ਕੋਲੰਬੋ ,7 ਮਾਰਚ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ੍ਰੀਲੰਕਾ ਯਾਤਰਾ ਦੀਆਂ ਤਿਆਰੀਆਂ ਦੇ ਤਹਿਤ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸ਼ੁੱਕਰਵਾਰ ਨੂੰ ਇੱਥੇ ਪਹੁੰਚੇ ਅਤੇ ਆਪਣੀ ਯਾਤਰਾ ਦੇ ਪਹਿਲੇ ਦਿਨ ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀ ਪਾਲਾ ਸਿਰੀਸੇਨਾ ਨਾਲ ਮੁਲਾਕਾਤ ਕੀਤੀ। ਮੋਦੀ ਦੀ ਸ੍ਰੀਲੰਕਾ ਯਾਤਰਾ ਪਿਛਲੇ ਕਰੀਬ 25 ਸਾਲ ਵਿਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਯਾਤਰਾ ਹੋਵੇਗੀ । ਸੁਸ਼ਮਾ ਨਾਲ ਮੁਲਾਕਾਤ ਦੌਰਾਨ ਸਿਰੀਸੇਨਾ ਨੇ ਕਿਹਾ ਕਿ ਸ੍ਰੀਲੰਕਾ ਮੋਦੀ ਦੀ ਅਗਲੇ ਹਫ਼ਤੇ ਹੋਣ ਵਾਲੀ ਯਾਤਰਾ ਦੀ ਤਿਆਰੀ ਕਰ ਰਿਹਾ ਹੈ । ਉਨ੍ਹਾਂ ਨੇ ਸੁਸ਼ਮਾ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਭਾਰਤ ਦੇ ਨਾਲ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਪ੍ਰਤੀਬੱਧ ਹੈ । ਸਿਰੀਸੇਨਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਦੇਸ਼ ਸਾਰੇ ਭਾਈ ਚਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਪ੍ਰਕਿਰਿਆ ਵਿਚ ਹੈ
। ਪਿਛਲੇ ਕੁੱਝ ਸਾਲਾਂ ਤੋਂ ਸ੍ਰੀਲੰਕਾ ਨੂੰ ਭਾਰਤ ਵੱਲੋਂ ਮਿਲ ਰਹੇ ਮਜ਼ਬੂਤ ਸਮਰਥਨ ਦਾ ਜ਼ਿਕਰ ਕਰਦੇ ਹੋਏ ਸ੍ਰੀਲੰਕਾ ਦੇ ਰਾਸ਼ਟਰਪਤੀ ਨੇ ਕਿਹਾ ਕਿ ਉਹ ਅੰਤਰਰਾਸ਼ਟਰੀ ਖੇਤਰ ਵਿਚ ਵੀ ਇਸੇ ਤਰ੍ਹਾਂ ਦੇ ਸਮਰਥਨ ਦੀ ਉਮੀਦ ਕਰ ਰਹੇ ਹੈ । ਦੋ ਦਿਨਾਂ ਯਾਤਰਾ ਉੱਤੇ ਇੱਥੇ ਪਹੁੰਚੀ ਸੁਸ਼ਮਾ ਸਵਰਾਜ ਦਾ ਹਵਾਈ ਅੱਡੇ ਉੱਤੇ ਉਪ ਵਿਦੇਸ਼ ਮੰਤਰੀ ਅਜੀਤ ਪੀ. ਪੀਰਾ ਨੇ ਸਵਾਗਤ ਕੀਤਾ।


