ਕੈਪਟਨ ਅਮਰਿੰਦਰ ਨੂੰ ਤਾਂ ਧੂਰੀ ਦੇ ਪਿੰਡਾਂ ਦੇ ਨਾਂਅ ਵੀ ਨਹੀਂ ਯਾਦ ਹੋਣੇ : ਬਾਦਲ
ਧੂਰੀ, 9 ਅਪ੍ਰੈਲ- ਜਦੋਂ ਪੂਰੇ ਦੇਸ਼ ਅੰਦਰ ਹੀ ਕਾਂਗਰਸ ਪਾਰਟੀ ਨੂੰ ਲੋਕਾਂ ਨੇ ਬੁਰੀ ਤਰਾਂ ਨਕਾਰ ਦਿੱਤਾ ਹੈ ਤਾਂ ਹੁਣ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਜਾਂ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੀ ਡੁੱਬ ਚੁੱਕੀ ਬੇੜੀ ਨੂੰ ਪਾਰ ਨਹੀਂ ਲਾ ਸਕਣਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਧੂਰੀ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਹੱਕ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਫਸਲੀ ਬਟੇਰੇ ਵਾਂਗ ਕਾਂਗਰਸੀ ਆਗੂਆਂ ਨੂੰ ਵੀ ਕਦੇ-ਕਦੇ ਹੀ ਦਿਖਾਈ ਦਿੰਦੇ ਹਨ ਅਤੇ ਆਮ ਲੋਕਾਂ ਨੂੰ ਤਾਂ ਉਹਨਾਂ ਦੇ ਦੀਦਾਰ ਹੀ ਮਸਾਂ ਨਸੀਬ ਹੁੰਦੇ ਹਨ। ਸ. ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣਨ ਵਾਲਾ ਆਗੂ ਚਾਹੀਦਾ ਹੈ ਜੋ ਜਿੱਤਣ ਤੋਂ ਬਾਅਦ ਵੀ ਲੋਕਾਂ ’ਚ ਵਿਚਰਦਾ ਰਹੇ ਅਤੇ ਅਜਿਹੇ ਆਗੂ ਕਾਂਗਰਸ ਪਾਰਟੀ ਦੇ ਹਿੱਸੇ ’ਚ ਨਹੀਂ ਆਉਂਦੇ। ਸ. ਬਾਦਲ ਨੇ ਕਿਹਾ ਕਿ
ਉਹਨਾਂ ਨੇ ਧੂਰੀ ਹਲਕੇ ਦੇ ਹਰ ਪਿੰਡ ਅਤੇ ਸ਼ਹਿਰ ਦੇ ਵਾਰਡ ਦਾ ਦੋ ਤਿੰਨ ਵਾਰ ਦੌਰਾ ਕੀਤਾ ਹੈ ਜਦਕਿ ਕੈਪਟਨ ਅਮਰਿੰਦਰ ਨੂੰ ਤਾਂ ਪਿੰਡਾਂ ਦੇ ਨਾਲ ਵੀ ਨਹੀਂ ਪਤਾ।ਸ. ਬਾਦਲ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਅਖਬਾਰਾਂ ਸਮੇਤ ਜਨਤਕ ਤੌਰ ’ਤੇ ਵੀ ਲੋਕਾਂ ਨਾਲ ਕੋਰਾ ਝੂਠ ਬੋਲ ਕੇ ਪ੍ਰਚਾਰ ਕਰ ਰਹੇ ਹਨ, ਜਿਸਨੂੰ ਧੂਰੀ ਦੇ ਲੋਕ ਭਲੀ-ਭਾਂਤ ਜਾਣਦੇ ਹਨ। ਕਾਂਗਰਸ ’ਚ ਚੱਲ ਰਹੇ ਆਪਸੀ ਕਲੇਸ਼ ’ਤੇ ਵਿਅੰਗ ਕੱਸਦਿਆਂ ਸ. ਬਾਦਲ ਨੇ ਕਿਹਾ ਕਿ ਜਿਸ ਗੱਡੀ ਦੇ ਪਹੀਏ ਆਪਸ ਵਿੱਚ ਹੀ ਮੇਲ ਕਰਕੇ ਨਾ ਚੱਲਦੇ ਹੋਣ ਤਾਂ ਉਹ ਗੱਡੀ ਮੁਸਾਫਰਾਂ ਨੂੰ ਮੰਜਿਲ ’ਤੇ ਨਹੀਂ ਪਹੁੰਚਾ ਸਕਦੀ।ਸ. ਬਾਦਲ ਨੇ ਕਿਹਾ ਕਿ ਬਰਨਾਲਾ ਪਰਿਵਾਰ ਵੱਲੋਂ ਕੀਤੀ ਕੌਮ ਨਾਲ ਕੀਤੀ ਗੱਦਾਰੀ ਲੋਕਾਂ ਕੋਲੋਂ ਛੁਪੀ ਨਹੀਂ, ਲੋਕ ਚੰਗੀ ਤਰਾਂ ਜਾਣਦੇ ਹਨ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਨਾਮ ’ਤੇ ਸਾਰੀ ਉਮਰ ਸਿਆਸੀ ਲਾਹਾ ਲੈਣ ਵਾਲੇ ਬਰਨਾਲਾ ਪਰਿਵਾਰ ਨੇ ਆਪਣੇ ਨਿੱਜੀ ਹਿੱਤਾਂ ਲਈ ਲੋਕਾਂ ਦਾ ਵਿਸ਼ਵਾਸ਼ਘਾਤ ਕੀਤਾ ਹੈ ਅਤੇ ਧੂਰੀ ਤੋਂ ਉਪ ਚੋਣ ਲੜ ਰਹੇ ਸੰਤ ਲੌਂਗੋਵਾਲ ਦੇ ਵਾਰਿਸ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਖਿਲਾਫ ਕਾਂਗਰਸ ਪਾਰਟੀ ਦੀ ਟਿਕਟ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਪਿੱਠ ’ਚ ਛੁਰਾ ਮਾਰਿਆ ਹੈ।ਮੁੱਖ ਮੰਤਰੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਆਖਿਆ ਕਿ ਉਹ ਆਪਣੇ ਸ਼ਹਿਰ ਅਤੇ ਪਿੰਡਾਂ ਦੇ ਬਹੁਪੱਖੀ ਵਿਕਾਸ ਲਈ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਵਾਰਿਸ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਭਾਰੀ ਵੋਟਾਂ ਨਾਲ ਜਿਤਾਓ ਤਾਂ ਜੋ ਭਾਈ ਲੌਂਗੋਵਾਲ ਸਮੁੱਚੇ ਧੂਰੀ ਹਲਕੇ ਦਾ ਵਿਕਾਸ ਕਰ ਸਕਣ। ਇਸ ਮੌਕੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਨੇ ਝੂਠੇ ਵਾਅਦੇ ਕਰਕੇ ਲੋਕਾਂ ਨਾਲ ਹਮੇਸ਼ਾ ਹੀ ਧੋਖਾ ਕੀਤਾ ਹੈ, ਜਿਸਨੂੰ ਸਾਬਤ ਕਰਨ ਲਈ ਕਿਸੇ ਪ੍ਰਮਾਣ ਦੀ ਲੋੜ ਨਹੀਂ। ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਸੀਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ’ਚ ਭੇਜੋ ਤਾਂ ਜੋ ਤੁਹਾਡਾ ਵਿਧਾਇਕ ਇਲਾਕੇ ਦਾ ਵੱਧ ਤੋਂ ਵੱਧ ਵਿਕਾਸ ਕਰਵਾ ਸਕੇ। ਇਸ ਸਮੇ ਇਨ੍ਹਾਂ ਨਾਲ ਬਲਵਿੰਦਰ ਸਿੰਘ ਬਾਬਾ ਸੀਨੀਅਰ ਅਕਾਲੀ ਲੀਡਰ,ਅਮਰਜੀਤ ਸਿੰਘ ਸੀਨੀਅਰ ਅਕਾਲੀ ਆਗੂ,ਸ੍ਰੀ ਅੰਜਨ ਗੁਪਤਾ ,ਸ੍ਰ. ਚਰਨਜੀਤ ਸਿੰਘ ਗੱਗੜਪੁਰ ਜ਼ਿਲ੍ਹਾ ਜਰਨਲ ਸਕੱਤਰ,ਬੀਬੀ ਸੁਰਿੰਦਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਆਗੂ/ਵਰਕਰ ਹਾਜਰ ਸਨ।