ਪ੍ਰੋ: ਅਜਮੇਰ ਸਿੰਘ ਔਲਖ
ਪੰਜਾਬੀ ਨਾਟਕ ਖੇਤਰ ਦਾ ਨਿਵੇਕਲਾ ਹਸਤਾਖ਼ਰ ਹਨ ਪ੍ਰੋ: ਅਜਮੇਰ ਸਿੰਘ ਔਲਖ। ਉਨ੍ਹਾਂ ਦੇ ਨਾਟਕ ਮਲਵਈ ਜਨਜੀਵਨ ਤੇ ਸੱਭਿਆਚਾਰ ਦਾ ਦਰਪਣ ਹਨ। ਦਰਜਨ ਪੂਰੇ ਨਾਟਕ ਅਤੇ ਅੱਧੀ ਦਰਜਨ ਇਕਾਂਗੀ ਤੇ ਲਘੂ ਨਾਟ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਅਜਮੇਰ ਸਿੰਘ ਔਲਖ ਦਾ ਜਨਮ ਕੌਰ ਸਿੰਘ ਦੇ ਘਰ ਹਰਨਾਮ ਕੌਰ ਦੀ ਕੁੱਖੋਂ ਪਿੰਡ ਕੁੰਭੜਵਾਲ (ਸੰਗਰੂਰ) ਵਿਖੇ ਨਿਮਨ ਕਿਸਾਨ ਪਰਿਵਾਰ ’ਚ 19 ਅਗਸਤ 1942 ਨੂੰ ਹੋਇਆ। 1945 ’ਚ ਉਨ੍ਹਾਂ ਦਾ ਪਰਿਵਾਰ ਮਾਨਸਾ ਜ਼ਿਲ੍ਹੇ ਦੇ ਭੀਖੀ ਨੇੜਲੇ ਪਿੰਡ ਕਿਸ਼ਨਗੜ੍ਹ ਫ਼ਰਵਾਹੀ ਵਿਖੇ ਆ ਵਸਿਆ। ਮੁੱਢਲੀ ਵਿੱਦਿਆ ਪਿੰਡ ਦੇ ਸਕੂਲ ਤੋਂ ਕਰਨ ਉਪਰੰਤ ਉਨ੍ਹਾਂ ਮੈਟ੍ਰਿਕ ਤੱਕ ਦੀ ਪੜਾਈ ਸਰਕਾਰੀ ਹਾਈ ਸਕੂਲ ਭੀਖੀ ਤੋਂ ਪ੍ਰਾਪਤ ਕਰ ਕੇ ਗ੍ਰੈਜੂਏਸ਼ਨ ਪਟਿਆਲਾ ਵਿਖੇ ਰਹਿੰਦਿਆਂ ਪ੍ਰਾਈਵੇਟ ਤੌਰ ’ਤੇ ਕੀਤੀ। 1965 ’ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਦੀ ਮਾਸਟਰ ਡਿਗਰੀ (ਐਮ. ਏ.) ਕਰ ਕੇ ਉਹ 28 ਅਗਸਤ 1965 ਨੂੰ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿਖੇ ਬਤੌਰ ਪੰਜਾਬੀ ਲੈਕਚਰਾਰ ਨਿਯੁਕਤ ਹੋਏ ਅਤੇ ਇਸੇ ਕਾਲਜ ਤੋਂ 31 ਅਗਸਤ 2001 ਤੋਂ ਸੇਵਾ ਮੁਕਤ ਹੋਏ। ਪਿੰਡ ਕਿਸ਼ਨਗੜ੍ਹ ਫ਼ਰਵਾਹੀ ਜੋ ਮਾਨਸਾ ਜ਼ਿਲ੍ਹੇ ਦੇ ਹੋਰਨਾਂ ਪਿੰਡਾਂ ਵਾਂਗ ਮੁਜ਼ਾਰਿਆਂ ਦਾ ਪਿੰਡ ਸੀ, ਨੇ ਪ੍ਰੋ: ਔਲਖ ਨੂੰ ਇਸ ਕਦਰ ਝੰਜੋੜਿਆ ਕਿ ਉਨ੍ਹਾਂ ਆਪਣੇ ਪਰਿਵਾਰ ਤੇ ਹੋਰ ਪਿੰਡ ਦੇ ਕਿਸਾਨਾਂ-ਮਜਦੂਰਾਂ ਦੀ ਮਿਹਨਤ ਦੀ ਹੁੰਦੀ ਲੁੱਟ ਅੱਖਾਂ ਸਾਹਮਣੇ ਦੇਖੀ ਅਤੇ ਰੋਹ ਵਜੋਂ ਕਲਮ ਚੁੱਕੀ। ਨਕਸਲੀ ਆਗੂ ਕਾਮਰੇਡ ਹਾਕਮ
ਬਾਕੀ ਸਫ਼ਾ 2 ’ਤੇ
ਸਿੰਘ ਸਮਾਉਂ ਦੇ ਨੇੜਲੇ ਸਾਥੀ ਰਹੇ ਪ੍ਰੋ: ਔਲਖ ਨੂੰ ਮਾਣ ਪ੍ਰਾਪਤ ਹੈ ਕਿ ਉਹ ਨਾਟਕ ਲੇਖਕ ਦੇ ਨਾਲ-ਨਾਲ ਨਿਰਦੇਸ਼ਕ ਵੀ ਖ਼ੁਦ ਹਨ ਅਤੇ ਉਨ੍ਹਾਂ ਦੀ ਨਾਟ ਸ਼ੈਲੀ ਨੇ ਪੇਂਡੂ ਵਰਗ ਦੇ ਸਧਾਰਨ ਬੰਦੇ ਤੋਂ ਲੈ ਕੇ ਬੁੱਧੀਜੀਵੀਆਂ ਤੱਕ ਪ੍ਰਭਾਵਿਤ ਕੀਤਾ ਹੈ। ਇਹ ਮਾਣ ਵੀ ਪ੍ਰੋ: ਔਲਖ ਦੇ ਹਿੱਸੇ ਜਾਂਦਾ ਹੈ ਕਿ ਗੁਰਸ਼ਰਨ ਸਿੰਘ ਭਾਅ ਜੀ ਤੋਂ ਬਾਅਦ ਉਨ੍ਹਾਂ ਦਾ ਵੀ ਸਮੁੱਚਾ ਪਰਿਵਾਰ ਪ੍ਰੋ: ਔਲਖ ਨਾਲ ਉਨ੍ਹਾਂ ਦੀ ਨਾਟ ਮੰਡਲੀ ਦਾ ਹਿੱਸਾ ਰਿਹਾ ਹੈ ਤੇ ਹੈ। ਪਤਨੀ ਮਨਜੀਤ ਕੌਰ ਔਲਖ, ਧੀਆਂ ਪ੍ਰੋ: ਸੁਪਨਦੀਪ ਕੌਰ, ਸੁਹਜਦੀਪ ਬਰਾੜ, ਪ੍ਰੋ: ਅਜਮੀਤ ਕੌਰ, ਜਵਾਈ ਲੈਕਚਰਾਰ ਮਨਜੀਤ ਸਿੰਘ ਚਾਹਲ, ਗਾਇਕ ਗੁਰਵਿੰਦਰ ਬਰਾੜ, ਅਧਿਆਪਕ ਸੁਭਾਸ਼ ਬਿੱਟੂ ਤੇ ਭਤੀਜੇ ਜਗਤਾਰ ਔਲਖ ਵੀ ਅਦਾਕਾਰੀ ਖੇਤਰ ਦਾ ਕਮਾਲ ਹਨ। ਨਿਮਨ ਕਿਸਾਨੀ ਤੇ ਮਜ਼ਦੂਰਾਂ ਦੇ ਦੁੱਖਾਂ ਦਰਦਾਂ ਦੀ ਆਪਣੇ ਨਾਟਕਾਂ ’ਚ ਬਾਤ ਪਾਉਣ ਵਾਲੇ ਅਤੇ ਸੁਨੇਹਾ ਛੱਡਣ ਵਾਲੇ ਪ੍ਰੋ: ਔਲਖ ਬਾਰੇ ਪ੍ਰਸਿੱਧ ਆਲੋਚਕ ਡਾ: ਟੀ. ਆਰ. ਵਿਨੋਦ ਦੀ ਟਿੱਪਣੀ ਇੰਨ ਬਿੰਨ ਢੁੱਕਦੀ ਹੈ, ‘ਪੰਜਾਬੀ ਨਾਟਕ ਖੇਤਰ ’ਚ ਪ੍ਰੋ: ਔਲਖ ਦੀ ਉਹੀ ਮਾਣਯੋਗ ਥਾਂ ਬਣ ਗਈ ਹੈ ਜਿਹੜੀ ਕਵਿਤਾ ’ਚ ਪਾਸ਼ ਦੀ, ਨਾਵਲ ’ਚ ਪ੍ਰੋ: ਗੁਰਦਿਆਲ ਸਿੰਘ ਦੀ ਜਾਂ ਫਿਰ ਕਹਾਣੀ ’ਚ ਵਰਿਆਮ ਸਿੰਘ ਸੰਧੂ ਦੀ’।
ਪ੍ਰੋ: ਔਲਖ ਨੂੰ ਇੱਕ ਨਾਮੁਰਾਦ ਬਿਮਾਰੀ ਨੇ ਆ ਘੇਰਿਆ ਸੀ ਪਰ ਅੱਜ ਉਹ ਨੌ-ਬਰਨੌ ਹਨ। ਸ਼੍ਰੋਮਣੀ ਨਾਟਕਾਰ ਪੁਰਸਕਾਰ ਸਮੇਤ ਅਨੇਕਾਂ ਸਨਮਾਨ ਝੋਲੀ ਪਵਾ ਚੁੱਕੇ ਫ਼ੱਕਰ ਸੁਭਾਅ ਦੇ ਇਨਸਾਨ ਨੂੰ ਅੱਜ 8 ਮਾਰਚ ਨੂੰ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਵੱਲੋਂ ਮਾਈ ਭਾਗੋ ਕਾਲਜ ਰੱਲਾ (ਮਾਨਸਾ) ਵਿਖੇ ਵੱਡੇ ਜਨਤਕ ਇਕੱਠ ’ਚ ਸਨਮਾਨਿਤ ਕੀਤਾ ਜਾ ਰਿਹਾ ਹੈ।


