ਅਨੈਪਲਿਸ, 9 ਅਪ੍ਰੈਲ (ਡਾ. ਗਿੱਲ)- ਅਮਰੀਕਨ-ਇਸਲਾਮ ਕੌਂਸਲ ਵੱਲੋਂ ਸਾਂਝੇ ਤੌਰ ’ਤੇ ਇਕ ਪ੍ਰਭਾਵਸ਼ਾਲੀ ਲੀਡਰਸ਼ਿਪ ਸੈਮੀਨਾਰ ਦਾ ਆਯੋਜਿਨ ਸੈਨੇਟਰ ਹਾਊਸ ਅਨੈਪਲਿਸ ਵਿਖੇ ਕੀਤਾ ਗਿਆ, ਜਿਸ ਵਿਚ 115 ਵਿਦਿਆਰਥੀਆਂ ਨੇ ਹਿੱਸਾ ਲਿਆ। ਇਹ ਵਿਦਿਆਰਥੀ ਵੱਖ-ਵੱਖ ਸਕੂਲਾਂ ਤੋਂ ਮੈਰੀਲੈਂਡ, ਵਰਜੀਨੀਆ, ਨਿਊਜਰਸੀ ਅਤੇ ਵਾਸ਼ਿੰਗਟਨ ਡੀ ਸੀ ਤੋਂ ਸਨ, ਜਿਨ੍ਹਾਂ ਨੂੰ ਪ੍ਰਭਾਵਿਤ ਕਰਨ ਲਈ ਮਾਪਿਆਂ ਅਤੇ ਕੌਂਸਲ ਦਾ ਯੋਗਦਾਨ ਸੀ। ਇਸ ਪ੍ਰੋਗਰਾਮ ਦੀ ਸ਼ੁਰੂਆਤ ਜੈਨਾਬ ਚੌਧਰੀ ਨੇ ਸੈਮੀਨਾਰ ਬਾਰੇ ਵਿਸਥਾਰਪੂਰਵਕ ਦੱਸ ਕੇ ਕੀਤੀ ਅਤੇ ਸੈਨੇਟ ਜੋਕੈਰੀ ਨੂੰ ਸੱਦਾ ਦਿੱਤਾ, ਕਿਉਂਕਿ ਅੱਜ ਦੇ ਸੈਮੀਨਾਰ ’ਤੇ ਬੱਚਿਆਂ ਨੂੰ ਸੰਬੋਧਨ ਕਰਨ। ਜੋਕੈਰੀ ਨੇ ਕਿਹਾ ਕਿ ਅਮਰੀਕਾ ਵਿਚ ਅਸੀਂ ਇਕ ਪਰਿਵਾਰ ਦੀ ਤਰ੍ਹਾਂ ਹਾਂ ਅਤੇ ਇਥੇ ਹਰੇਕ ਨੂੰ ਖੁੱਲ੍ਹ ਹੈ ਕਿ ਉਹ ਆਪਣੀਆਂ ਧਾਰਮਿਕ ਰਹੁਰੀਤਾਂ ਵਿਚ ਰਹਿ ਕੇ ਆਪਣੀ ਕਮਿਉਨਿਟੀ ਨੂੰ ਪ੍ਰਫੁੱਲਤ ਕਰੇ ਅਤੇ ਰਾਜਨੀਤੀ ਵਿਚ ਆਪਣੇ-ਆਪ ਨੂੰ ਪ੍ਰਫੁੱਲਤ ਕਰਨ ਲਈ
ਜਥੇਬੰਦਕ ਹੋਵੇ। ਉਨ੍ਹਾਂ ਕਿਹਾ ਕਿ ਹਰ ਕੋਈ ਆਪਣੇ ਆਲੇ-ਦੁਆਲੇ ਜੋ ਕੁਝ ਵਾਪਰ ਰਿਹਾ ਹੈ ਉਸ ਬਾਰੇ ਜਾਣਕਾਰੀ ਹਾਸਿਲ ਕਰਕੇ ਉਸ ’ਤੇ ਵਿਚਾਰ ਕਰੇ। ਉਨ੍ਹਾਂ ਨੂੰ ਚੰਗੇ-ਮਾੜੇ ਦੀ ਪਰਖ ਕਰਨ ਦਾ ਇਲਮ ਹੋਣਾ ਲਾਜ਼ਮੀ ਹੈ ਤਾਂ ਹੀ ਉਹ ਉਸਾਰੂ ਕਾਰਜ ਕਰ ਸਕਦਾ ਹੈ। ਸੈਨੇਟਰ ਮੈਰੀਲੈਨੋ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਵਿਚ ਤਰਜੀਹ ਦੇਣੀ ਚਾਹੀਦੀ ਹੈ ਅਤੇ ਆਪਣੀ ਹਿਸਟਰੀ ਬਾਰੇ ਗਿਆਨ ਹਾਸਿਲ ਕਰਕੇ ਦ੍ਰਿੜ ਇਰਾਦੇ ਨਾਲ ਡੇ-ਟੂ-ਡੇ ਜ਼ਿੰਦਗੀ ਵਿਚੋਂ ਗੁਜਰਨਾ ਚਾਹੀਦਾ ਹੈ, ਕਾਮਯਾਬੀ ਆਪਣੇ-ਆਪ ਰਾਹ ਅਖਤਿਆਰ ਕਰਨ ਵਿਚ ਸਹਾਈ ਹੁੰਦੀ ਹੈ। ਅਰੁਨਾ ਮਿਲਰ ਹਾਊਸ ਆਫ ਡੈਲੀਗੇਟਸ ਨੇ ਆਪਣੀ ਵਿਦਿਆਰਥੀ ਜ਼ਿੰਦਗੀ ਅਤੇ ਰਾਜਨੀਤੀ ਵਿਚ ਪ੍ਰਵੇਸ਼ ਸਬੰਧੀ ਨੁਕਤਿਆਂ ਨੂੰ ਸਾਂਝਾ ਕੀਤਾ। ਕੈਟੀ ਮੁਲਾ ਨੇ ਕਿਹਾ ਕਿ ਜਿਸ ਵਿਦਿਆਰਥੀ ਨੂੰ ਹਿਸਟਰੀ, ਜਰਨਲਿਜ਼ਮ, ਅਰਥ-ਸ਼ਾਸਤਰ, ਪੁਲੀਟੀਕਲ ਸਾਇੰਸ ਬਾਰੇ ਗਿਆਨ ਨਹੀਂ ਉਹ ਕਦੇ ਵੀ ਰਾਜਨੀਤੀ ਵਿਚ ਕਾਮਯਾਬ ਨਹੀਂ ਹੋ ਸਕਦਾ, ਭਾਵੇਂ ਉਹ ਜਿੱਤ ਕਿਉਂ ਹੀ ਨਾ ਜਾਵੇ। ਸਫਲ ਰਾਜਨੀਤਕ ਨੂੰ ਵਿਸ਼ੇ ਬਾਰੇ ਗਿਆਨ ਹੋਣਾ ਲਾਜ਼ਮੀ ਹੈ ਤਾਂ ਹੀ ਸਫਲ ਲੀਡਰ ਵਜੋਂ ਉਭਰ ਸਕਦਾ ਹੈ ਅਤੇ ਆਪਣੀ ਕਮਿਉਨਿਟੀ ਦਾ ਖੈਰਖਵਾਹ ਬਣ ਸਕਦਾ ਹੈ।
ਇਸ ਮੌਕੇ ਜਸਦੀਪ ਸਿੰਘ ਨੇ ਕਿਹਾ ਕਿ ਅਜਿਹੇ ਲੀਡਰਸ਼ਿਪ ਸੈਮੀਨਾਰ ਕਰਨੇ ਬਹੁਤ ਜ਼ਰੂਰੀ ਹਨ, ਜਿਸ ਨਾਲ ਵਿਦਿਆਰਥੀ ਵਰਗ ਰਾਜਨੀਤੀ ਵਿਚ ਪ੍ਰਵੇਸ਼ ਕਰਕੇ ਕਈ ਤਰ੍ਹਾਂ ਦੇ ਲਾਭ ਕਮਿਉਨਿਟੀ ਨੂੰ ਦਿਵਾ ਸਕਦਾ ਹੈ। ਸਾਜਿਦ ਤਰਾਰ ਨੇ ਕਿਹਾ ਕਿ ਅਸੀਂ ਵਿਦੇਸ਼ਾਂ ਵਿਚ ਤਾਂ ਹੀ ਕਾਮਯਾਬ ਹੋਵਾਂਗੇ ਜੇਕਰ ਰਾਜਨੀਤੀ ਵਿਚ ਸੁਚੇਤ ਹੋ ਕੇ ਹਿੱਸਾ ਲਵਾਂਗੇ, ਇਸ ਲਈ ਪੜ੍ਹਾਈ ਜ਼ਰੂਰੀ ਹੈ। ਜਿਥੇ ਇਸ ਸੈਮੀਨਾਰ ਨੂੰ ਕਾਮਯਾਬ ਕਰਨ ਲਈ ਇਸਲਾਮਿਕ ਰਲੀਫ ਅਮਰੀਕਾ, ਸੈਂਟਰ ਫਾਰ ਸੋਸ਼ਲ ਚੇਂਜ, ਯੂਨਾਇਟਿਡ ਮੁਸਲਿਮ ਰਲੀਫ, ਅਮਨਾ ਮੀਊਚਲ ਫੰਡ, ਇਸਲਾਮਿਕ ਸੁਸਾਇਟੀ ਅਨੈਪਲਿਸ, ਸਰੀਆ ਪੋਰਟਫੋਲਿਉ ਨੇ ਸਪਾਂਸਰ ਕੀਤਾ ਸੀ, ਉਥੇ ਅੱਜ ਦੇ ਸੈਮੀਨਾਰ ’ਤੇ ਜਸਦੀਪ ਸਿੰਘ ਜੱਸੀ ਅਤੇ ਸਾਜਿਦ ਤਰਾਰ ਨੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ ਜੋ ਇਸ ਸੈਮੀਨਾਰ ਦੇ ਗੈਸਟ ਆਫ ਆਨਰ ਸਨ। ਉਪਰੰਤ ਵਿਦਿਆਰਥੀਆਂ ਨੂੰ ਸਟੇਟ ਹਾਊਸ ਦਾ ਟੂਰ ਕਰਵਾਇਆ ਗਿਆ, ਜੋ ਕਾਬਲੇ ਤਾਰੀਫ ਹੋ ਨਿਬੜਿਆ।