April 22, 2026 4:31 pm

ਟ੍ਰੈਫਿਕ ਸਮੱਸਿਆ ਨਾਲ ਨਜਿੱਠਣ ਲਈ ਬਠਿੰਡਾ ਸ਼ਹਿਰ ਨੂੰ ਜ਼ੋਨਾਂ ’ਚ ਵੰਡਿਆ ਜਾਵੇਗਾ : ਐਸ.ਐਸ.ਪੀ.’

ਬਠਿੰਡਾ, 8 ਅਪ੍ਰੈਲ (ਅਮਰਜੀਤ ਸਿੰਘ ਸਿੱਧੂ/ ਗੁਰਤੇਜ ਸਿੰਘ ਸਿੱਧੂ)- ਕਮਿਊਨਿਟੀ ਪੁਲਸਿੰਗ ਰਿਸੋਰਸ ਸੈਂਟਰ (ਸੀ.ਪੀ.ਆਰ.ਸੀ.) ਵਲੋਂ ਅੱਜ ਐਸ.ਐਸ.ਪੀ ਬਠਿੰਡਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ, ਜਿਸ ਵਿਚ ਸਾਂਝ ਪ੍ਰੋਜੈਕਟ ਅਧੀਨ ਕੀਤੇ ਜਾਣ ਵਾਲੇ ਲੋਕ ਭਲਾਈ ਦੇ ਕੰਮਾਂ ਨੂੰ ਵਿਚਾਰਿਆ ਗਿਆ। ਮੀਟਿੰਗ ਵਿਚ ਕਮਿਊਨਿਟੀ ਪੁਲਸਿੰਗ ਰਿਸੋਰਸ ਸੈਂਟਰ ਦੀ ਕਮੇਟੀ ਦੇ ਚੇਅਰਮੈਨ-ਕਮ-ਐਸ.ਐਸ.ਪੀ. ਸ਼੍ਰੀ ਇੰਦਰ ਮੋਹਨ ਸਿੰਘ ਭੱਟੀ ਨੇ ਕਿਹਾ ਕਿ ਬਠਿੰਡਾ ਸ਼ਹਿਰ ਵਿਚ ਟ੍ਰੈਫਿਕ ਸਮੱਸਿਆ ਦਾ ਹੱਲ ਕਰਨ ਲਈ ਸ਼ਹਿਰ ਨੂੰ ਜ਼ੋਨਾਂ ਵਿਚ ਵੰਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਜ਼ੋਨਾਂ ਦੇ ਇੰਚਾਰਜ ਏ.ਐਸ.ਆਈ. ਲਗਾਏ ਜਾਣਗੇ, ਤਾਂ ਜੋ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਟ੍ਰੈਫਿਕ ਨੂੰ ਦਰੁੱਸਤ ਕਰਨ ਲਈ ਸ਼ਹਿਰ ਵਿਚ ਨਜਾਇਜ਼ ਕਬਜ਼ੇ ਵੀ ਹਟਾਏ ਜਾਣਗੇ।

ਐਸ.ਐਸ.ਪੀ. ਨੇ ਕਿਹਾ ਕਿ ਪੁਲਿਸ ਸਾਂਝ ਕੇਂਦਰਾਂ ਵਿਚ ਹੁਣ ਪਾਸਪੋਰਟ, ਕਰੈਕਟਰ, ਪੁਲਿਸ ਕਲੀਅਰੈਂਸ ਸਰਟੀਫਿਕੇਟ ਅਤੇ ਅਸਲਾ ਵੈਰੀਫਿਕੇਸ਼ਨ ਆਦਿ ਮੌਕੇ ਬਿਨੈਕਾਰ ਨੂੰ ਉਸਦੇ ਮੋਬਾਇਲ ’ਤੇ ਐਸ.ਐਮ.ਐਸ. ਕਰਕੇ ਅਗਾਊਂ ਜਾਣਕਾਰੀ ਦਿੱਤੀ ਜਾਵੇਗੀ।  ਉਨ੍ਹਾਂ ਕਿਹਾ ਕਿ ਬਿਨੈਕਾਰ ਨਾਲ ਸਬੰਧਿਤ ਸੇਵਾਵਾਂ ਤਿਆਰ ਹੋਣ ਉਪਰੰਤ ਉਸਨੂੰ ਸੂਚਿਤ ਵੀ ਕੀਤਾ ਜਾਵੇਗਾ, ਤਾਂ ਜੋ ਪ੍ਰਾਰਥੀ ਬਿਨ੍ਹਾਂ ਕਿਸੇ ਵੀ ਤਰ੍ਹਾਂ ਦੀ ਦੇਰੀ ਦੇ ਸੇਵਾਵਾਂ ਹਾਸਲ ਕਰ ਸਕਣ। ਉਨ੍ਹਾਂ ਕਿਹਾ ਕਿ ਸਾਂਝ ਕੇਂਦਰ ਵਿਚ ਜ਼ਿਲ੍ਹੇ ਵਿਚ ਸੁਚਾਰੂ ਢੰਗ ਨਾਲ ਚੱਲ ਰਹੇ ਹਨ ਅਤੇ ਲੋਕ ਵੀ ਲਗਾਤਾਰ ਇਨ੍ਹਾਂ ਕੇਂਦਰਾਂ ਰਾਹੀਂ ਸੇਵਾਵਾਂ ਪ੍ਰਾਪਤ ਕਰ ਰਹੇ ਹਨ। 
ਮੀਟਿੰਗ ਦੌਰਾਨ ਸ਼੍ਰੀ ਇੰਦਰ ਮੋਹਨ ਸਿੰਘ ਭੱਟੀ ਨੇ ਕਮਿਊਨਿਟੀ ਪੁਲਸਿੰਗ ਰਿਸੋਰਸ ਸੈਂਟਰ ਦੇ ਕਮੇਟੀ ਮੈਂਬਰਾਂ ਤੋਂ ਸੁਝਾਅ ਵੀ ਲਏ, ਤਾਂ ਜੋ ਲੋਕ ਹਿੱਤ ਕਾਰਜ ਆਰੰਭੇ ਜਾ ਸਕਣ। ਉਨ੍ਹਾਂ ਇਸਤਰੀਆਂ ਉਪਰ ਘਰੇਲੂ ਹਿੰਸਾ ਦੇ ਕੇਸਾਂ ਬਾਰੇ ਸੀ.ਪੀ.ਆਰ.ਸੀ. ਵਲੋਂ ਬਣਾਈ ਕਮੇਟੀ ਦੇ ਫੈਸਲਿਆਂ ਅਤੇ ਆ ਰਹੀਆਂ ਮੁਸ਼ਕਿਲਾਂ ਬਾਰੇ ਵੀ ਚਰਚਾ ਕੀਤੀ।

Send this to a friend