ਚੰਡੀਗੜ੍ਹ, 2 ਮਾਰਚ (ਪੀ. ਟੀ.)- ਸਿੰਚਾਈ ਵਿਭਾਗ ਪੰਜਾਬ ਵੱਲੋਂ ਇੱਕ ਕਾਰਜਕਾਰੀ ਇੰਜਨੀਅਰ, ਇੱਕ ਉਪ ਮੰਡਲ ਅਫ਼ਸਰ ਅਤੇ ਇੱਕ ਜ਼ਿਲੇਦਾਰ ਨੂੰ ਡਿਊਟੀ ’ਚ ਕੋਤਾਹੀ ਕਰਨ ਦੇ ਦੋਸ਼ ਤਹਿਤ ਜ਼ਬਰੀ ਸੇਵਾ-ਮੁਕਤ ਕਰ ਦਿੱਤਾ ਗਿਆ, ਜਦ ਕਿ ਦੋ ਉਪ ਮੰਡਲ ਅਫ਼ਸਰਾਂ ਨੂੰ ਡਿਸਮਿਸ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਸ. ਕਾਹਨ ਸਿੰਘ ਪੰਨੂ ਸਕੱਤਰ ਸਿੰਚਾਈ ਵਿਭਾਗ ਪੰਜਾਬ ਦੇ ਆਦੇਸ਼ਾਂ ਤਹਿਤ ਅਮਲ ’ਚ ਲਿਆਂਦੀ ਗਈ। ਸ. ਸ਼ਰਨਜੀਤ ਸਿੰਘ ਢਿੱਲੋਂ ਸਿੰਚਾਈ ਮੰਤਰੀ ਪੰਜਾਬ ਨੇ ਅਧਿਕਾਰੀਆਂ/ਕ੍ਰਮਚਾਰੀਆਂ ਨੂੰ ਆਪਣੀ ਡਿਊਟੀ ਸਮਰਪਣ ਦੀ ਭਾਵਨਾ ਅਤੇ ਇਮਾਨਦਾਰੀ ਨਾਲ ਕਰਨ ਦੀ ਹਦਾਇਤ ਕੀਤੀ ਅਤੇ ਕਿਹਾ ਕਿ ਡਿਊਟੀ ’ਚ ਕੋਤਾਹੀ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿੰਚਾਈ ਵਿਭਾਗ ’ਚ ਭ੍ਰਿਸ਼ਟਾਚਾਰ ਮੁਕਤ ਵਾਤਾਵਰਣ ਪੈਦਾ ਕਰਨਾ ਹੀ ਉਨ੍ਹਾਂ ਦਾ ਮੁੱਖ ਮਨੋਰਥ ਹੈ। ਸ. ਕਾਹਨ ਸਿੰਘ ਪੰਨੂ ਨੇ ਕਿਹਾ ਕਿ ਸਿੰਚਾਈ ਵਿਭਾਗ ਪੰਜਾਬ ’ਚ ਅਧਿਕਾਰੀਆਂ
ਖਿਲਾਫ਼ ਲੰਬਿਤ ਪਈਆਂ ਸਾਰੀਆਂ ਜਾਂਚ-ਪੜਤਾਲਾਂ ਨੂੰ ਮਿਥੇ ਸਮੇਂ ’ਚ ਮਕੁੰਮਲ ਕੀਤਾ ਜਾਵੇ ਤਾਂ ਜੋ ਉਨ੍ਹਾਂ ਖਿਲਾਫ਼ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਸਕੇ। ਇਸ ਸਬੰਧੀ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਰਜਕਾਰੀ ਇੰਜਨੀਅਰ ਸ. ਬਲਿਹਾਰ ਸਿੰਘ ਕਟਾਰੀਆ, ਉਪ ਮੰਡਲ ਅਫ਼ਸਰ ਸ. ਤਰਨਜੀਤ ਸਿੰਘ ਅਤੇ ਜ਼ਿਲ੍ਹੇਦਾਰ ਸ. ਰਾਜਿੰਦਰ ਸਿੰਘ ਨੂੰ ਜਬਰੀ ਰਿਟਾਇਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੋ ਉਪ ਮੰਡਲ ਅਫ਼ਸਰਾਂ ਕੁਲਵੰਤ ਸਿੰਘ ਅਤੇ ਸਤਪਾਲ ਸਿੰਘ ਦੀਆਂ ਸੇਵਾਵਾਂ ਡਿਸਮਿਸ ਕੀਤੀਆਂ ਗਈਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇੱਕ ਮੁੱਖ ਇੰਜਨੀਅਰ ਵਿਰੁੱਧ ਵੀ ਕਾਰਵਾਈ ਕਰਦਿਆਂ ਉਨ੍ਹਾਂ ਦੀ ਇੱਕ ਸਲਾਨਾ ਤਰੱਕੀ ‘ਤੇ ਰੋਕ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣੇ ਸੇਵਾ-ਮੁਕਤ ਹੋਏ ਤਿੰਨ ਮੁੱਖ ਇੰਜਨੀਅਰਾਂ ਸੁਖਜਿੰਦਰ ਸਿੰਘ, ਜਰਨੈਲ ਸਿੰਘ ਅਤੇ ਆਰ.ਕੇ.ਗੋਇਲ ਦੀ ਪੈਨਸ਼ਨ ‘ਚ 10 ਪ੍ਰਤੀਸ਼ਤ ਦੀ ਕਟੌਤੀ ਕੀਤੀ ਗਈ ਹੈ। ਇਸੇ ਤਰ੍ਹਾਂ ਨਿਗਰਾਨ ਇੰਜਨੀਅਰ ਕੁਲਦੀਪ ਭੱਠਲ ਅਤੇ ਤਿੰਨ ਕਾਰਜਕਾਰੀ ਇੰਜਨੀਅਰਾਂ ਗੁਰਮੇਲ ਸਿੰਘ, ਸਤੀਸ਼ ਕੁਮਾਰ ਬਾਂਸਲ ਤੇ ਰਾਕੇਸ਼ ਕੁਮਾਰ ਦੀ ਪੈਨਸ਼ਨ ‘ਤੇ ਵੀ 10 ਪ੍ਰਤੀਸ਼ਤ ਦੀ ਕੱਟ ਲਗਾਈ ਗਈ ਹੈ।



