ਹਮਲਾ ਕਰਨ ਵਾਲੇ ਮੁਲਜ਼ਮਾਂ ਨੂੰ ਫੌਰੀ ਕਾਬੂ ਕਰਨ ਲਈ ਪੰਜਾਬ ਪੁਲਿਸ ਦੀ ਸ਼ਲਾਘਾ
ਅੰਮ੍ਰਿਤਸਰ, 13 ਅਪ੍ਰੈਲ (ਸੁਨੀਲ ਗੁਪਤਾ, ਰਾਜੇਸ਼ ਡੈਨੀ)- ਪੰਜਾਬ ਸਰਕਾਰ ਰਾਜ ਅੰਦਰ ਅਮਨ-ਸ਼ਾਂਤੀ ਨੂੰ ਭੰਗ ਨਹੀ ਹੋਣ ਦੇਵੇਗੀ ਤੇ ਸਰਕਾਰ ਸਮਾਜ ਵਿਰੋਧੀ ਅਨਸਰਾਂ ਨੂੰ ਉਨਾਂ ਦੇ ਮਕਸਦ ਵਿਚ ਕਾਮਯਾਬ ਨਹੀਂ ਹੋਣ ਦੇਵੇਗੀ। ਇਹ ਪ੍ਰਗਟਾਵਾ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਸਿਵ ਸੈਨਾ ਦੇ ਆਗੂ ਸ੍ਰ੍ਰੀ ਹਰਵਿੰਦਰ ਸੋਨੀ ਦਾ ਹਾਲ ਪੁੱਛਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਸ. ਬਾਦਲ ਨੇ ਕਿਹਾ ਕਿ ਇਹ ਬਹੁਤ ਦੀ ਦੁਖਦਾਈ ਘਟਨਾ ਹੈ ਅਤੇ ਇਸ ਦੀ ਜਿਨੀ ਵੀ ਨਿਖੇਧੀ ਕੀਤੀ ਜਾਵੇ ਉਨੀ ਘੱਟ ਹੈ। ਉਨਾਂ ਕਿਹਾ ਕਿ ਪਰਮਾਤਮਾ ਦੀ ਮਿਹਰ ਸਦਕਾ ਸ੍ਰੀ ਸੋਨੀ ਠੀਕ ਠਾਕ ਹਨ ਅਤੇ ਉਹ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਉਹ ਜਲਦੀ ਸਿਹਤਯਾਬ ਹੋਣ। ਉਨਾਂ ਪੰਜਾਬ ਪੁਲਿਸ ਦੀ ਸਰਹਾਨਾ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਵਲੋਂ ਸ੍ਰੀ ਸੋਨੀ ਤੇ ਹਮਲਾ ਕਰਨ ਵਾਲੇ ਤਿੰਨੇ ਮੁਲਜ਼ਮਾਂ ਨੂੰ ਫੜ੍ਹ ਲਿਆ ਗਿਆ ਹੈ।
ਸਥਾਨਕ ਐਸਕੋਰਟ ਹਸਪਤਾਲ ਵਿਖੇ ਪੱਤਰਕਾਰਾਂ ਦੇ ਇਕ ਸਵਾਲ ਦਾ ਜਵਾਬ ਦੇਦਿੰਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਪੁਲਿਸ ਵਲੋਂ ਮੁਲਜ਼ਮਾਂ ਤੋਂ ਕੀਤੀ ਗਈ ਪੁੱਛ ਪੜਤਾਲ ਤੋਂ ਇਹ ਸਾਹਮਣੇ ਆਇਆ ਹੈ ਕਿ ਸ੍ਰੀ ਸੋਨੀ ਤੇ ਕੀਤਾ ਗਿਆ ਹਮਲੇ ਪਿੱਛੇ ਕਿਸੇ ਗਰੁੱਪ ਜਾਂ ਵਿਸ਼ੇਸ ਵਿਅਕਤੀ ਦਾ ਹੱਥ ਨਹੀਂ ਬਲਕਿ ਉਨਾਂ ਦਾ ਵਿਅਕਤੀਗਤ ਹਮਲਾ ਹੈ। ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਅੰਦਰ ਆਪਸੀ ਪਿਆਰ ਤੇ ਸਾਂਤੀ ਬਣਾਈ ਰੱਖੀ ਹੈ ਤੇ ਸਰਕਾਰ ਸੂਬੇ ਅੰਦਰ ਭਾਈਚਾਰਕ ਸਾਂਝ ਬਣਾਈ ਰੱਖਣ ਨੂੰ ਹਮੇਸ਼ਾਂ ਤਰਜੀਹ ਦਿੰਦੀ ਰਹੀ ਹੈ। ਸ. ਬਾਦਲ ਨੇ ਕਿਹਾ ਦੇਸ਼ ਦੀਆਂ ਅੰਦਰੂਨੀ ਤੇ ਬਾਹਰੀ ਕੁਝ ਏਜੰਸੀਆਂ ਰਾਜ ਅੰਦਰ ਆਪਣੀਆਂ ਸਮਾਜ ਵਿਰੋਧੀ ਗਤੀਵਿਧੀਆਂ ਕਰਕੇ ਰਾਜ ਦੇ ਮਾਹੌੋਲ ਨੂੰ ਖਰਾਬ ਕਰਨਾ ਚਾਹੁੰਦੀਆਂ ਹਨ ਪਰ ਸੂਬਾ ਸਰਕਾਰ ਅਜਿਹੇ ਅਨਸਰਾਂ ਦੇ ਮਨਸੂਬਿਆਂ ਨੂੰ ਸਫਲ ਨਹੀ ਹੋਣ ਦੇਵੇਗੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਅੰਦਰ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਵਚਨਬੱਧ ਹੈ।
ਇਸ ਮੌਕੇ ਪੱਤਰਕਾਰਾਂ ਵਲੋਂ ਬੀਤੇ ਦਿਨੀ ਪਾਕਿਸਤਾਨੀ ਤਸਕਰਾਂ ਵਲੋਂ ਬੀ.ਐਸ.ਐਫ ਦੇ ਜਵਾਨਾਂ ਤੇ ਕੀਤੇ ਹਮਲੇ ਸਬੰਧੀ ਪੁੱਛੇ ਸਵਾਲ ਦਾ ਜਵਾਬ ਦੇਦਿੰਆਂ ਸ. ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਨੇ ਇਸ ਸਬੰਧੀ ਕਿਹਾ ਹੈ ਕਿ ਭਾਰਤ ਸਰਕਾਰ ਵਿਰੋਧੀਆਂ ਨੂੰ ਮੂੰਹ ਤੋੜਵਾਂ ਜਵਾਬ ਦੋਵੇਗੀ। ਉਨਾਂ ਕਿਹਾ ਕਿ ਬੀ.ਐਸ.ਐਫ ਦੇ ਜਵਾਨਾਂ ਤੇ ਹਮਲਾ ਨਿੰਦਣਯੋਗ ਹੈ। ਪੱਤਰਕਾਰਾਂ ਵਲੋਂ ਪੁੱਛੇ ਇਕ ਹੋਰ ਸਵਾਲ ਕਿ ਵਿਰੋਧੀ ਧਿਰ ਦੇ ਆਗੂ ਸ੍ਰੀ ਸੁਨੀਲ ਜਾਖੜ ਨੇ ਦੋਸ਼ ਲਾਇਆ ਹੈ ਕੇਂਦਰ ਸਰਕਾਰ ਵਲੋਂ ਕਿਸਾਨਾਂ ਦੇ ਮੁਆਵਜ਼ੇ ਲਈ ਭੇਜੇ ਪੈਸੇ ਵੰਡੇ ਨਹੀ ਗਏ ਸਬੰਧੀ ਜਵਾਬ ਦੇਂਦਿਆਂ ਸ. ਬਾਦਲ ਨੇ ਕਿਹਾ ਕਿ ਸ੍ਰੀ ਜਾਖੜ ਜ਼ਮੀਨੀ ਸੱਚਾਈ ਜਾਣਨ ਤੋਂ ਬਗੈਰ ਅਜਿਹਾ ਬਿਆਨ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।
ਇਸ ਮੌਕੇ ਸ. ਬਾਦਲ ਨੇ ਸ੍ਰੀ ਸੋਨੀ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਵੀ ਕੀਤੀ। ਸ. ਬਾਦਲ ਨੇ ਹਸਪਤਾਲ ਦੇ ਡਾਕਟਰਾਂ ਨਾਲ ਗੱਲਬਾਤ ਕਰਕੇ ਸ੍ਰੀ ਸੋਨੀ ਦੀ ਸਿਹਤ ਬਾਰੇ ਜਾਣਕਾਰੀ ਲਈ। ਦੱਸਣ ਯੋਗ ਹੈ ਕਿ ਬੀਤੇ ਦਿਨੀ ਗੁਰਦਾਸਪੁਰ ਸ਼ਹਿਰ ਦੇ ਸ਼ਿਵ ਸੈਨਾ ਆਗੂ ਸ੍ਰੀ ਹਰਵਿੰਦਰ ਸੋਨੀ ਨੂੰ ਤਿੰਨ ਮੁਲਜ਼ਮਾਂ ਵਲੋਂ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ।
ਇਸ ਮੌਕੇ ਹੋਰਨਾਂ ਸ੍ਰੀ ਸਮੁੇਧ ਸਿੰਘ ਡੀ.ਜੀ.ਪੀ ਪੰਜਾਬ, ਸ੍ਰੀ ਈਸਵਰ ਚੰਦਰ ਸ਼ਰਮਾ ਆਈ.ਜੀ. ਪੁਲਿਸ ਬਾਰਡਰ ਰੇਂਜ, ਸ੍ਰੀ ਜਤਿੰਦਰ ਸਿੰਘ ਔਲਖ ਪੁਲਿਸ ਕਮਿਸ਼ਨਰ, ਸ੍ਰੀ ਭੁਪਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਅੰਮ੍ਰਿਤਸਰ, ਸ੍ਰੀ ਰਾਜੇਸ ਸ਼ਰਮਾ ਐਸ.ਡੀ.ਐਮ-2 ਸਮੇਤ ਵੱਖ-ਵੱਖ ਵਿਬਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।