ਪਠਾਨਕੋਟ, 8 ਅਪ੍ਰੈਲ (ਅਜੇ)- ਨੌਜਵਾਨਾਂ ’ਚ ਨਸ਼ਾ ਜਿਸ ਕਰਕੇ ਪੰਜਾਬ ਪੂਰੇ ਦੇਸ਼ ਵਿੱਚ ਬਦਨਾਮੀ ਦਾ ਕਾਰਨ ਬਣਿਆ ਹੋਇਆ ਹੈ ਅਤੇ ਸਿਆਸੀ ਪਾਰਟੀਆਂ ਵੀ ਆਏ ਦਿਨ ਇਕ ਦੂਜੇ ’ਤੇ ਦੋਸ਼ ਲਗਾਉਂਦੀਆਂ ਆ ਰਹੀਆਂ ਹਨ ਅਤੇ ਪੰਜਾਬ ਸਰਕਾਰ ਵਲੋਂ ਵੀ ਇਸ ਨੂੰ ਰੋਕਣ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਤਾਂ ਕਿ ਨੌਜਵਾਨ ਪੀੜ੍ਹੀ ਨੂੰ ਨਸ਼ੇ (ਚਿੱਟੇ) ਦੀ ਇਸ ਦਲਦਲ ਤੋਂ ਬਚਾਇਆ ਜਾ ਸਕੇ, ਪਰ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਨਸ਼ੇ ਨੂੰ ਰੋਕਣ ਲਈ ਯਤਨ ਕਰਨ ਦੇ ਬਾਵਜੂਦ ਪੰਜਾਬ ਵਿਚੋਂ ਇਹ ਖਤਮ ਨਹੀਂ ਹੋ ਰਿਹਾ, ਕਿਉਂਕਿ ਇਸ ਤਰ੍ਹਾਂ ਦੇ ਕਈ ਇਲਾਕੇ ਅਤੇ ਕਈ ਸ਼ਹਿਰ ਹਨ ਜਿਥੇ ਜਾਂ ਤਾਂ ਪ੍ਰਸ਼ਾਸਨ ਸੁੱਤਾ ਹੋਇਆ ਨਜ਼ਰ ਆ ਰਿਹਾ ਹੈ ਜਾਂ ਫਿਰ ਪ੍ਰਸ਼ਾਸਨ ਵਲੋਂ ਜਾਣਬੁਝ ਕੇ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।ਇਸ ਤਰ੍ਹਾਂ ਦਾ ਇਕ ਨਜ਼ਾਰਾ ਅੱਜ ਪਠਾਨਕੋਟ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਏਰੀਆ ਵਿੱਚ ਪੈਂਦੇ ਮੁਹੱਲਾ ਭਦਰੋਆ (ਚੱਕੀ ਪੁਲ) ਕੋਲ ਕੁਝ ਨੌਜਵਾਨਾਂ ਨੂੰ ਨਸ਼ਾ ਕਰਦੇ ਹੋਏ
ਅਪਣੇ ਕੈਮਰੇ ਵਿੱਚ ਕੈਦ ਕੀਤਾ ਗਿਆ। ਨਸ਼ਾ ਕਰ ਰਹੇ ਨੌਜਵਾਨਾਂ ਨੂੰ ਇਸ ਨਸ਼ੇ ਸਬੰਧੀ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਨਸ਼ੇ ਦੇ ਆਦੀ ਹੋ ਚੁੱਕੇ ਹਨ ਅਤੇ ਉਸ ਤੋਂ ਬਿਨਾ ਨਹੀਂ ਰਹਿ ਸਕਦੇ।ਇਕ ਕੰਸੀ ਨਾਂਅ ਦੀ ਔਰਤ ਨੇ ਦੱਸਿਆ ਕਿ ਉਸਦਾ ਆਪਣਾ ਬੱਚਾ ਵੀ ਇਸ ਜ਼ਹਿਰਨੁਮਾ ਨਸ਼ੇ ਦਾ ਸ਼ਿਕਾਰ ਹੋ ਚੁੱਕਾ ਹੈ।ਔਰਤ ਨੇ ਮੀਡੀਆ ਰਾਹੀਂ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹੋਏ ਕਿਹਾ ਇਸ ਨੂੰ ਤੁਰੰਤ ਬੰਦ ਕੀਤਾ ਜਾਵੇ ਤਾਂ ਜੋ ਕੀ ਕਿਸੇ ਹੋਰ ਦੇ ਬੱਚਿਆਂ ਨੂੰ ਇਹ ਭਿਆਨਕ ਨਸ਼ੇ ਦੀ ਬਿਮਾਰੀ ਨਾ ਲੱਗੇ।
ਇਸ ਬਾਰੇ ਮੁਹੱਲੇ ਦੇ ਪ੍ਰਧਾਨ ਗਾਰਾ ਸਾਂਸੀ ਨੇ ਆਪਣੇ ਮੁਹੱਲੇ ਦੇ ਲੋਕਾਂ ਨਾਲ ਮਿਲ ਕੇ ਇਹ ਮਨ ਬਣਾ ਲਿਆ ਹੈ ਕਿ ਹੁਣ ਇਸ ਨੂੰ ਜੜ੍ਹ ਤੋਂ ਖਤਮ ਕੀਤਾ ਜਾਵੇ।ਪ੍ਰਧਾਨ ਗਾਰਾ ਸਾਂਸੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਜਗ੍ਹਾ ’ਤੇ ਨਸ਼ਾ ਖਰੀਦਣ ਲਈ ਪੰਜਾਬ ਦੇ ਅਲਗ ਅਲਗ ਸ਼ਹਿਰਾਂ ਤੋਂ ਲੋਕ ਆਉਂਦੇ ਸੀ, ਪਰ ਹੁਣ ਉਨ੍ਹਾਂ ਵਲੋਂ ਇਸ ਨੂੰ ਖਤਮ ਕਰਨ ਲਈ ਇਥੇ ਨਾਕਾ ਲਗਾਇਆ ਗਿਆ ਹੈ ਅਤੇ ਨੌਜਵਾਨਾਂ ਨੂੰ ਪਿਆਰ ਨਾਲ ਸਮਝਾਇਆ ਜਾਂਦਾ ਹੈ ਕਿ ਇੱਥੇ ਨਸ਼ਾ ਨਹੀਂ ਵਿਕਦਾ, ਪਰ ਜੇਕਰ ਉਹ ਨਹੀਂ ਮੰਨਦੇ ਤਾਂ ਉਨ੍ਹਾਂ ਨੂੰ ਦੂਜੇ ਤਰੀਕੇ ਨਾਲ ਸਮਝਾਇਆ ਜਾਂਦਾ ਹੈ।ਪ੍ਰਧਾਨ ਗਾਰਾ ਸਾਂਸੀ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਵੀ ਮੰਗ ਕੀਤੀ ਕਿ ਨਸ਼ਾ ਛਡਾਉਣ ਵਾਲੀ ਇਸ ਮੁਹਿਮ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾਵੇ।ਇਸ ਮੌਕੇ ’ਤੇ ਪ੍ਰਧਾਨ ਗਾਰਾ, ਬਾਵਾ, ਅਸ਼ਵਨੀ ਕੁਮਾਰ, ਅਨੂ ਸਿੰਘ, ਨਰਿੰਦਰ ਸਿੰਘ, ਵਿਕਾਸ, ਪਵਨ, ਸਰਦਾਰੀ ਲਾਲ, ਸੋਨੂ ਸਿੰਘ, ਕਰਨ ਸਿੰਘ, ਕੋਲੀ ਆਦਿ ਮੌਜੂਦ ਸਨ।