April 17, 2026 8:35 pm

ਸ਼੍ਰੋਮਣੀ ਅਕਾਲੀ ਦਲ ਦੇ ਮੰਤਰੀਆਂ ਨੇ ਪੰਜਾਬ ਕਾਂਗਰਸ ਨੂੰ ਪਾਰਟੀ ਅੰਦਰਲੇ ਨਸ਼ਾ ਤਸਕਰਾਂ ਬਾਰੇ ਸਫਾਈ ਦੇਣ ਦੀ ਦਿੱਤੀ ਚੁਣੌਤੀ

ਰਾਹੁਲ ਗਾਂਧੀ ਨਸ਼ਾ ਤਸਕਰੀ ਦੇ ਮਾਮਲੇ ’ਚ ਕਾਂਗਰਸੀ ਆਗੂਆਂ ਵਿਰੁੱਧ ਕਾਰਵਾਈ ਕਰਨ ’ਚ ਅਸਫਲ ਕਿਉਂ
Page-3_06 ਜਲੰਧਰ/ਚੰਡੀਗੜ੍ਹ, 14 ਮਾਰਚ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਤੇ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਅੱਜ ਪੰਜਾਬ ਕਾਂਗਰਸ ਨੂੰ ਚੁਣੌਤੀ ਦਿੱਤੀ ਕਿ ਪਾਰਟੀ ਆਪਣੇ ਆਗੂਆਂ ਦੇ ਨਸ਼ਾ ਤਸਕਰਾਂ ਨਾਲ ਸਬੰਧਾਂ ਬਾਰੇ ਰਿਪੋਰਟਾਂ ’ਤੇ ਸਫਾਈ ਦੇਵੇ।ਅੱਜ ਇਥੇ ਜਾਰੀ ਇੱਕ ਬਿਆਨ ਰਾਹੀਂ ਸ. ਸਿਕੰਦਰ ਸਿੰਘ ਮਲੂਕਾ ਅਤੇ ਡਾ. ਦਲਜੀਤ ਸਿੰਘ ਚੀਮਾਂ ਸਮੇਤ ਸੀਨੀਅਰ ਮੰਤਰੀਆਂ ਨੇ ਕਿਹਾ ਕਿ ਹਾਲ ਹੀ ਵਿੱਚ ਹੈਰੋਇਨ ਤੇ ਹੋਰ ਨਸ਼ਿਆਂ ਸਮੇਤ ਗ੍ਰਿਫਤਾਰ ਹੋਏ ਨਸ਼ਾ ਤਸਕਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਰਾਜਾ ਵਿੜਿੰਗ ਅਤੇ ਸੁਖਪਾਲ ਸਿੰਘ ਖਹਿਰਾ ਵਰਗੇ ਕਾਂਗਰਸੀ ਆਗੂਆਂ ਦੀ ਸਰਪ੍ਰਸਤੀ ਹਾਸਿਲ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਇੰਨ੍ਹਾਂ ਆਗੂਆਂ ਨੂੰ ਪਾਰਟੀ ਅੰਦਰੋ ਕੱਢਣ ਦਾ ਤਾਂ ਸਵਾਲ ਤਾਂ ਕੀ ਉ¤ਠਣਾ ਸੀ ਪੰਜਾਬ

ਕਾਂਗਰਸ ਨੇ ਤਾਂ ਇਸ ਮਾਮਲੇ ’ਤੇ ਚੁੱਪ ਹੀ ਵੱਟੀ ਰੱਖੀ। ਸ. ਮਲੂਕਾ ਅਤੇ ਡਾ. ਚੀਮਾ ਨੇ ਕਿਹਾ ਕਿ ਸਿਰਫ ਇਨਾਂ ਦੋ ਘਟਨਾਵਾਂ ਰਾਹੀਂ ਹੀ ਡਰੱਗ ਮਾਫੀਆ ਤੇ ਕਾਂਗਰਸੀ ਆਗੂਆਂ ਦੀਆਂ ਤਾਰਾਂ ਜੁੜੇ ਹੋਣ ਦਾ ਪਰਦਾਫਾਸ਼ ਨਹੀਂ ਹੋਇਆ ਬਲਕਿ ਇਸ ਤੋਂ ਪਹਿਲਾਂ ਸੀਨੀਅਰ ਕਾਂਗਰਸੀ ਆਗੂ ਅਤੇ ਜਲੰਧਰ ਤੋਂ ਲੋਕ ਸਭਾ ਮੈਂਬਰ ਸੰਤੋਖ ਚੌਧਰੀ ’ਤੇ ਵੀ ਡਰੱਗ ਨਾਲ ਸਬੰਧਤ ਪੈਸਾ ਲੈਣ ਦੇ ਦੋਸ਼ ਲੱਗ ਚੁੱਕੇ ਹਨ। ਕਾਂਗਰਸ ਦੇ ਉਪ ਪ੍ਰਧਾਨ ਸ੍ਰੀ ਰਾਹੂਲ ਗਾਂਧੀ ਨੂੰ ਅਪੀਲ ਕਰਦਿਆਂ ਕਿ ਉਹ ਜੋ ਉਪਦੇਸ਼ ਦਿੰਦੇ ਹਨ ਉਨ੍ਹਾਂ ’ਤੇ ਅਮਲ ਵੀ ਕਰਦਿਆਂ ਉਹ ਰਾਜ ਵਿੜਿੰਗ ਨੂੰ ਯੂਥ ਕਾਂਗਰਸ ਦੀ ਪ੍ਰਧਾਨਗੀ ਅਤੇ ਚੌਧਰੀ ਸੰਤੋਖ ਸਿੰਘ ਨੂੰ ਲੋਕ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇਣ ਲਈ ਕਹਿਣ ਤੋਂ ਇਲਾਵਾ ਸੁਖਪਾਲ ਸਿੰਘ ਖਹਿਰਾ ਨੂੰ ਪਾਰਟੀ ’ਚੋ ਕੱਢਣ ਦੀ ਜੁਅਰਤ ਕਰਨ।
ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ ’ਚ ਤਾਂ ਇਹੀ ਸਾਬਿਤ ਹੋਵੇਗਾ ਕਿ ਕਾਂਗਰਸ ਨਸ਼ਾ ਤਸਕਰੀ ’ਤੇ ਚਿੰਤਾ ਕਰਨ ਦੀ ਜਗ੍ਹਾ ਇਸ ਬਾਰੇ ਦੋਗਲੀ ਨੀਤੀ ਅਪਣਾ ਰਹੀ ਹੈ ਅਤੇ ਇਸ ਨਾਲ ਇਹ ਵੀ ਯਕੀਨੀ ਹੋ ਜਾਵੇਗਾ ਕਿ ਸ੍ਰੀ ਰਾਹੁਲ ਗਾਂਧੀ ਵੱਲੋਂ ਨਸ਼ਾ ਤਸਕਰੀ ਦਾ ਮੁੱਦਾ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਲਈ ਚੁੱਕਿਆ ਗਿਆ ਸੀ।
ਕਾਂਗਰਸ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ’ਤੇ ਵਰਦਿਆਂ ਅਕਾਲੀ ਮੰਤਰੀਆਂ ਨੇ ਕਿਹਾ ਕਿ ਉਹ ਆਪਣੀ ਕੁਰਸੀ ਬਚਾਉਣ ਲਈ ਕੁਝ ਸਵਾਰਥੀ ਆਗੂਆਂ ਦੀ ਰਬੜ ਮੋਹਰ ਰਹਿ ਗਏ ਹਨ, ਜੋ ਕਿ ਬਹੁਤ ਮੰਦਭਾਗਾ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਜਾਖੜ ਇੱਕ ਚੰਗੀ ਵਿਰਾਸਤ ਵਾਲੇ ਸਿਆਸੀ ਪਰਿਵਾਰ ਨਾਲ ਸੰਬੰਧਤ ਹਨ। ਪਰ ਉਹਨਾਂ ਦਾ ਪੰਜਾਬ ਨੂੰ ਬਦਨਾਮ ਕਰਨ ਵਾਲੇ ਆਗੂਆਂ ਦਾ ਹੱਥ ਠੋਕਾ ਬਣਨਾ ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦਾ।
ਉਨ੍ਹਾਂ ਨੇ ਸ੍ਰੀ ਜਾਖੜ ਨੂੰ ਚੇਤੇ ਕਰਾਇਆ ਕਿ ਵਿਧਾਨ ਸਭਾ ਦੇ ਪਿਛਲੇ ਸੈਸ਼ਨ ਦੌਰਾਨ ਸ੍ਰੀ ਜਾਖੜ ਨੇ ਖੁਦ ਸ੍ਰ. ਮਜੀਠੀਆ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਸ੍ਰ. ਮਜੀਠੀਆ ਦਾ ਨਸ਼ਿਆਂ ਦੇ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਕਾਲੀ ਆਗੂਆਂ ਨੇ ਸ੍ਰੀ ਜਾਖੜ ਨੂੰ ਪੁੱਛਿਆ ਕਿ ਤੁਸੀਂ ਕੁਝ ਮਹੀਨਿਆਂ ਦੌਰਾਨ ਹੀ ਆਪਣੀ ਕਹੀ ਗੱਲ ਤੋਂ ਕਿਵੇਂ ਮੁਕਰ ਸਕਦੇ ਹੋ। ਸ੍ਰੀ ਜਾਖੜ ਅਤੇ ਪੰਜਾਬ ਦੇ ਹੋਰ ਕਾਂਗਰਸੀਆਂ ਨੂੰ  ਨੈਤਿਕਤਾ ਵਾਲੀ ਰਾਜਨੀਤੀ ਕਰਨ ਦੀ ਅਪੀਲ ਕਰਦਿਆਂ ਸ੍ਰ. ਮਲੂਕਾ ਅਤੇ ਡਾ. ਚੀਮਾ ਨੇ ਕਿਹਾ ਕਿ ਵਿਧਾਨ ਸਭਾ ਦਾ ਸੈਸ਼ਨ ਲੋਕਾਂ ਦੇ ਮੁੱਦੇ ਉਠਾਉਣ ਲਈ ਹੁੰਦਾ ਹੈ ਪਰ ਕਾਂਗਰਸ ਵੱਲੋਂ ਸਸਤੀ ਸਿਆਸੀ ਸ਼ੋਹਰਤ ਲਈ ਇਸ ਵਿੱਚ ਹਮੇਸ਼ਾਂ ਵਿਘਨ ਪਾਇਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਅਸਲ ਵਿੱਚ ਕਾਂਗਰਸ ਕੋਲ ਲੋਕਾਂ ਦੀ ਗੱਲ ਕਰਨ ਵਾਲਾ ਕੋਈ ਮੁੱਦਾ ਹੀ ਨਹੀਂ ਹੈ। ਜਿਸ ਕਰਕੇ ਨਿਰਾਸ਼ਾ ਦੇ ਆਲਮ ਵਿੱਚ ਕਾਂਗਰਸੀ ਆਗੂਆਂ ਦਾ ਇਕਲੌਤਾ ਮਕਸਦ ਸੈਸ਼ਨ ਦੀ ਕਾਰਵਾਈ ਨੂੰ ਰੋਕਣਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮਾਮਲਿਆਂ ਵਿੱਚ ਲਿਪਤ ਕਾਂਗਰਸੀ ਆਗੂ ਆਪਣੇ ਹੀ ਜਾਲ ਵਿੱਚ ਫਸ ਜਾਣਗੇ, ਜਿਵੇਂਕਿ ਪਹਿਲਾਂ ਹੀ ਕੁਝ ਵੱਡੇ ਕਾਂਗਰਸੀ ਆਗੂ ਫਸ ਚੁੱਕੇ ਹਨ। ਉਨ੍ਹਾਂ ਸ੍ਰੀ ਜਾਖੜ ਨੂੰ ਕਿਹਾ ਕਿ ਤੁਹਾਡੇ ’ਤੇ ਲੱਗੇ ਦਾਗ ਧੋਣ ਲਈ ਇਹੋ ਇੱਕ ਸਮਾਂ ਹੈ ਅਤੇ ਇਸ ਤੋਂ ਬਿਨਾ ਤੁਹਾਡੇ ਕੋਲ ਕੋਈ ਚਾਰਾ ਵੀ ਨਹੀਂ।

Send this to a friend