ਚੰਡੀਗੜ 8 ਮਾਰਚ (ਪੀ. ਟੀ)- ਪੁਰਾਤਨ ਮਾਰਸ਼ਲ ਖੇਡ ਗੱਤਕਾ ਨੂੰ ਪ੍ਰਫੁੱਲਤ ਕਰਨ ਵਜੋਂ ਪੰਜਾਬ ਸਰਕਾਰ ਨੇ ਸਿੱਖ ਵਿਰਾਸਤੀ ਖੇਡ ਗੱਤਕਾ ਨੂੰ ਮਾਨਤਾ ਦੇ ਕੇ ਇਸ ਖੇਡ ਨੂੰ ਰਾਜ ਵੱਲੋਂ ਮਾਨਤਾਪ੍ਰਾਪਤ ਹੋਰਨਾਂ ਖੇਡਾਂ ਦੇ ਬਰਾਬਰ ਦਾ ਰੁਤਬਾ ਦਿੰਦਿਆਂ ਗ੍ਰੇਡੇਸ਼ਨ ਸੂਚੀ ’ਚ ਸ਼ਾਮਲ ਕਰ ਲਿਆ ਹੈ। ਇਸ ਸਬੰਧੀ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਗੱਤਕਾ ਖੇਡ ਨੂੰ ਰਾਜ ਸਰਕਾਰ ਦੀ ਖੇਡ ਨੀਤੀ 2010 ਦੇ ਪੈਰਾ ਨੰਬਰ 7.2 ਵਿੱਚ ਸ਼ਾਮਲ ਹੋਰਨਾਂ ਮਾਨਤਾਪ੍ਰਾਪਤ ਖੇਡਾਂ ਦੀ ਸੂਚੀ ਵਿੱਚ ਤੁਰੰਤ ਪ੍ਰਭਾਵ ਤੋਂ ਸ਼ਾਮਲ ਕੀਤਾ ਗਿਆ ਹੈ। ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਜੋ ਕਿ ਖੇਡ ਮੰਤਰੀ ਵੀ ਹਨ, ਵੱਲੋਂ ਪਿਛਲੀ 16 ਦਸੰਬਰ ਨੂੰ ਕੈਬਨਿਟ ਮੀਟਿੰਗ ਦੌਰਾਨ ਪੇਸ਼ ਕੀਤੀ ਤਜ਼ਵੀਜ਼ ਅਨੁਸਾਰ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਇਸ ਖੇਡ ਨੂੰ ਰਾਜ ਦੀ ਗ੍ਰੇਡੇਸ਼ਨ ਸੂਚੀ ਵਿੱਚ ਸ਼ਾਮਲ ਕਰਨ ਏਜੰਡੇ ਨੂੰ ਪ੍ਰਵਾਨਗੀ ਦੇ ਦਿੱਤੀ ਸੀ। ਇਸ ਸਬੰਧੀ ਅੱਜ ਇੱਥੋਂ ਜਾਰੀ ਇੱਕ ਬਿਆਨ ਵਿੱਚ ਸੰਸਦ ਮੈਂਬਰ ਅਤੇ ਵਿਸ਼ਵ ਗੱਤਕਾ ਫ਼ੈਡਰੇਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ, ਏਸ਼ੀਅਨ ਗੱਤਕਾ ਫ਼ੈਡਰੇਸ਼ਨ ਦੇ ਪ੍ਰਧਾਨ ਐਸ.ਪੀ. ਸਿੰਘ ਉਬਰਾਏ, ਗੱਤਕਾ ਫ਼ੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ ਅਤੇ ਜਨਰਲ ਸਕੱਤਰ ਹਰਜੀਤ ਸਿੰਘ ਗਰੇਵਾਲ ਨੇ ਪੰਜਾਬ ਸਰਕਾਰ ਦੇ ਇਸ ਦੂਰ-ਅੰਦੇਸ਼ ਫੈਸਲੇ ਦਾ ਪੁਰਜ਼ੋਰ ਸਵਾਗਤ ਕਰਦਿਆਂ ਇਸ ਮਾਣਮੱਤੀ ਵਿਰਾਤੀ ਖੇਡ ਨੂੰ ਬਣਦਾ ਰੁਤਬਾ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦਿਲੋਂ ਧੰਨਵਾਦ ਕੀਤਾ ਹੈ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਗੱਤਕੇ ਨੂੰ ਮਾਨਤਾਪ੍ਰਾਪਤ ਖੇਡਾਂ ਦੀ ਸੂਚੀ ਵਿੱਚ ਸ਼ਾਮਲ ਕਰਕੇ ਖਿਡਾਰੀਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕੀਤਾ ਹੈ ਜਿਸ ਸਦਕਾ ਹੁਣ ਗੱਤਕਾ ਖਿਡਾਰੀ ਵੀ ਹੋਰਨਾਂ ਖਿਡਾਰੀਆਂ ਵਾਂਗ ਸਹੂਲਤਾਂ ਪ੍ਰਾਪਤ ਕਰ ਸਕਣਗੇ ਅਤੇ ਵੱਖ-ਵੱਖ ਕੋਰਸਾਂ/ ਦਾਖਲਿਆਂ ਅਤੇ ਨੌਕਰੀਆਂ ਵਿੱਚ ਮਿਲਦਾ 3 ਫੀਸਦ ਰਾਖਵਾਂਕਰਨ ਦਾ ਲਾਹਾ ਵੀ ਲੈ ਸਕਣਗੇ। ਉਨਾਂ ਕਿਹਾ ਕਿ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੇ ਇਹ ਵੱਡਾ ਕਾਰਜ ਕਰਕੇ ਗੱਤਕਾ ਖਿਡਾਰੀਆਂ ਦੇ ਸੁਪਨੇ ਦੀ ਪੂਰਤੀ ਕੀਤੀ ਹੈ ਜਿਸ ਸਦਕਾ ਇਸ ਇਤਿਹਾਸਕ ਅਤੇ ਪਰਖੀ ਹੋਈ ਖੇਡ ਨੂੰ ਮੁੜ-ਸੁਰਜੀਤ ਕਰਨ ਅਤੇ ਪ੍ਰਫੁੱਲਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਗੱਤਕਾ ਙੇਡਰੇਸ਼ਨਾਂ ਵੱਲੋਂ ਇਸ ਖੇਡ ਦੀ ਪ੍ਰਵਾਨਤ ਨਿਯਮਾਂਵਲੀ ਤਹਿਤ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ’ਤੇ ਪ੍ਰਫੁੱਲਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਗੱਤਕਾ ਫੈਡਰੇਸ਼ਨਾਂ ਇਤਿਹਾਸਕ ਮਹੱਤਵ ਵਾਲੀ ਇਸ ਖੇਡ ਨੂੰ ਪ੍ਰਫੁੱਲਤ ਅਤੇ ਨਿਯਮਬੱਧ ਕਰਨ ਲਈ ਲਗਾਤਾਰ ਯਤਨਸ਼ੀਲ ਹੈ ਤਾਂ ਜੋ ਆਤਮ ਰੱਖਿਆ ਵਾਲੀ ਇਸ ਵਿਰਾਸਤੀ ਖੇਡ ਨੂੰ ਅੰਤਰ-ਰਾਸ਼ਟਰੀ ਪੱਧਰ ’ਤੇ ਪਹੁੰਚਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਪਹਿਲਾਂ ਗੱਤਕਾ ਕੇਵਲ ਧਾਰਮਿਕ ਸਮਾਗਮਾਂ ਮੌਕੇ ਪ੍ਰਦਰਸ਼ਨੀ ਦੌਰਾਨ ਹੀ ਖੇਡਿਆ ਜਾਂਦਾ ਸੀ ਪਰ ਹੁਣ ਇਸ ਨੂੰ ਇਕ ਖੇਡ ਦੇ ਰੂਪ ਵਿਚ ਪ੍ਰੋਮੋਟ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਗੱਤਕਾ ਨੂੰ ਰਾਜ ਦੀਆਂ ਸਕੂਲ ਖੇਡਾਂ ਵਿਚ ਪਹਿਲਾਂ ਹੀ ਸ਼ਾਮਿਲ ਕਰ ਚੁੱਕੀ ਹੈ ਅਤੇ ਸਾਰੇ ਕਾਲਜਾਂ ਅਤੇ ਯੂੁਨੀਵਰਸਿਟੀਆਂ ਨੇ ਵੀ ਇਸ ਖੇਡ ਨੂੰ ਆਪਣੇ ਖੇਡ ਕੈਲੰਡਰ ਦਾ ਹਿੱਸਾ ਬਣਾਇਆ ਹੋਇਆ ਹੈ।