April 14, 2026 5:16 am

ਮੂਲ ਕੈਲੰਡਰ ਖ਼ਤਮ ਨਹੀਂ ਕੀਤਾ ਜਾ ਸਕਦਾ : ਸਰਨਾ

Page-3_22 ਅੰਮ੍ਰਿਤਸਰ, 14 ਮਾਰਚ (ਸੁਨੀਲ ਗੁਪਤਾ, ਰਾਜੇਸ਼ ਡੈਨੀ)-  ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਨਵੇਂ ਸੰਮਤ ਨਾਨਕਸ਼ਾਹੀ 547 ਦੇ ਸ਼ੁਭ ਅਵਸਰ ’ਤੇ ਸੰਗਤਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ, ਅਵਤਾਰ ਸਿੰਘ ਮੱਕੜ ਅਤੇ ਬਾਦਲ ਪਰਿਵਾਰ ਲੱਖ ਯਤਨ ਕਰਨ ਦੇ ਬਾਵਜੂਦ ਵੀ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਖਤਮ ਨਹੀ ਕਰ ਸਕਣਗੇ ਕਿਉਂਕਿ ਇਹ ਕੈਲੰਡਰ ਸਿੱਖ ਪੰਥ ‘ਚ ਇੰਨਾ ਹਰਮਨ ਪਿਆਰਾ ਹੋ ਚੁੱਕਾ ਹੈ ਕਿ ਸਿੱਖ ਸੰਗਤਾਂ ਨੇ ਗੁਰੂ ਸਾਹਿਬਾਨ ਦੇ ਦਿਹਾੜੇ ਤੇ ਇਤਿਹਾਸਕ ਤਿਉਹਾਰ ਇਸ ਵਿੱਚ ਦਰਜ ਕੀਤੀਆ ਤਿੱਥਾਂ ਅਨੁਸਾਰ ਹੀ ਮਨਾਉਣੇ ਸ਼ੁਰੂ ਕਰ ਦਿੱਤੇ ਹਨ। ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਮੂਲ ਨਾਨਕਸ਼ਾਹੀ ਕੈਲੰਡਰ ਦੀ ਹਰਮਨਪਿਆਰਤਾ ਦਾ ਇਥੋ ਹੀ ਪਤਾ ਲੱਗ ਜਾਂਦਾ ਹੈ ਕਿ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ

ਨਾਨਕਸ਼ਾਹੀ ਬਨਾਮ ਬਿਕਰਮੀ ਕੈਲੰਡਰ ਦੇ ਸਮਾਗਮ ਵਿੱਚ ਦਿੱਲੀ ਦੇ ਕਿਸੇ ਵੀ ਸਿੱਖ ਨੇ ਸ਼ਮੂਲੀਅਤ ਨਹੀ ਕੀਤੀ ਸਗੋ ਸਮਾਗਮ ਵਿੱਚ ਸਿਰਫ ਦਿੱਲੀ ਕਮੇਟੀ ਦੇ ਮੁਲਾਜਮ ਜਾਂ ਫਿਰ  ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੇ ਚਹੇਤੇ ਬਾਦਲ ਦਲ ਦੇ ਵਰਕਰ ਹੀ ਨਜ਼ਰ ਆਏ। ਉਹਨਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਸਿੱਖ ਪੰਥ ਦਾ ਇੱਕ ਅਜਿਹਾ ਦਸਤਾਵੇਜ਼ ਹੈ ਜਿਸ ਨੂੰ ਪੰਜਾਬ ਤੇ ਕੇਂਦਰ ਸਰਕਾਰ ਦੋਹਾਂ ਨੇ ਹੀ ਮਾਨਤਾ ਦੇ ਦਿੱਤੀ ਸੀ ਪਰ ਪੰਥ ਦੋਖੀਆ ਤੇ ਆਰ.ਐਸ.ਐਸ ਦੇ ਟਾਊਟਾ ਨੂੰ ਇਹ ਹਜ਼ਮ ਨਾ ਹੋਇਆ ਅਤੇ ਉਹਨਾਂ ਨੇ ਪੰਥ ਦੇ ਇਸ ਅਮੁੱਲ ਦਸਤਾਵੇਜ਼ ਨੂੰ ਖਤਮ ਕਰਨ ਲਈ ਹਰ ਪ੍ਰਕਾਰ ਦੇ ਯਤਨ ਆਰੰਭ ਕਰ ਦਿੱਤੇ। ਉਹਨਾਂ ਕਿਹਾ ਕਿ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਖਤਮ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੇ ਸੱਤ ਮਾਰਚ ਨੂੰ ਆਪਣੀ ਦਿੱਲੀ ਸਥਿਤ ਕੋਠੀ ਵਿੱਚ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਕੰਮ ਚਲਾਊ ਪਰਧਾਨ ਅਵਤਾਰ ਸਿੰਘ ਮੱਕੜ ਨੂੰ ਬੁਲਾਇਆ ਤਾਂ ਉਸ ਵੇਲੇ ਮਨਜੀਤ ਸਿੰਘ ਜੀ ਕੇ ਵੀ ਸੁਖਬੀਰ ਸਿੰਘ ਬਾਦਲ ਦੀ  ਚੌਕੀ ਭਰਨ ਲਈ ਉਥੇ ਪੁੱਜਾ ਹੋਇਆ। ਉਹਨਾਂ ਕਿਹਾ ਕਿ ਜੀ.ਕੇ. ਨੂੰ ਸੁਖਬੀਰ ਸਿੰਘ  ਬਾਦਲ ਨੇ ਇਹ ਕਹਿ ਕੇ ਬਾਹਰ ਕੱਢ ਦਿੱਤਾ ਕਿ ਉਸਨੇ ਜਥੇਦਾਰ ਤੇ ਮੱਕੜ ਨਾਲ ਕੋਈ ਖਾਸ ਗੱਲ ਕਰਨੀ ਹੈ ਇਸ ਲਈ ਉਹ ਬਾਹਰ ਜਾ ਕੇ ਬੈਠੇ।
ਉਹਨਾਂ ਕਿਹਾ ਕਿ ਮਿਲੀ ਸੂਚਨਾ ਮੁਤਾਬਕ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਧਰਮ ਪਤਨੀ ਤੇ ਕੇਂਦਰੀ ਮੰਤਰੀ ਬੀਬੀ ਹਰਮਿਸਰਤ ਕੌਰ ਬਾਦਲ ਨੇ ਆਪਣੇ ਇਹਨਾਂ ਗੁਲਾਮਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਬਿਨਾਂ ਕਿਸੇ ਦੇਰੀ ਤੋਂ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾਂ ਤੇ ਨਾਨਕਸਰ ਵਾਲੇ ਬਾਬਾ ਲੱਖਾ ਸਿੰਘ ਅਨੁਸਾਰ ਹੀ ਨਾਨਕਸ਼ਾਹੀ ਕੈਲੰਡਰ ਦਾ ਅਸਲੀ ਸਰੂਪ ਖਤਮ ਕਰਕੇ ਇਸ ਨੂੰ ਬਿਕਰਮੀ ਕੈਲੰਡਰ ਵਿੱਚ ਤਬਦੀਲ ਕਰ ਦੇਣ ਤੇ ਇਹ ਕਾਰਜ ਨੌ ਮਾਰਚ ਦੀ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਮੀਟਿੰਗ ਵਿੱਚ ਕਰ ਦਿੱਤਾ ਜਾਵੇ। ਉਹਨਾਂ ਕਿਹਾ ਕਿ ਆਪਣੇ ਆਕਾ ਦਾ ਹੁਕਮ ਸਿਰ ਮੱਥੇ ਕਬੂਲ ਕਰਕੇ ਅਵਤਾਰ ਸਿੰਘ ਮੱਕੜ ਨੇ ਆਪਣਾ ਏਲਚੀ ਬਾਬਾ ਲੱਖਾ ਸਿੰਘ ਤੇ ਬਾਬਾ ਧੁੰਮਾਂ ਦੇ ਕੋਲ ਭੇਜ ਕੇ ਉਹਨਾਂ ਦੁਆਰਾ ਤਿਆਰ ਕੀਤਾ ਕੈਲੰਡਰ ਮੰਗਵਾ ਲਿਆ ਤੇ ਉਸ ਅਨੁਸਾਰ ਹੀ  ਨੌ ਮਾਰਚ ਦੀ ਹੋਣ ਵਾਲੀ  ਜਥੇਦਾਰਾਂ ਦੀ ਮੀਟਿੰਗ ਤੋ ਪਹਿਲਾਂ ਹੀ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਕਿਹਾ ਕਿ ਨੌ ਮਾਰਚ ਵਾਲੀ ਮੀਟਿੰਗ ਸਿਰਫ ਇੱਕ ਵਿਖਾਵਾ ਤੇ ਖਾਨਾਪੂਰਤੀ ਹੀ ਸੀ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਵੱਲੋ ਕੈਲੰਡਰ ਹਾਲੇ ਤੱਕ ਨਹੀ ਛਾਪਿਆ ਗਿਆ ਤੇ ਸੰਗਤਾਂ ਤੱਕ ਕਦੋਂ ਪਹੁੰਚੇਗਾ ਇਸ ਦੀ ਹਾਲੇ  ਤੱਕ ਕੋਈ ਜਾਣਕਾਰੀ ਨਹੀ ਹੈ। ਉਹਨਾਂ ਕਿਹਾ ਕਿ ਜਦੋਂ ਦਿੱਲੀ ਕਮੇਟੀ ਦੀ ਸੇਵਾ ਉਹਨਾਂ ਦੇ ਕੋਲ ਸੀ ਤਾਂ ਉਹ ਕੈਲੰਡਰ ਦਸੰਬਰ ਵਿੱਚ ਹੀ ਛਾਪ ਲੈਦੇ ਸਨ ਤਾਂ ਕਿ ਸੰਗਤਾਂ ਤੱਕ ਸਮੇਂ ਸਿਰ ਪੁੱਜ ਸਕੇ। ਉਹਨਾਂ ਕਿਹਾ ਕਿ ਉਸ ਸਮੇਂ ਕੈਲੰਡਰ ਦੋ ਮਹੀਨੇ ਪਹਿਲਾਂ ਹੀ ਸੰਗਤਾਂ ਵਿੱਚ ਵੰਡ ਦਿੱਤਾ ਜਾਂਦਾ ਸੀ। ਉਹਨਾਂ ਕਿਹਾ ਕਿ ਜਿਹੜੀ ਨਾਨਕਸ਼ਾਹੀ ਕੈਲੰਡਰ ਤੇ ਵਿਚਾਰ ਕਰਨ ਲਈ ਕਮੇਟੀ ਬਣਾਈ ਗਈ ਹੈ ਉਸ ਵਿੱਚ ਸਿਰਫ ਉਹਨਾਂ ਵਿਅਕਤੀਆ ਨੂੰ ਹੀ ਸ਼ਾਮਲ ਕੀਤਾ ਗਿਆ ਹੈ ਜਿਹੜੇ ਬਿਕਰਮੀ ਕੈਲੰਡਰ ਦੀ ਪ੍ਰੋੜਤਾ ਕਰਦੇ ਹਨ ਅਤੇ ਉਹਨਾਂ ਨੂੰ ਕੈਲੰਡਰ ਸਬੰਧੀ ਭੂਗੋਲ ਤੇ ਖਗੋਲ ਦੀ ਕੋਈ ਜਾਣਕਾਰੀ ਨਹੀ ਹੈ। ਉਹਨਾਂ ਕਿਹਾ ਕਿ ਇਸ ਕਮੇਟੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਸੀ ਕਿਉਕਿ ਉਹਨਾਂ ਨੇ ਨਾਨਕਸ਼ਾਹੀ ਕੈਲੰਡਰ ਦੀ ਰੂਪ ਰੇਖਾ ਤਿਆਰ ਕਰਨ ਲਈ ਵਿਦਵਾਨਾਂ ਦੀ ਬਣਾਈ ਗਈ ਕਮੇਟੀ ਨਾਲ ਕਈ ਮੀਟਿੰਗਾਂ ਕੀਤੀਆ ਸਨ ਤੇ ਕੈਲੰਡਰ ਉਹਨਾਂ ਦੇ ਸਮੇਂ ਹੀ ਲਾਗੂ ਹੋਇਆ ਸੀ।
ਉਹਨਾਂ ਕਿਹਾ ਕਿ ਕਮੇਟੀ ਵਿੱਚ ਉਹਨਾਂ ਵਿਦਵਾਨਾਂ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਜਿਹਨਾਂ ਨੇ ਕਰੀਬ ਦੋ ਸਾਲ ਮੀਟਿੰਗਾਂ ਕਰਕੇ ਨਾਨਕਸ਼ਾਹੀ ਕੈਲੰਡਰ ਦਾ ਖਰੜਾ ਤਿਆਰ ਕੀਤਾ ਸੀ । ਉਹਨਾਂ ਕਿਹਾ ਕਿ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਖਤਮ ਕਰਨ ਦੇ ਉਪਰਾਲੇ ਬਾਦਲ ਪਰਿਵਾਰ ਦੇ ਕਾਮਯਾਬ ਨਹੀ ਹੋਣਗੇ ਤੇ ਆਰ.ਐਸ.ਐਸ  ਨੂੰ ਖੁਸ਼ ਕਰਕੇ ਬੀਬੀ ਹਰਸਿਮਰਤ ਕੌਰ ਬਾਦਲ ਦੀ ਕੇਂਦਰੀ ਮੰਡਲ ਵਿੱਚ ਮੰਤਰੀ ਦੀ ਕੁਰਸੀ ਨੂੰ ਬਚਾਈ ਰੱਖਣ ਲਈ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਦਾਅ ਤੇ ਲਗਾਇਆ ਜਾ ਰਿਹਾ ਹੈ ਪਰ ਸਿੱਖ ਸੰਗਤਾਂ ਬਾਦਲਾਂ ਦੇ ਇਸ ਮਨਸੂਬੇ ਨੂੰ ਕਦਾਚਿਤ ਕਾਮਯਾਬ ਨਹੀਂ ਹੋਣ ਦੇਣਗੀਆਂ। 

Send this to a friend