ਸ੍ਰੀ ਅਨੰਦਪੁਰ ਸਾਹਿਬ, 9 ਮਾਰਚ (ਦਵਿੰਦਰਪਾਲ ਸਿੰਘ)- ਸ੍ਰੀ ਅਨੰਦਪੁਰ ਸਾਹਿਬ ਦੇ 13 ਕੌਂਸਲਰ ਅਤੇ ਇਕ ਹਲਕੇ ਦੇ ਵਿਧਾਇਕ ਦੀ ਵੋਟ ਹੋਣ ਕਾਰਨ ਕੁੱਲ 14 ਵੋਟਾਂ ਬਣ ਜਾਂਦੀਆਂ ਹਨ ਤੇ ਇਨ੍ਹਾਂ 14 ਵੋਟਾਂ ’ਚੋਂ ਜਿਸ ਕੋਲ ਵੀ ਘੱਟੋ ਘੱਟ 7 ਵੋਟਾਂ ਦਾ ਬਹੁਮਤ ਹੋਵੇਗਾ ਉਸਦੇ ਸਿਰ ’ਤੇ ਪ੍ਰਧਾਨਗੀ ਦਾ ਤਾਜ ਸਜੇਗਾ। ਇਸ ਚੋਣ ਬਾਰੇ ਜਾਣਕਾਰੀ ਦਿੰਦੇ ਹੋਏ ਨਾਇਬ ਤਹਿਸੀਲਦਾਰ ਦਿਲਬਾਗ ਸਿੰਘ ਨੇ ਦੱਸਿਆ ਕਿ 10 ਮਾਰਚ ਨੂੰ ਦੁਪਹਿਰ 3 ਵਜੇ ਇਹ ਚੋਣ ਕਰਵਾਈ ਜਾਵੇਗੀ ਤੇ ਜਿਸ ਕੋਲ ਬਹੁਮਤ ਹੋਵੇਗਾ ਉਸ ਨੂੰ ਪ੍ਰਧਾਨ ਬਣਾਇਆ ਜਾਵੇਗਾ। ਇਥੇ ਇਹ ਵੀ ਦੱਸਣਾ ਹੋਵੇਗਾ ਕਿ ਅਕਾਲੀ ਭਾਜਪਾ ਗੱਠਜੋੜ ਦੇ ਸਮਝੋਤੇ ਮੁਤਾਬਿਕ ਅਨੰਦਪੁਰ ਸਾਹਿਬ ਕੌਂਸਲ ਵਿਚ ਅਕਾਲੀ ਦੱਲ ਦਾ ਪ੍ਰਧਾਨ ਅਤੇ ਭਾਜਪਾ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਜਾਵੇਗਾ। ਇਸ ਵਾਰ ਅਕਾਲੀ ਦੱਲ ਦੇ ਬਿੱਟੂ ਵਾਲੀਆ, ਮਨਪ੍ਰੀਤ ਕੌਰ ਅਰੋੜਾ ਤੇ ਜਥੇ. ਰਾਮ ਸਿੰਘ ਹਨ ਜਿਨ੍ਹਾਂ ਚੋਂ ਕਿਸੇ ਦੇ ਸਿਰ ਤੇ ਵੀ ਪ੍ਰਧਾਨਗੀ ਦਾ ਤਾਜ ਸਜ ਸਕਣ ਦੇ ਚਰਚੇ ਹਨ। ਦੂਜੇ ਪਾਸੇ ਜੇਕਰ ਜਿੱਤੇ ਕੋਂਸਲਰਾਂ ਨੂੰ ਦੇਖਿਆ ਜਾਵੇ ਤਾਂ ਇਨ੍ਹਾਂ ਚੋਂ 3 ਅਕਾਲੀ, 3 ਭਾਜਪਾ, 5 ਅਜਾਦ ਪਰ ਕਾਂਗਰਸ ਵੱਲ ਝੁਕਾਅ ਰੱਖਣ ਵਾਲੇ ਅਤੇ 2 ਅਜਾਦ ਉਮੀਦਵਾਰ ਹਨ ਜਦੋ ਕਿ ਇਕ ਵੋਟ ਹਲਕੇ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਦੀ ਹੈ। ਸ਼ਹਿਰ ਵਾਸੀਆਂ ਦੀਆਂ ਨਜਰਾਂ ਲੱਗੀਆਂ ਹੋਈਆਂ ਹਨ ਕਿ ਕਿਸ ਦਾ ਹੱਥ ਉਚਾ ਰਹੇਗਾ ਤੇ ਪ੍ਰਧਾਨਗੀ ਦਾ ਤਾਜ ਕਿਸ ਦੇ ਸਿਰ ਸਜੇਗਾ।