April 22, 2026 4:32 pm

ਸਿੱਖਿਆ ਵਿਭਾਗ ਦੇ ਵਿਸ਼ੇਸ਼ ਨਿਰੀਖਣ ਸੈੱਲ ਵੱਲੋਂ 667 ਸਕੂਲਾਂ ਦੀ ਚੈਕਿੰਗ

ਚੰਡੀਗੜ੍ਹ, 8 ਅਪ੍ਰੈਲ (ਪੀ.ਟੀ.)- ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਬਣਾਏ ਵਿਸ਼ੇਸ਼ ਨਿਰੀਖਣ ਸੈਲ ਵੱਲੋਂ ਨਵੇਂ ਵਿਦਿਅਕ ਵਰ੍ਹੇ ਵਿੱਚ ਵੀ ਸਕੂਲਾਂ ਦੀ ਨਿਰੰਤਰ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਅੱਜ 667 ਸਕੂਲਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ 30 ਅਧਿਆਪਕ ਗੈਰ ਹਾਜ਼ਰ, 43 ਲੇਟ ਹਾਜ਼ਰ ਅਤੇ 24 ਅਧਿਆਪਕ ਲੰਬੇ ਸਮੇਂ ਤੋਂ ਗੈਰ ਹਾਜ਼ਰ ਪਾਏ ਗਏ। ਫਰੀਦਕੋਟ ਮੰਡਲ ਵਿੱਚ ਕੋਈ ਵੀ ਅਧਿਆਪਕ ਗੈਰ ਹਾਜ਼ਰ ਜਾਂ ਲੇਟ ਹਾਜ਼ਰ ਨਹੀਂ ਪਾਇਆ ਗਿਆ ਜਦੋਂ ਕਿ ਨਾਭਾ ਮੰਡਲ ਵਿੱਚ ਇਕ ਅਧਿਆਪਕ ਗੈਰ ਹਾਜ਼ਰ ਪਾਇਆ ਗਿਆ ਅਤੇ ਲੇਟ ਹਾਜ਼ਰ ਕੋਈ ਵੀ ਨਹੀਂ ਪਾਇਆ ਗਿਆ। ਬੁਲਾਰੇ ਅਨੁਸਾਰ ਲੰਬੇ ਸਮੇਂ ਤੋਂ ਗੈਰ ਹਾਜ਼ਰ ਚੱਲ ਰਹੇ ਅਧਿਆਪਕਾਂ ਨੂੰ ਚਾਰਜਸ਼ੀਟ ਜਾਰੀ ਕਰ ਕੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਗੈਰ ਹਾਜ਼ਰ ਅਤੇ ਲੇਟ ਆਉਣ ਵਾਲੇ ਅਧਿਆਪਕਾਂ ਖਿਲਾਫ ਅਗਲੇਰੀ ਕਾਰਵਾਈ ਲਈ ਵਿਭਾਗ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣਗੇ।

ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਦੀਆਂ ਵਿਸ਼ੇਸ਼ ਟੀਮਾਂ ਜਿਸ ਵਿੱਚ ਸਬੰਧਤ ਜ਼ਿਲੇ•ਦੇ ਜ਼ਿਲਾ ਸਿੱਖਿਆ ਅਧਿਕਾਰੀ, ਉਪ ਜ਼ਿਲਾ ਸਿੱਖਿਆ ਅਧਿਕਾਰੀ ਅਤੇ ਵਿਸ਼ੇਸ਼ ਨਿਰੀਖਣ ਸੈਲ ਦੇ ਮੈਂਬਰ ਸਨ, ਨੇ ਅੱਜ ਸਵੇਰੇ ਸਕੂਲ ਖੁੱਲ੍ਹਦਿਆਂ ਹੀ 667 ਸਕੂਲਾਂ ਦੀ ਚੈਕਿੰਗ ਕੀਤੀ। ਸਰਕਾਰੀ ਬੁਲਾਰੇ ਨੇ ਮੰਡਲ ਅਨੁਸਾਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲੰਧਰ ਮੰਡਲ ਵਿੱਚ 260 ਸਕੂਲਾਂ ਦੀ ਚੈਕਿੰਗ ਕੀਤੀ ਗਈ ਜਿਸ ਦੌਰਾਨ 29 ਅਧਿਆਪਕ ਗੈਰ ਹਾਜ਼ਰ, 43 ਲੇਟ ਹਾਜ਼ਰ ਅਤੇ 11 ਲੰਬੇ ਸਮੇਂ ਤੋਂ ਗੈਰ ਹਾਜ਼ਰ ਪਾਏ ਗਏ। ਨਾਭਾ (ਪਟਿਆਲਾ) ਮੰਡਲ ਵਿੱਚ ਕੀਤੀ ਗਈ 227 ਸਕੂਲਾਂ ਦੀ ਚੈਕਿੰਗ ਦੌਰਾਨ 1 ਅਧਿਆਪਕ ਗੈਰ ਹਾਜ਼ਰ ਅਤੇ 9 ਲੰਬੇ ਸਮੇਂ ਤੋਂ ਗੈਰ ਹਾਜ਼ਰ ਪਾਏ ਗਏ। ਫਰੀਦਕੋਟ ਮੰਡਲ ਵਿੱਚ 180 ਸਕੂਲਾਂ ਦੀ ਚੈਕਿੰਗ ਕੀਤੀ ਗਈ ਜਿਸ ਵਿੱਚ 4 ਲੰਬੇ ਸਮੇਂ ਤੋਂ ਗੈਰ ਹਾਜ਼ਰ ਪਾਏ ਗਏ। ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਸਕੂਲਾਂ ਵਿੱਚ ਅਧਿਆਪਕਾਂ ਦੀ ਹਾਜ਼ਰੀ ਯਕੀਨੀ ਬਣਾਈ ਰੱਖਣ ਅਤੇ ਅਨੁਸ਼ਾਸ਼ਣ ਕਾਇਮ ਰੱਖਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ।

Send this to a friend