Skip to content
Independent perspectives. Global stories.
BREAKING

ਹਰੀਕੇ ਕੁਦਰਤੀ ਸੁਰੱਖਿਆ ਸੋਸਾਈਟੀ ਬਣਾਏਗੀ ਪੰਜਾਬ ਸਰਕਾਰ਼

Share this story

ਚੰਡੀਗੜ੍ਹ, 7 ਮਾਰਚ (ਪੀ. ਟੀ.)- ਪੰਜਾਬ ਸਰਕਾਰ ਨੇ ਇਕ ਖਾਸ ਯੋਜਨਾ ਉਲੀਕੀ ਹੈ ਜਿਸ ਦੇ ਤਹਿਤ ਹਰੀਕੇ ਕੁਦਰਤੀ ਸੁਰੱਖਿਆ ਸੋਸਾਈਟੀ ਬਣਾਈ ਜਾਵੇਗੀ। ਇਸ ਸੋਸਾਈਟੀ ਦਾ ਮੁੱਖ ਮਕਸਦ ਹਰੀਕੇ ਖੇਤਰ ਦੇ ਵਾਤਾਵਰਣ ਅਤੇ ਜੀਵਾਂ ਦੀ ਸੁਰੱਖਿਆ ਕਰਨ ਦੇ ਨਾਲ ਨਾਲ ਹੀ ਉਨ੍ਹਾਂ ਬਾਰੇ ਖੋਜ ਅਤੇ ਅਧਿਐਨ ਕਰਨਾ ਵੀ ਹੋਵੇਗਾ। ਇਹ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੋਸਾਈਟੀ ਵਲੋਂ ਈਕੋ ਟੂਰੀਜ਼ਮ ਦਾ ਪ੍ਰਚਾਰ ਤਾਂ ਕੀਤਾ ਹੀ ਜਾਵੇਗਾ ਸਗੋਂ ਇਸ ਦੇ ਨਾਲ ਹੀ ਜੰਗਲੀ ਜੀਵਾਂ ਅਤੇ ਪੱਛੀਆਂ ਨੂੰ ਦਰਪੇਸ਼ ਵਜ਼ੂਦ ਦੇ ਖਤਰੇ ਨਾਲ ਨਜਿੱਠਣ ਸਬੰਧੀ ਰਣਨੀਤੀ ਵੀ ਘੜੀ ਜਾਵੇਗੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਕੁਦਰਤੀ ਅਵਾਸਾਂ ਵਿਚ ਸੁਰੱਖਿਅਤ ਰੱਖਣ ਦੇ ਉਪਾਅ ਵੀ ਕੀਤੇ ਜਾਣਗੇ।

        ਬੁਲਾਰੇ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਸੋਸਾਈਟੀ ਦੇ ਮੈਂਬਰਾਂ ਵਿਚ ਕੁਦਰਤ ਪ੍ਰੇਮੀ, ਸਥਾਨਕ ਇਲਾਕੇ ਦੇ ਪ੍ਰਤੀਨਿਧੀ, ਸਿੱਖਿਆ ਸ਼ਾਸ਼ਤਰੀ ਜਾਂ ਵਿਗਿਆਨਿਕ ਸੰਸਥਾਵਾਂ ਦੇ ਪ੍ਰਤੀਨਿਧੀ ਅਤੇ ਗੈਰ ਸਰਕਾਰੀ ਸੰਸਥਾ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ। ਜੰਗਲੀ ਜੀਵਨ ਅਤੇ ਇਸ ਵਿਚਲੇ ਜੀਵਾਂ ਦੀ ਸੁਰੱਖਿਆ ਦੇ ਕੰਮ ਨੂੰ ਵਧੀਆ ਢੰਗ ਨਾਲ ਸੰਭਾਲਣ ਦੇ ਸੰਦਰਭ ਵਿਚ ਇਹ ਸੋਸਾਈਟੀ ਇਕ ਰਜਿਸਟਰਡ ਸਲਾਹਕਾਰੀ ਸੰਸਥਾ ਅਤੇ ਨਿਗਰਾਨ ਸੰਸਥਾ ਵਜੋਂ ਕੰਮ ਕਰੇਗੀ ਅਤੇ ਸਰਕਾਰ ਵਲੋਂ ਸੌਂਪੀ ਗਈ ਕਿਸੇ ਹੋਰ ਜਿੰਮੇਵਾਰੀ ਨੂੰ ਵੀ ਨਿਭਾਵੇਗੀ। ਬੁਲਾਰੇ ਨੇ ਇਹ ਵੀ ਕਿਹਾ ਕਿ ਇਸ ਸੋਸਾਈਟੀ ਵਲੋਂ ਚੁੱਕੇ ਗਏ ਕਦਮਾਂ ਨਾਲ ਜਿੱਥੇ ਹਰੀਕੇ ਖੇਤਰ ਈਕੋ ਟੂਰੀਜ਼ਮ ਦਾ ਗੜ੍ਹ ਬਣੇਗਾ ਉੱਥੇ ਹੀ ਸੈਲਾਨੀਆਂ ਦੀ ਗਿਣਤੀ ਵਧਾਉਣ ਵਿਚ ਵੀ ਮਦਦ ਮਿਲੇਗੀ। ਦਰਬਾਰ ਸਾਹਿਬ, ਅੰਮ੍ਰਿਤਸਰ, ਗੋਇੰਦਵਾਲ ਸਾਹਿਬ ਅਤੇ ਸਭਰਾਉਂ (ਇਤਿਹਾਸਕ ਅਤੇ ਧਾਰਮਿਕ ਸਥਾਨ) ਦੇ ਨੇੜੇ ਹੋਣ ਕਾਰਨ ਇਸ ਖੇਤਰ ਦੀ ਸੈਰ ਸਪਾਟਾ ਕੇਂਦਰ ਵਜੋਂ ਅਹਿਮੀਅਤ ਕਈ ਗੁਣਾਂ ਵਧ ਜਾਵੇਗੀ। ਇਕ ਹੋਰ ਵੱਡਾ ਫਾਇਦਾ ਸਥਾਨਕ ਖੇਤਰ ਵਾਸੀਆਂ ਲਈ ਰੋਜ਼ਗਾਰ ਦੇ ਸਾਧਨ ਪੈਦਾ ਹੋਣ ਅਤੇ ਆਮਦਨ ਵਿਚ ਵਾਧਾ ਹੋਣ ਦੇ ਰੂਪ ਵਿਚ ਹੋਵੇਗਾ। ਸੋਸਾਈਟੀ ਵਲੋਂ ਚੁੱਕੇ ਕਦਮਾਂ ਨਾਲ ਜਿੱਥੇ ਕੁਦਰਤੀ ਪੌਣ-ਪਾਣੀ ਦੇ ਸਾਧਨਾਂ ਨੂੰ ਸੁਰੱਖਿਆ ਮਿਲੇਗੀ, ਉੱਥੇ ਹੀ ਪ੍ਰਦੂਸ਼ਣ ਘਟਣ ਦੇ ਨਾਲ ਜ਼ਮੀਨ ਅਤੇ ਜਲ ਵਰਗੇ ਵਸੀਲਿਆਂ ਨੂੰ ਵੀ ਬਰਬਾਦੀ ਤੋਂ ਬਚਾਇਆ ਜਾ ਸਕੇਗਾ।

WRITTEN BY