ਨਵਾਂਸ਼ਹਿਰ, 18 ਮਾਰਚ-(ਵਿਜੇ ਜਯੋਤੀ)- ਨਵਾਂਸ਼ਹਿਰ ਲੰਗੜੋਆ ਸੜਕ ’ਤੇ ਇੱਕ ਵਾਹਨ ਵਿੱਚੋਂ ਗੈਰ-ਸਿਹਤਮੰਦ ਤਰੀਕੇ ਨਾਲ ਪੈਕ ਕੀਤੇ ਮੀਟ ਅਤੇ ਮੱਛੀ ਮਾਸ ਬਰਾਮਦ ਕੀਤੇ ਗਏ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਕੁਲਵਰਣ ਸਿੰਘ ਅਨੁਸਾਰ ਆਮ ਤੌਰ ’ਤੇ ਇਸ ਤਰ੍ਹਾਂ ਦਾ ਮੀਟ ਅਤੇ ਮੱਛੀ ‘ਰੈਫ਼ਰੀਜੀਰੇਸ਼ਨ’ ਵਿਧੀ ਨਾਲ ਟ੍ਰਾਂਸਪੋਰਟ ਕੀਤੇ ਜਾਣੇ ਚਾਹੀਦੇ ਹਨ ਪਰੰਤੂ ਜਿਸ ਤਰ੍ਹਾਂ ਇਸ ਵਾਹਨ ਵਿੱਚ ਤਾਰਾਂ ਵਾਲੀਆਂ ਜਾਲੀਆਂ ਵਾਲੇ ਖਾਨਿਆਂ ਵਿੱਚ ਇਨ੍ਹਾਂ ਨੂੰ ਰੱਖ ਕੇ ਲਿਜਾਇਆ ਜਾ ਰਿਹਾ ਸੀ, ਉਹ ਤਰੀਕਾ ਬਿਲਕੁਲ ਗਲਤ ਹੈ ਅਤੇ ਅਜਿਹਾ ਮਾਸ ਮਨੁੱਖੀ ਸਿਹਤ ਲਈ ਹਾਨੀਕਾਰਕ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਸ ਵਾਹਨ ਵਿੱਚ ਵਿੱਠਾਂ ਖਿੱਲਰੀਆਂ ਹੋਈਆਂ ਸਨ ਤੇ ਸਾਫ਼-ਸਫ਼ਾਈ ਦਾ ਕੋਈ ਵੀ ਪ੍ਰਬੰਧ ਨਹੀਂ ਸੀ। ਡਾ. ਕੁਲਵਰਣ ਸਿੰਘ ਅਨੁਸਾਰ ਫ਼ੂਡ ਸੇਫ਼ਟੀ ਅਤੇ ਸਟੈਂਡਰਡਜ਼ ਐਕਟ ਤਹਿਤ ਮੀਟ ਅਤੇ ਮੱਛੀ ਦੇ ਸੈਂਪਲ ਲਏ ਗਏ ਹਨ ਜੋ ਕਿ ਚੰਡੀਗੜ੍ਹ ਸਥਿੱਤ ਵਿਭਾਗ ਦੀ ਲੈਬ ਵਿੱਚ
ਟੈਸਟਿੰਗ ਲਈ ਭੇਜੇ ਜਾਣਗੇ। ਇਸ ਰਿਪੋਰਟ ਦ ਅਧਾਰ ’ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜੇਕਰ ਲੈਬ ਰਿਪੋਰਟ ਵੱਲੋਂ ਇਸ ਨੂੰ ‘ਅਨਸੇਫ਼’ ਦੱਸਿਆ ਜਾਂਦਾ ਹੈ ਤਾਂ ਅਦਾਲਤ ਵਿੱਚ ਕੇਸ ਦਾਇਰ ਕੀਤਾ ਜਾਵੇਗਾ ਅਤੇ ਜੇਕਰ ‘ਸਬਸਟੈਂਡਰਡ’ ਦੱਸਿਆ ਗਿਆ ਤਾਂ ਵਧੀਕ ਡਿਪਟੀ ਕਮਿਸ਼ਨਰ ਕੋਲ ਕੇਸ ਦਾਇਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਾਹਨ ਨੂੰ ਡਰਾਈਵਰ ਗੁਰਪ੍ਰੀਤ ਸਿੰਘ ਚਲਾ ਰਿਹਾ ਸੀ ਜਦਕਿ ਉਸ ਵੱਲੋਂ ਇਸ ਦੇ ਸਪਲਾਇਰ ਦਾ ਨਾਂ ਹਰਵਿੰਦਰ ਸਿੰਘ ਵਾਸੀ ਗੋਰਾਇਆ ਦੱਸਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੀਟ ਅਤੇ ਮੱਛੀ ਆਦਿ ਦੀ ਸਪਲਾਈ ਲਈ ਬਾਕਾਇਦਾ ਲਾਇਸੰਸ ਲੈਣਾ ਜ਼ਰੂਰੀ ਹੈ ਜੋ ਕਿ ਵਾਹਨ ਚਾਲਕ ਪੇਸ਼ ਨਹੀਂ ਕਰ ਸਕਿਆ।