ਮੂਨਕ, 14 ਮਾਰਚ (ਕੁਲਵੰਤ ਦੇਹਲਾ)- ਸਿੱਖ ਕੌਮ ਦੇ ਮਹਾਨ ਜਰਨੈਲ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਜੱਦੀ ਪਿੰਡ ਦੇਹਲਾ ਸੀਹਾਂ ਵਿਖੇ ਸਾਲਾਨਾ ਸ਼ਹੀਦੀ ਜੋੜ ਮੇਲਾ 10 ਤੋਂ 14 ਮਾਰਚ ਤੱਕ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਨਾਲ ਮਨਾਇਆ ਗਿਆ। 10 ਤੋਂ 12 ਮਾਰਚ ਤੱਕ ਬਾਬਾ ਬੂਟਾ ਸਿੰਘ ਨੇ ਦੀਵਾਨ ਸਜਾ ਕੇ ਸੰਗਤਾਂ ਨੂੰ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਇਆ। 12 ਮਾਰਚ ਨੂੰ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ। 13 ਮਾਰਚ ਨੂੰ ਪੰਜ ਪਿਆਰਿਆਂ ਦੀ ਅਗਵਾਈ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ ਹੇਠ ਨਗਰ ਕੀਰਤਨ ਸਜਾਇਆ ਗਿਆ।
4 ਮਾਰਚ ਨੂੰ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਦੀਵਾਨ ਸਜਾਏ ਗਏ, ਜਿਨ੍ਹਾਂ ਵਿਚ ਬਾਬਾ ਪ੍ਰਦੀਪ ਸਿੰਘ ਜੀ ਚਾਂਦਪੁਰੇ ਵਾਲਿਆਂ, ਬਾਬਾ ਜਗਜੀਤ ਸਿੰਘ ਗੁਰਨੇ ਕਲਾ ਵਾਲਿਆਂ ਨੇ ਗੁਰੂ ਦੀ ਬਾਣੀ ਦਾ ਕੀਰਤਨ ਕੀਤਾ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਗੁਰੂ ਦੇ ਲੜ ਲੱਗਣ ਦੀ ਪ੍ਰੇਰਣਾ ਦਿੱਤੀ। ਇਸ ਸਮੇਂ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਜ ਪਿਆਰਿਆਂ ਨੇ ਅੰਮ੍ਰਿਤ ਸੰਚਾਰ ਕੀਤਾ, ਜਿਸ ਵਿਚ 121 ਪ੍ਰਾਣੀਆਂ ਨੇ ਗੁਰੂ ਦੀ ਦਾਤ ਅੰਮ੍ਰਿਤ ਛਕ ਕੇ ਗੁਰੂ ਨਾਲ ਜੁੜਣ ਦਾ ਪ੍ਰਣ ਲਿਆ। ਢਾਡੀ ਜੱਥਿਆਂ ਨੇ ਅਕਾਲੀ ਬਾਬਾ ਫੂਲਾ ਸਿੰਘ ਜੀ ਦੀਆਂ ਵਾਰਾਂ ਸੁਣਾ ਕੇ ਸੰਗਤਾਂ ਦੇ ਰੋਂਗਟੇ ਖੜ੍ਹੇ ਕਰ ਦਿੱਤੇ। ਦਸਤਾਰ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿਚ 20 ਬੱਚਿਆਂ ਨੇ ਭਾਗ ਲਿਆ। ਉਨ੍ਹਾਂ ਨੂੰ ਕਮੇਟੀ ਵੱਲੋਂ ਦਸਤਾਰਾਂ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਲੋਕਲ ਕਮੇਟੀ ਵੱਲੋਂ ਸਮੂਹ ਇਲਾਕੇ ਦੇ ਸਹਿਯੋਗ ਨਾਲ ਅਤੁੱਟ ਲੰਗਰ ਵਰਤਾਇਆ ਗਿਆ। ਇਸ ਸਮੇਂ ਬਾਬਾ ਨਛੱਤਰ ਸਿੰਘ ਕੰਬਲੀ ਵਾਲੇ, ਰਾਮਪਾਲ ਸਿੰਘ ਬਹਿਣੀਵਾਲੇ, ਗੁਰਤੇਜ ਸਿੰਘ ਪ੍ਰਧਾਨ ਲੋਕਲ ਕਮੇਟੀ, ਜਸਪਾਲ ਸਿੰਘ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਖਜ਼ਾਨਚੀ, ਗੁਰਤੇਜ ਸਿੰਘ ਗਿਆਨੀ, ਗ੍ਰੰਥੀ ਸੰਤੋਖ ਸਿੰਘ, ਦਵਿੰਦਰ ਸਿੰਘ ਸਾਬਕਾ ਸਰਪੰਚ, ਗੋਰਾ ਸਿੰਘ, ਸਰਪੰਚ ਜਸਵੰਤ ਸਿੰਘ, ਕੁਲਵੰਤ ਸਿੰਘ, ਬਾਬਾ ਸ਼ਿੰਦਰ ਸਿੰਘ ਜੀ ਕਾਰ ਸੇਵਾ ਵਾਲਿਆਂ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ।