕ ਸਬਸਿਡੀ ਦਿੱਤੀ ਜਾਂਦੀ ਹੈ ਅਤੇ ਇਸ ਅਧੀਨ 1.20 ਲੱਖ ਰੁਪਏ ਦੀ ਸਬਸਿਡੀ 2.5 ਏਕੜ ਜ਼ਮੀਨ ਲਈ ਦਿੱਤੀ ਜਾਂਦੀ ਹੈ।
ਸ਼੍ਰੀ ਡੋਗਰਾ ਨੇ ਦੱਸਿਆ ਕਿ 23,000 ਰੁਪਏ ਦੀ ਸਬਸਿਡੀ ਚਾਰ-ਪੈਡਲ ਪਹੀਆ ਏਰੇਟਰ ਅਤੇ 18,000 ਰੁਪਏ ਦੀ ਸਬਸਿਡੀ ਦੋ-ਪੈਡਲ ਪਹੀਆ ਏਰੇਟਰ ਲਈ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਹਰ ਮਹੀਨੇ ਪੰਜ ਰੋਜ਼ਾ ਸਿਖਲਾਈ ਵੀ ਦਿੱਤੀ ਜਾਂਦੀ ਹੈ, ਇਸ ਲਈ ਰੁਚੀ ਰੱਖਣ ਵਾਲੇ ਕਿਸਾਨ ਮੱਛੀ ਪਾਲਣ ਵਿਭਾਗ ਦੇ ਕਮਰਾ ਨੰ: 431, ਤੀਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਠਿੰਡਾ ਵਿਖੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਅਗਾਂਹਵਧੂ ਕਿਸਾਨ ਇਸ ਨੀਲੀ ਕ੍ਰਾਂਤੀ ’ਚ ਯੋਗਦਾਨ ਪਾਉਣ ਲਈ ਅੱਗੇ ਆਉਣ।

Send this to a friend