ਰਾਮਪੁਰਾ ਫੂਲ, 14 ਮਾਰਚ (ਜੋਸਫ ਬਾਂਸਲ)- ਪਰਚੇ ਵੰਡਣ ਨੂੰ ਲੈ ਕੇ ਅੱਜ ਦੁਪਹਿਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਭਾਜਪਾ ਦੀ ਸੀਨੀਅਰ ਆਗੂ ਤੇ ਨਗਰ ਕੋਂਸਲ ਰਾਮਪੁਰਾ ਫੂਲ ਦੀ ਸਾਬਕਾ ਮੀਤ ਪ੍ਰਧਾਨ ਰੇਨੂੰ ਗੌਤਮ ਦੇ ਪਤੀ ’ਤੇ ਹਮਲਾ ਕਰਕੇ ਗੰਭੀਰ ਜਖਮੀਂ ਕਰ ਦਿੱਤਾ। ਥਾਣੇ ਤੋਂ 300 ਮੀਟਰ ਦੀ ਦੂਰੀ ’ਤੇ ਦਿਨ ਦਿਹਾੜੇ ਹੋਏ ਗੁੰਡਾ ਗਰਦੀ ਦੇ ਨੰਗੇ ਨਾਚ ਤੋਂ ਭੜਕੇ ਭਾਜਪਾ ਵਰਕਰਾਂ ਅਤੇ ਸ਼ਹਿਰ ਨਿਵਾਸੀਆਂ ਵੱਲੋਂ ਪੁਲਿਸ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਭਾਜਪਾ ਆਗੂਆਂ ਵੱਲੋਂ ਅਕਾਲੀ ਦਲ ’ਤੇ ਹਮਲੇ ਦਾ ਦੋਸ਼ ਲਾਊਦਿਆਂ ਸ਼ਹਿਰ ’ਚ ਰੋਸ ਮਾਰਚ ਕਰਦਿਆਂ ਨਗਰ ਕੌਂਸਲ ਪ੍ਰਧਾਨ ਦੀ ਅੱਜ ਹੋਈ ਚੋਣ ਦਾ ਬਾਈਕਾਟ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਵੱਲੋਂ ਭ੍ਰਿਸ਼ਟਾਚਾਰ
ਰੋਕਣ ਲਈ ਸ਼ਹਿਰ ’ਚ ਪਰਚੇ ਵੰਡੇ ਜਾ ਰਹੇ ਸਨ। ਇਸ ਦੌਰਾਨ ਜਦੋਂ ਊਹ ਸਥਾਨਕ ਬੱਸ ਸਟੇਂਡ ਨੇੜੇ ਪਹੁੰਚਿਆ ਤਾਂ ਕੁਝ ਵਿਅਕਤੀਆਂ ਨੇ ਉਸ ’ਤੇ ਹਮਲਾ ਕਰ ਦਿੱਤਾ। ਜਿਸ ’ਚ ਉਹ ਗੰਭੀਰ ਜਖਮੀਂ ਹੋ ਗਿਆ। ਜਿਸ ਨੂੰ ਸਹਾਰਾ ਗਰੁੱਪ ਦੀ ਐਂਬੂਲੈਂਸ ’ਚ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਬਠਿੰਡਾ ਰੈਫਰ ਕਰ ਦਿੱਤਾ।
ਘਟਨਾ ਦੇ ਰੋਸ ਵਜੋਂ ਭਾਜਪਾ ਵੱਲੋਂ ਸ਼ਹਿਰ ’ਚ ਰੋਸ ਮਾਰਚ ਕੱਢਣ ਤੋਂ ਇਲਾਵਾ ਥਾਣੇ ਦਾ ਘੇਰਾਓ ਕੀਤਾ ਗਿਆ। ਇਸ ਮੌਕੇ ਭਾਜਪਾ ਯੂਵਾ ਮੋਰਚਾ ਦੇ ਸੂਬਾ ਪ੍ਰਧਾਨ ਮੋਹਿਤ ਗੁਪਤਾ ਤੇ ਜਿਲ੍ਹਾ ਪ੍ਰਧਾਨ ਗੁਰਬਿੰਦਰ ਸਿੰਘ ਭਗਤਾ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਇਸ ਨੂੰ ਲੋਕਤੰਤਰ ਦਾ ਕਤਲ ਦੱਸਿਆ । ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਇਸ ਗੁੰਡਾਗਰਦੀ ਨੂੰ ਰੋਕਣ ਦੀ ਬਜਾਏ ਉਲਟਾ ਭਾਜਪਾ ਆਗੂ ਦੇ ਹੀ ਪਤੀ ਦੀ ਹੀ ਕੁੱਟਮਾਰ ਕੀਤੀ ਗਈ। ਉਨ੍ਹਾਂ ਕਿਹਾ ਕਿ ਘਟਨਾ ਸਬੰਧੀ ਜਿਲ੍ਹਾ ਪੱਧਰੀ ਮਟਿੰਗ ਕਰਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।
ਇਸ ਮੌਕੇ ਭਾਜਪਾ ਪ੍ਰਦੇਸ ਕਾਰਜਕਾਰਨੀ ਦੇ ਮੈਂਬਰ ਦਿਆਲ ਦਾਸ ਸੋਢੀ, ਜਿਲਾ ਮਾਨਸਾ ਦੇ ਪ੍ਰਧਾਨ ਸੁਖਦੇਵ ਸਿੰਘ ਫਰਵਾਹੀਂ, ਸੀਨੀਅਰ ਭਾਜਪਾ ਨੇਤਾ ਮੱਖਣ ਜਿੰਦਲ, ਸੀਨੀਅਰ ਭਾਜਪਾ ਆਗੂ ਮੁਰਾਰੀ ਲਾਲ ਸਿੰਗਲਾ, ਭੀਮ ਸੈਨ ਗੁੰਮਟੀ, ਮੰਡਲ ਪ੍ਰਧਾਨ ਭਾਰਤ ਭੂਸ਼ਨ, ਅਤੁੱਲ ਗੋਇਲ ਤੋਂ ਇਲਾਵਾ ਭਾਰੀ ਗਿਣਤੀ ’ਚ ਭਾਜਪਾ ਵਰਕਰ ਹਾਜਰ ਸਨ।