ਧੂਰੀ ਹਲਕੇ ਦੀ ਨੁਹਾਰ ਇਕ ਸਾਲ ’ਚ ਬਦਲ ਦੇਣ ਦਾ ਵਾਅਦਾ
ਧੂਰੀ, 6 ਅਪ੍ਰੈਲ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਅਕਾਲੀ ਦਲ-ਭਾਜਪਾ ਦਾ ਗਠਜੋੜ ਪੰਜਾਬ ਅਤੇ ਪੰਜਾਬੀਅਤ ਲਈ ਅਹਿਮ ਹੈ। ਉਨ੍ਹਾਂ ਕਿਹਾ ਕਿ ਇਹ ਗਠਜੋੜ ਸਮੇਂ ਦੀ ਕਸਵੱਟੀ ’ਤੇ ਪਰਖਿਆ ਹੋਇਆ ਹੈ ਕਿਉਂਕਿ ਅਕਾਲੀ ਦਲ ਨੇ ਭਾਜਪਾ ਨੂੰ ਹਮੇਸ਼ਾ ਬਿਨ੍ਹਾਂ ਸ਼ਰਤ ਹਮਾਇਤ ਕੀਤੀ ਹੈ।ਅੱਜ ਇੱਥੇ ਮੁਹੱਲਾ ਸ਼ਿਵਪੁਰੀ ਵਿਖੇ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਬ੍ਰਜੇਸ਼ਵਰ ਗੋਇਲ ਦੀ ਅਗਵਾਈ ਹੇਠ ਹੋਈ ਭਰਵੀਂ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਧੂਰੀ ਹਲਕੇ ਵਿਚ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੈਂ ਹਲਕੇ ਦੀ ਨੁਹਾਰ ਇਕ ਸਾਲ ਵਿਚ ਬਦਲ ਦੇਣ ਦਾ ਵਾਅਦਾ ਕਰਦਾ ਹਾਂ, ਜਿਸ ਤਹਿਤ ਪੀਣ ਵਾਲਾ ਪਾਣੀ, ਸੀਵਰੇਜ਼, ਸੜਕਾਂ, ਗਲੀਆਂ ਤੇ ਲਾਇਟਾਂ ਲਾਉਣ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾਵੇਗਾ।
ਬਾਦਲ ਨੇ ਕਿਹਾ ਕਿ ਉਹ ਕਦੇ ਵੀ ਅਜਿਹਾ ਵਾਅਦਾ ਨਹੀਂ ਕਰਦੇ ਜੋ ਪੂਰਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ ਦਾ ਵਾਅਦਾ ਕੀਤਾ ਸੀ ਜੋ ਕਿ ਪੂਰਾ ਕਰਕੇ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਹੁਣ ਸਾਡੀ ਸਰਕਾਰ ਵਲੋਂ ਸਾਰੇ ਰਾਜ ਦੇ ਸਾਰੇ ਸ਼ਹਿਰਾਂ ਨੂੰ 4/6 ਮਾਰਗੀ ਸੜਕਾਂ ਨਾਲ ਜੋੜਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਕੇਂਦਰ ਸਰਕਾਰ ਵਲੋਂ ਇਸ ਖਾਤਰ 20,000 ਕਰੋੜ ਰੁਪੈ ਦੇ ਸੜਕੀ ਪ੍ਰਾਜੈਕਟ ਮਨਜ਼ੂਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਵਿਕਾਸ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਕੱਲੇ ਪੰਜਾਬ ਵਿਚ ਹੀ ਦੋ ਅੰਤਰਰਾਸ਼ਟਰੀ ਹਵਾਈ ਅੱਡੇ ਹਨ।
ਸ. ਬਾਦਲ ਨੇ ਕਿਹਾ ਕਿ ਸਾਰੀਆਂ ਸਮਾਜ ਭਲਾਈ ਸਕੀਮਾਂ ਜਿਵੇਂ ਕਿ ਸ਼ਗਨ ਸਕੀਮ, ਆਟਾ ਦਾਲ, ਬੁਢਾਪਾ ਪੈਨਸ਼ਨ ਸਿਰਫ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਹੀ ਸ਼ੁਰੂ ਕੀਤੀਆਂ ਗਈਆਂ ਹਨ ਜਦਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵੇਲੇ ਇਕ ਵੀ ਲੋਕ ਭਲਾਈ ਯੋਜਨਾ ਸ਼ੁਰੂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਮੈਂ ਹਾਲ ਹੀ ਵਿਚ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਕਾਂਗਰਸੀ ਵਿਧਾਇਕਾਂ ਨੂੰ ਚੁਣੌਤੀ ਦਿੱਤੀ ਸੀ ਕਿ ਉਹ ਉਨ੍ਹਾਂ ਦੀ ਸਰਕਾਰ ਵਲੋਂ ਲਾਗੂ ਕੀਤੀ ਕਿਸੇ ਇਕ ਯੋਜਨਾ ਜਾਂ ਪ੍ਰਾਜੈਕਟ ਦਾ ਨਾਮ ਦੱਸ ਦੇਣ ਤਾਂ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ।
ਉਨ੍ਹਾਂ ਨੇ ਇਸ ਮੌਕੇ ਵਪਾਰੀਆਂ ਦੇ ਹੱਕ ਵਿਚ ਲਏ ਗਏ ਫੈਸਲਿਆਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਰਕਾਰ ਵਲੋਂ ਰਾਹਤ ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਵਿਸ਼ੇਸ਼ ਕਰਕੇ ਛੋਟੇ ਵਪਾਰੀਆਂ ਨੂੰ ਵੱਡੀ ਸਹੂਲਤ ਦਿੱਤੀ ਗਈ ਹੈ। ਸਾਲਾਨਾ 5 ਲੱਖ ਤੋਂ ਘੱਟ ਦੀ ਟਰਨ ਓਵਰ ਵਾਲੇ ਵਪਾਰੀ ਕੇਵਲ 51 ਰੁਪੈ ਪ੍ਰਤੀ ਸਾਲ ਦੇ ਕੇ ਇਕ ਸਟਿੱਕਰ ਪ੍ਰਾਪਤ ਕਰ ਸਕਦੇ ਹਨ ਜਿਸ ਤਹਿਤ ਉਨ੍ਹਾਂ ਦੀ ਕੋਈ ਅਧਿਕਾਰੀ /ਕਰਮਚਾਰੀ ਜਾਂਚ ਨਹੀਂ ਕਰ ਸਕਦਾ। ਇਸ ਮੌਕੇ ਭਾਜਪਾ ਆਗੂਆਂ ਨੇ ਕਿਹਾ ਕਿ ਪੂਰੀ ਵਪਾਰੀ ਭਾਈਚਾਰਾ ਗਠਜੋੜ ਦੇ ਨਾਲ ਖੜਾ ਹੈ ਅਤੇ ਕਾਂਗਰਸ ਉਸ ਨੂੰ ਗੁੰਮਰਾਹ ਨਹੀਂ ਕਰ ਸਕਦੀ।
ਅੱਜ ਉਪ ਮੁੱਖ ਮੰਤਰੀ ਦੀ ਚੋਣ ਰੈਲੀ ਦੌਰਾਨ ਪ੍ਰੇਮ ਬਾਂਸਲ ਸਾਬਕਾ ਪ੍ਰਧਾਨ ਨਗਰ ਕੌਂਸਲ ਧੂਰੀ, ਜੀਵਨ ਕੁਮਾਰ ਪੱਪੀ ਸਾਬਕਾ ਐਮ.ਸੀ., ਪਰਮਜੀਤ ਕੌਰ ਸਰਪੰਚ ਕੱਕੜਵਾਲ, ਜ਼ਸਵੀਰ ਸਿੰਘ ਸਰਪੰਚ ਰੁਲਦੂ ਸਿੰਘ ਵਾਲਾ, ਦਵਿੰਦਰ ਸਿੰਘ ਸਰਪੰਚ ਲੁਹਾਰਮਾਜਰਾ, ਸ਼ਮਸ਼ੇਰ ਸਿੰਘ ਪ੍ਰਧਾਨ ਸਹਿਕਾਰੀ ਸਭਾ ਚੀਮਾ, ਮਦਨ ਲਾਲ ਪ੍ਰਧਾਨ ਸਵਰਨਕਾਰ ਸੰਘ ਧੂਰੀ, ਬਲਵਿੰਦਰ ਦਾਸ ਪ੍ਰਧਾਨ ਭਾਰਤੀਆ ਕਰਮਚਾਰੀ ਸੰਘ ਐਫ.ਸੀ.ਆਈ. ਸਕਿਉਰਟੀ ਗਾਰਡ ਯੂਨੀਅਨ ਸੰਗਰੂਰ, ਮੋਹਨ ਸਿੰਘ ਪ੍ਰਧਾਨ ਦਸਤਕਾਰੀ ਵੈਲਫੇਅਰ ਯੂਨੀਅਨ ਧੂਰੀ ਅਤੇ ਖਜ਼ਾਨਚੀ ਰਾਮਗੜੀਆ ਐਸੋਸੀਏਸ਼ਨ ਧੂਰੀ, ਨਿਰਮਲ ਸਿੰਘ ਨੰਬਰਦਾਰ ਪਿੰਡ ਬੇਨੜਾ, ਰਾਜਿੰਦਰ ਸਿੰਘ ਨੰਬਰਦਾਰ ਪਿੰਡ ਪੇਧਨੀ, ਸੁਖਮੰਦਰ ਸਿੰਘ ਸਾਬਕਾ ਪ੍ਰਧਾਨ ਸਹਿਕਾਰੀ ਸਭਾ ਈਸੜਾ ਅਤੇ ਅਵਤਾਰ ਸਿੰਘ ਤਾਰੀ ਸਾਬਕਾ ਪ੍ਰਧਾਨ ਸ਼ੂਗਰ ਕੇਨ ਕਮੇਟੀ ਧੂਰੀ ਨੇ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਜਿਨਾਂ ਨੂੰ ਸ. ਬਾਦਲ ਨੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ।
ਸ. ਬਾਦਲ ਵਲੋਂ ਰਤਨਾ ਰਿਜੋਰਟ, ਗੁੜ ਮੰਡੀ ਸਮੇਤ ਵੱਖ-ਵੱਖ ਥਾਵਾਂ ’ਤੇ ਗਠਜੋੜ ਦੇ ਉਮੀਦਵਾਰ ਦੇ ਹੱਕ ਵਿਚ ਚੋਣ ਰੈਲੀਆਂ ਕੀਤੀਆਂ ਗਈਆਂ। ਉਨਾਂ ਨਾਲ ਬੀਬੀ ਜਗੀਰ ਕੌਰ, ਡਾ. ਦਲਜੀਤ ਸਿੰਘ ਚੀਮਾ, ਸੁਰਜੀਤ ਸਿੰਘ ਰੱਖੜਾ, ਸਰੂਪ ਚੰਦ ਸਿੰਗਲਾ ਤੇ ਐਨ.ਕੇ. ਸ਼ਰਮਾ ਵੀ ਹਾਜ਼ਰ ਸਨ।