ਅੰਮ੍ਰਿਤਸਰ ਦਲ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਾਲ ਰਾਜਸੀ ਕਾਨਫਰੰਸ
ਸ੍ਰੀ ਅਨੰਦਪੁਰ ਸਾਹਿਬ, 5 ਮਾਰਚ (ਦਵਿੰਦਰਪਾਲ ਸਿੰਘ)- ‘‘ਸਿੱਖ ਕੌਮ ਦੇ ਜੰਗਜੂ ਅਤੇ ਫਖ਼ਰ ਵਾਲੇ ਇਤਿਹਾਸ ਨਾਲ ਸੰਬੰਧਤ ਹੋਲੇ-ਮਹੱਲੇ ਦੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਦਿਨ ਮੌਕੇ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਕੀਤੀ ਜਾਣ ਵਾਲੀ ਕਾਨਫਰੰਸ ਵਿਚ ਇਸ ਵਾਰੀ ਵੀ ਭਰਵੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅ) ਨੇ ਆਪਣੀ ਤਕਰੀਰ ਦੌਰਾਨ ਜੰਮੂ-ਕਸ਼ਮੀਰ ਦੇ ਹੁਣੇ ਬਣੇ ਮੁੱਖ ਮੰਤਰੀ ਜਨਾਬ ਮੁਫ਼ਤੀ ਮੁਹੰਮਦ ਸਈਅਦ ਵੱਲੋਂ ਆਪਣੇ ਜੰਮੂ-ਕਸ਼ਮੀਰ ਸੂਬੇ ਅਤੇ ਉਥੇ ਵੱਸਣ ਵਾਲੀ ਬਹੁਗਿਣਤੀ ਮੁਸਲਿਮ ਕੌਮ ਦੀ ਬਾਦਲੀਲ ਅਤੇ ਦ੍ਰਿੜ੍ਹਤਾ ਨਾਲ ਜੋ ਗੱਲ ਕਰਦੇ ਹੋਏ ਕਿਹਾ ਗਿਆ ਹੈ ਕਿ ਜੰਮੂ-ਕਸ਼ਮੀਰ ਦੀਆਂ ਜਮਹੂਰੀਅਤ ਅਤੇ ਅਮਨਮਈ ਤਰੀਕੇ
ਨਾਲ ਹੋਈਆਂ ਚੋਣਾਂ ਦਾ ਸਿਹਰਾ ਪਾਕਿਸਤਾਨ ਦੀ ਨਵਾਜ਼ ਸ਼ਰੀਫ਼ ਹਕੂਮਤ ਅਤੇ ਜੰਮੂ-ਕਸ਼ਮੀਰ ਵਿਚਲੇ ਜਹਾਦੀ ਗਰੁੱਪਾਂ ਹੁਰੀਅਤ ਕਾਨਫਰੰਸ ਅਤੇ ਹੋਰਨਾਂ ਵੱਲੋਂ ਨਿਭਾਈ ਗਈ ਕਸ਼ਮੀਰ ਪੱਖੀ ਭੂਮਿਕਾ ਦੀ ਬਦੌਲਤ ਹੀ ਕਿ ਇਹ ਚੋਣਾਂ ਸੰਪੂਰਨ ਹੋਈਆਂ ਹਨ। ਵਰਨਾ ਜੰਮੂ-ਕਸ਼ਮੀਰ ਦੀਆਂ ਨਿਰਵਿਘਨ ਚੋਣਾਂ ਹੋਣਾ ਅਸੰਭਵ ਸੀ। ਦੂਸਰਾ ਜੋ ਜਨਾਬ ਸਈਅਦ ਨੇ ਅਫਜ਼ਲ ਗੁਰੂ ਦੀਆਂ ਅਸਥੀਆਂ ਉਸਦੇ ਪਰਿਵਾਰ ਨੂੰ ਤੁਰੰਤ ਸੌਂਪਣ ਦੀ ਮੰਗ ਕੀਤੀ ਹੈ, ਇਹ ਵੀ ਜਨਾਬ ਸਈਅਦ ਦੇ ਮਨ-ਆਤਮਾ ਵਿਚ ਆਪਣੀ ਮੁਸਲਿਮ ਕੌਮ ਪ੍ਰਤੀ ਅਥਾਹ ਪਿਆਰ ਦਾ ਪ੍ਰਤੱਖ ਸਬੂਤ ਹੈ। ਜਨਾਬ ਸਈਅਦ ਵੱਲੋਂ ਉਪਰੋਕਤ ਦੋਵੇਂ ਗੱਲਾਂ ਨੂੰ ਬਿਨਾ ਕਿਸੇ ਡਰ-ਭੈਅ ਅਤੇ ਦ੍ਰਿੜ੍ਹਤਾ ਨਾਲ ਕਹਿਣ ਦੇ ਹੋਏ ਅਮਲ ਅਤਿ ਸਵਾਗਤਯੋਗ ਅਤੇ ਆਪਣੇ ਕੌਮੀ ਮੁਫ਼ਾਦਾਂ ਦੀ ਪੂਰਤੀ ਕਰਨ ਵਾਲੇ ਹਨ। ਜਿਸਦਾ ਸ਼੍ਰੋਮਣੀ ਅਕਾਲੀ ਦਲ (ਅ) ਜਿਥੇ ਭਰਪੂਰ ਸਵਾਗਤ ਕਰਦਾ ਹੈ, ਉਥੇ ਸਿੱਖ ਕੌਮ ਨਾਲ ਸੰਬੰਧਤ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਜਿਸ ਦਾ ਕੇਂਦਰ ਦੀ ਮੋਦੀ ਹਕੂਮਤ ਅਤੇ ਆਰ.ਐਸ.ਐਸ ਨਾਲ ਭਾਈਵਾਲੀ ਹੈ, ਉਹਨਾਂ ਵੱਲੋ ਜੇਲ੍ਹਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਵੀ ਦਲੀਲ ਸਹਿਤ ਆਵਾਜ਼ ਨਾ ਉਠਾਉਣ ਅਤੇ ਨਾ ਹੀ ਕੇਂਦਰ ਤੋਂ ਪੰਜਾਬ ਲਈ ਕੋਈ ਆਰਥਿਕ ਪੈਕਜ ਲੈਣ ਅਤੇ ਨਾ ਹੀ ਪੰਜਾਬ ਅਤੇ ਸਿੱਖ ਕੌਮ ਦਾ ਹੱਲ ਕਰਨ ਉਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਸ. ਬਾਦਲ ਅਤੇ ਅਖੌਤੀ ਇਹਨਾਂ ਆਗੂਆਂ ਨੂੰ ਸ੍ਰੀ ਮੁਹੰਮਦ ਸਈਅਦ ਦੀ ਦ੍ਰਿੜਤਾ ਤੋਂ ਸੇਧ ਲੈਣ ਦੀ ਗੁਜ਼ਾਰਿਸ ਕਰਦੇ ਹੋਏ ਪ੍ਰਗਟ ਕੀਤੇ।
ਸ. ਮਾਨ ਨੇ ਅੱਜ ਦੇ ਦਿਹਾੜੇ ਦੇ ਕੌਮਾਂਤਰੀ ਪੱਧਰ ਦੇ ਮਹੱਤਵ ਉਤੇ ਚਾਨਣਾ ਪਾਉਦੇ ਹੋਏ ਕਿਹਾ ਕਿ ਗੁਰੂ ਸਾਹਿਬਾਨ ਨੇ ਜਿਥੇ ਸਾਨੂੰ ‘‘ਸਰਬੱਤ ਦੇ ਭਲੇੂ ਦੇ ਮਿਸ਼ਨ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਅਤੇ ਅਮਲ ਕਰਨ ਦਾ ਸੰਦੇਸ਼ ਦਿੱਤਾ ਹੈ, ਉਥੇ ਉਹਨਾਂ ਨੇ ਸਮਾਂ ਆਉਣ ਤੇ ਹਰ ਸਿੱਖ ਨੂੰ ਬਾਣੀ ਅਤੇ ਬਾਣੇ ਵਿਚ ਰਹਿੰਦੇ ਹੋਏ ਦੁਸ਼ਮਣ ਤਾਕਤਾਂ ਨੂੰ ਕਰਾਰਾ ਜੁਆਬ ਦੇਣ ਅਤੇ ਆਪਣੇ ਹੱਕ-ਹਕੂਕਾਂ ਦੀ ਰੱਖਿਆ ਕਰਨ ਲਈ ਸਾਨੂੰ ਜੰਗੀ ਕਰਤੱਬਾਂ ਅਤੇ ਰੀਹੱਸਲਾ ਕਰਦੇ ਹੋਏ ਜੰਗੀ ਢੰਗ-ਤਰੀਕਿਆ ਵਿਚ ਨਿਪੁੰਨਤਾ ਪ੍ਰਾਪਤ ਕਰਨ ਦਾ ਵੀ ਆਦੇਸ਼ ਦਿੱਤਾ ਹੈ ਤਾਂ ਕਿ ਸਮਾਂ ਆਉਣ ਤੇ ਕਿਸੇ ਵੀ ਦੁਸ਼ਮਣ ਨੂੰ ਸਿੱਖ ਕੌਮ ਆਪਣੀਆਂ ਰਵਾਇਤਾਂ ਉਤੇ ਪਹਿਰਾ ਦਿੰਦੀ ਹੋਈ ਸਬਕ ਵੀ ਸਿਖਾ ਸਕੇ ਅਤੇ ਆਪਣੇ ਖ਼ਾਲਸਾ ਰਾਜ ਨੂੰ ਸਦਾ ਲਈ ਕਾਇਮ ਰੱਖ ਸਕੇ। ਅੱਜ ਦੇ ਇਕੱਠ ਵਿਚ ਕੋਈ 22 ਦੇ ਕਰੀਬ ਮਤੇ ਪਾਸ ਕੀਤੇ ਗਏ, ਜਿਨ੍ਹਾਂ ਵਿਚ ਖ਼ਾਲਿਸਤਾਨ ਸਟੇਟ ਵਿਚ ਸਭਨਾਂ ਨੂੰ ਬਰਾਬਰ ਦੇ ਅਧਿਕਾਰ ਤੇ ਇਨਸਾਫ਼ ਦੇਣ, ਜਗਤਾਰ ਸਿੰਘ ਤਾਰਾ ਅਤੇ ਹੋਰ ਜੇਲ੍ਹਾਂ ਵਿਚ ਬੰਦੀ ਸਿੰਘਾਂ ਨੂੰ ਰਿਹਾਅ ਕਰਨ, ਯੂਕਰੇਨ ਅਤੇ ਰੂਸ ਵਿਚਾਲੇ ਹੋਣ ਜਾ ਰਹੀ ਜੰਗ ਸੰਬੰਧੀ ਹਿੰਦ ਵੱਲੋ ਸਥਿਤੀ ਸਪੱਸਟ ਕਰਨ, ਜਪਾਨ, ਆਸਟ੍ਰੇਲੀਆ, ਵੀਅਤਨਾਮ, ਕੋਰੀਆ ਆਦਿ ਮੁਲਕਾਂ ਨਾਲ ਕੀਤੇ ਜਾਣ ਵਾਲੇ ਫ਼ੌਜੀ ਸਮਝੋਤੇ ਏਸੀਆ ਖਿੱਤੇ ਲਈ ਖ਼ਤਰੇ ਦੀ ਘੰਟੀ, ਅਮਰੀਕਾ ਸਟੇਟ ਡਿਪਾਰਟਮੈਂਟ ਵਾਸ਼ਿੰਗਟਨ ਅਤੇ ਹੋਰ ਸਫਾਰਤਖਾਨਿਆਂ ਵਿਖੇ ਸਿੱਖ ਡੈਸਕ ਕਾਇਮ ਕਰੇ, ਬਾਦਲ ਹਕੂਮਤ ਵੱਲੋ ਅੰਮ੍ਰਿਤਸਰ ਹਵਾਈ ਅੱਡੇ ਨੂੰ ਚੰਡੀਗੜ੍ਹ ਲਿਆਉਣ ਦਾ ਵਿਰੋਧ, ਰਾਵੀ, ਚਿਨਾਬ, ਸਤਲੁਜ, ਬਿਆਸ ਦਰਿਆਵਾ ਉਤੇ ਬਣੇ ਡੈਮਾਂ ਦਾ ਕੰਟਰੋਲ ਯੂ.ਐਨ.ਓ. ਦੇ ਹਵਾਲੇ ਹੋਵੇ, ਹਿੰਦ ਵੱਲੋ ਮਿਜ਼ਾਇਲਾਂ ਦੇ ਕੀਤੇ ਜਾ ਰਹੇ ਤੁਜ਼ਰਬੇ ਪੰਜਾਬ ਨੂੰ ਜੰਗ ਦਾ ਅਖਾੜਾ ਬਣਾਉਣ ਦੀ ਸਾਜ਼ਿਸ, ਸੂਰਤ ਸਿੰਘ ਖ਼ਾਲਸਾ ਅਤੇ ਹੋਰ ਸਿੱਖਾਂ ਨੂੰ ਬੰਦੀ ਬਣਾਉਣਾ ਅਸਹਿ, ਆਰ.ਐਸ.ਐਸ. ਵੱਲੋਂ ਧਰਮ ਤਬਦੀਲੀ ਅਤੇ ਰਾਮ ਮੰਦਰ ਬਣਾਉਣ ਦੇ ਏਜੰਡੇ ਨਫ਼ਰਤ ਪੈਦਾ ਕਰਨ ਵਾਲੇ, ਸਿੱਖ ਕੌਮ ਹਿੰਦੂ ਕੌਮ ਦਾ ਹਿੱਸਾ ਨਹੀਂ, ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਡਰੱਗ ਮਾਫੀਆ ਅਤੇ ਲੈਡ ਮਾਫੀਆ ਦੀ ਜਾਂਚ ਯੂ.ਐਨ.ਓ. ਕਰੇ, 60 ਹਜ਼ਾਰ ਸਿੱਖਾਂ ਨੂੰ ਗੁਜਰਾਤ ਵਿਚੋ ਉਜਾੜਨਾ ਮੁਤੱਸਵੀ ਅਮਲ, ਪੰਜਾਬ ਸਰਕਾਰ ਅਤੇ ਸੈਟਰ ਵੱਲੋ ਲਗਾਏ ਜ਼ਾਇਦਾਦ ਟੈਕਸ ਮਨੁੱਖਤਾ ਵਿਰੋਧੀ, ਭੌਂ ਪ੍ਰਾਪਤੀ ਬਿਲ ਨੂੰ ਸਿੱਖ ਕੌਮ ਬਿਲਕੁਲ ਪ੍ਰਵਾਨ ਨਹੀਂ ਕਰੇਗੀ, ਖੇਤੀ ਦੀਆਂ ਵਸਤਾਂ ਦੇ ਉਤਪਾਦ ਨੂੰ ਉਤਸਾਹਿਤ ਕਰਨ ਲਈ ਜਿੰਮੀਦਾਰਾਂ ਨੂੰ ਐਸਪੋਰਟ ਦੀਆਂ ਸਹੂਲਤਾਂ ਦਿੱਤੀਆਂ ਜਾਣ, ਸੰਤ ਸਮਾਜ ਅਤੇ ਟਕਸਾਲ ਵੱਲੋ ‘‘ਜ਼ਾਬਰ-ਬਾਬਰੂ ਮੋਦੀ ਤੇ ਆਰ.ਐਸ.ਐਸ. ਨਾਲ ਮਿਲ ਜਾਣਾ ਦੁੱਖਦਾਇਕ, ਖ਼ਾਲਿਸਤਾਨ ਵਿਚ ਹਰ ਨਾਗਰਿਕ ਨੂੰ ਕੁੱਲੀ, ਗੁੱਲੀ ਅਤੇ ਜੁੱਲੀ ਪ੍ਰਦਾਨ ਹੋਵੇਗੀ, ਫ਼ਾਂਸੀ ਦੀ ਸਜ਼ਾ ਖ਼ਤਮ ਕੀਤੀ ਜਾਵੇ ਦੇ ਮਤਿਆ ਨੂੰ ਜੈਕਾਰਿਆ ਦੀ ਗੂੰਜ ਵਿਚ ਪਾਸ ਕੀਤਾ ਗਿਆ ।
ਅੱਜ ਦੇ ਇਕੱਠ ਵਿਚ ਸ. ਸਿਮਰਨਜੀਤ ਸਿੰਘ ਮਾਨ ਤੋ ਇਲਾਵਾ, ਸ. ਧਿਆਨ ਸਿੰਘ ਮੰਡ, ਭਾਗ ਸਿੰਘ ਸੁਰਤਾਪੁਰ, ਕਰਨੈਲ ਸਿੰਘ ਨਾਰੀਕੇ, ਪ੍ਰੌ. ਮਹਿੰਦਰਪਾਲ ਸਿੰਘ, ਹਰਭਜਨ ਸਿੰਘ ਕਸ਼ਮੀਰੀ, ਸੰਸਾਰ ਸਿੰਘ ਦਿੱਲੀ, ਫ਼ੌਜਾ ਸਿੰਘ ਧਨੌਰੀ, ਕੁਲਦੀਪ ਸਿੰਘ ਭਾਗੋਵਾਲ, ਰਣਜੀਤ ਸਿੰਘ ਸੰਤੋਖਗੜ੍ਹ, ਦਲਜੀਤ ਸਿੰਘ ਕੁੰਭੜਾ, ਗੁਰਜੰਟ ਸਿੰਘ ਕੱਟੂ, ਸਿੰਗਾਰਾ ਸਿੰਘ ਬਡਲਾ, ਅਮਰੀਕ ਸਿੰਘ ਨੰਗਲ, ਰਣਜੀਤ ਸਿੰਘ ਚੀਮਾਂ, ਬਲਕਾਰ ਸਿੰਘ ਭੁੱਲਰ, ਹਰਪਾਲ ਸਿੰਘ ਕੁੱਸਾ, ਤਰਲੋਕ ਸਿੰਘ ਡੱਲਾ, ਹਰਬੰਸ ਸਿੰਘ ਪੈਲੀ, ਸੁਖਜੀਤ ਸਿੰਘ ਡਰੋਲੀ, ਅਵਤਾਰ ਸਿੰਘ ਖੱਖ, ਧਰਮ ਸਿੰਘ ਕਲੌੜ, ਮਨਜੀਤ ਸਿੰਘ ਰੇਰੂ, ਮੱਖਣ ਸਿੰਘ ਤਾਰਪੁਰਾ, ਸੁਲੱਖਣ ਸਿੰਘ ਸਾਹਕੋਟ, ਹਰਮੇਸ ਬੜੌਦੀ, ਜੋਗਿੰਦਰ ਸਿੰਘ ਰੋਪੜ, ਬੀਬੀ ਤੇਜ ਕੌਰ, ਹਰਜਾਪ ਸਿੰਘ ਬਾਜ, ਕ੍ਰਿਸ਼ਨ ਸਿੰਘ ਸਲਾਣਾ, ਲਖਵੀਰ ਸਿੰਘ ਕੋਟਲਾ, ਗੁਰਦੀਪ ਸਿੰਘ ਖੁਣਖੁਣ, ਇਕਬਾਲ ਸਿੰਘ ਬਰੀਵਾਲ, ਸੁਰਜੀਤ ਸਿੰਘ ਅਰਾਈਆ, ਸਰੂਪ ਸਿੰਘ ਸੰਧਾ, ਦੀਦਾਰ ਸਿੰਘ ਰਾਣੋ, ਕੁਲਦੀਪ ਸਿੰਘ ਪਹਿਲਵਾਨ, ਬਲਵੀਰ ਸਿੰਘ ਮੰਡੇਰ, ਮਨਜੀਤ ਸਿੰਘ ਮਹੱਦੀਆ, ਲਲਿਤ ਮੋਹਨ ਸਿੰਘ, ਗੁਰਦੀਪ ਸਿੰਘ ਦੀਪਾ, ਗੁਰਵਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ।



