ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਦੇਸ਼ ਭਰ ਵਿੱਚ ਕੁਦਰਤੀ ਆਫਤਾਂ ਨਾਲ ਫਸਲ ਦੀ ਤਬਾਹੀ ਲਈ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਵਿੱਚ ਸੋਧ ਕਰਨ ਦਾ ਸਵਾਗਤ ਕੀਤਾ ਹੈ।ਅੱਜ ਇੱਥੇ ਜਾਰੀ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਖਰਾਬ ਮੌਸਮ ਦੇ ਕਾਰਨ ਫਸਲਾਂ ਦੇ ਹੋਏ ਭਾਰੀ ਨੁਕਸਾਨ ਕਾਰਨ ਕਿਸਾਨੀ ਨੂੰ ਦਰਪੇਸ਼ ਸਮੱਸਿਆਵਾਂ ਵਿੱਚੋਂ ਕਿਸਾਨਾਂ ਨੂੰ ਬਾਹਰ ਕੱਢਣ ਲਈ ਦਿਖਾਈ ਗਈ ਚਿੰਤਾ ਦੀ ਪ੍ਰਸੰਸਾ ਕੀਤੀ ਹੈ।ਲਾਗਤ ਸਬਸਿਡੀ ਦੇ ਨਿਯਮਾਂ ਵਿੱਚ ਤਬਦੀਲੀ ਲਿਆਉਣ ਦੇ ਪ੍ਰਧਾਨ ਮੰਤਰੀ ਦੇ ਬਿਆਨ ਦੀ ਸ਼ਲਾਘਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਕਿਸਾਨ ਫਸਲ ਦਾ 33 ਫੀਸਦੀ ਨੁਕਸਾਨ ਹੋਣ ’ਤੇ ਵੀ ਲਾਗਤ ਸਬਸਿਡੀ ਪ੍ਰਾਪਤ ਕਰਨ ਲਈ ਯੋਗ ਹੋਣਗੇ ਜਦਕਿ ਪਹਿਲਾਂ 50 ਫੀਸਦੀ ਜਾਂ ਇਸ ਤੋਂ ਵੱਧ ਨੁਕਸਾਨ ਲੋੜੀਂਦਾ ਸੀ।ਇਸੇ ਤਰ੍ਹਾਂ ਹੀ ਮੁੱਖ ਮੰਤਰੀ ਨੇ ਐਨ.ਡੀ.ਏ. ਸਰਕਾਰ ਵੱਲੋਂ ਕੀਤੀਆਂ ਗਈਆਂ ਹੋਰ ਕਿਸਾਨ
ਪੱਖੀ ਪਹਿਲਕਦਮੀਆਂ ਦੀ ਪ੍ਰਸੰਸਾ ਕੀਤੀ ਜਿਸ ਦੇ ਹੇਠ ਪਹਿਲਾਂ ਦਿੱਤੇ ਜਾਂਦੇ ਮੁਆਵਜ਼ੇ ਵਿੱਚ 50 ਫੀਸਦੀ ਸਬਸਿਡੀ ਲਾਗਤ ਵਧਾਈ ਗਈ ਹੈ। ਇਸ ਫੈਸਲੇ ਨਾਲ ਖਰਾਬ ਮੌਸਮ ਕਾਰਨ ਕਿਸਾਨਾਂ ਨੂੰ ਹੋਣ ਵਾਲੇ ਨੁਕਸਾਨ ਲਈ ਵੱਧ ਰਾਹਤ ਪ੍ਰਾਪਤ ਹੋਵੇਗੀ। ਪਰ ਇਸੇ ਤਰ੍ਹਾਂ ਹੀ ਮੁੱਖ ਮੰਤਰੀ ਨੇ ਪ੍ਰਭਾਵਿਤ ਕਿਸਾਨਾਂ ਨੂੰ 10,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤੇ ਜਾਣ ਲਈ ਭਾਰਤ ਸਰਕਾਰ ’ਤੇ ਜ਼ੋਰ ਪਾਇਆ ਹੈ। ਉਨ੍ਹਾਂ ਨੇ ਇਨ੍ਹਾਂ ਨਿਯਮਾਂ ਦਾ ਨਿਯਮਤ ਤੌਰ ’ਤੇ ਜਾਇਜ਼ਾ ਲੈਣ ਦੀ ਕੇਂਦਰ ਨੂੰ ਵੀ ਅਪੀਲ ਕੀਤੀ ਹੈ ਤਾਂ ਜੋ ਕਿਸਾਨਾਂ ਨੂੰ ਵਸਤਾਂ ਦੀਆਂ ਮੰਡੀ ਕੀਮਤਾਂ ਅਨੁਸਾਰ ਲਾਗਤ ਸਬਸਿਡੀ ਦਿੱਤੀ ਜਾ ਸਕੇ।