ਬਠਿੰਡਾ, 24 ਫਰਵਰੀ (ਅਮਰਜੀਤ ਸਿੰਘ ਸਿੱਧੂ/ ਗੁਰਤੇਜ ਸਿੰਘ ਸਿੱਧੂ)- ਬਠਿੰਡਾ ਜ਼ਿਲ੍ਹੇ ਅਧੀਨ ਪੈਂਦੀਆਂ 7 ਨਗਰ ਕੌਂਸਲਾਂ ਅਤੇ 11 ਨਗਰ ਪੰਚਾਇਤਾਂ ਦੇ 226 ਵਾਰਡਾਂ ਵਿਚੋਂ 170 ਵਾਰਡਾਂ ਵਿਚ 25 ਫਰਵਰੀ ਨੂੰ ਵੋਟਾਂ ਪੈ ਰਹੀਆਂ ਹਨ, ਕਿਉਂਕਿ 56 ਵਾਰਡਾਂ ਵਿਚ ਨਿਰਵਿਰੋਧ ਉਮੀਦਵਾਰ ਜਿੱਤ ਚੁੱਕੇ ਹਨ। ਨਗਰ ਕੌਂਸਲਾਂ ਭੁੱਚੋ ਮੰਡੀ, ਕੋਟਫੱਤਾ, ਗੋਨਿਆਣਾ ਮੰਡੀ, ਸੰਗਤ, ਰਾਮਪੁਰਾ ਫੂਲ, ਰਾਮਾ ਮੰਡੀ, ਮੌੜ ਮੰਡੀ ਤੋਂ ਇਲਾਵਾ 11 ਨਗਰ ਪੰਚਾਇਤਾਂ ਕੋਟਸ਼ਮੀਰ, ਨਥਾਣਾ, ਲਹਿਰਾ ਮੁਹੱਬਤ, ਕੋਠਾ ਗੁਰੂ, ਮਲੂਕਾ, ਮਹਿਰਾਜ, ਭਾਈਰੂਪਾ, ਮੰਡੀ ਕਲਾਂ, ਰਾਮਪੁਰਾ, ਬਾਲਿਆਂਵਾਲੀ ਅਤੇ ਚਾਉਕੇ ਵਿਖੇ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣ ਵਾਲੀਆਂ ਇਨ੍ਹਾਂ ਵੋਟਾਂ ਦੀ ਗਿਣਤੀ ਵੀ ਪੋਲਿੰਗ ਤੋਂ ਬਾਅਦ 25 ਫਰਵਰੀ ਨੂੰ ਹੀ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਨਗਰ ਕੌਂਸਲ ਅਤੇ
ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ 1 ਲੱਖ 77 ਹਜ਼ਾਰ 947 ਵੋਟਰ ਇਨ੍ਹਾਂ ਚੋਣਾਂ ਵਿਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ, ਜਿਨ੍ਹਾਂ ਵਿਚ 94,307 ਪੁਰਸ਼ ਅਤੇ 83,640 ਮਹਿਲਾ ਵੋਟਰ ਸ਼ਾਮਿਲ ਹਨ। ਸ਼੍ਰੀ ਸ਼ਰਮਾ ਨੇ ਦੱਸਿਆ ਕਿ 25 ਫਰਵਰੀ ਨੂੰ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ ਅਤੇ ਗਿਣਤੀ ਵੀ ਵੋਟਿੰਗ ਤੋਂ ਬਾਅਦ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਦੀ ਵੋਟ ਪ੍ਰਕਿਰਿਆ ਅਤੇ ਗਿਣਤੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ 186 ਪੋਲਿੰਗ ਪਾਰਟੀਆਂ ਜਿਨ੍ਹਾਂ ਵਿਚ ਕਰੀਬ 900 ਚੋਣ ਅਮਲਾ ਸ਼ਾਮਿਲ ਹੈ, 186 ਪੋਲਿੰਗ ਬੂਥਾਂ ਲਈ ਰਵਾਨਾ ਕਰ ਦਿੱਤੀਆਂ ਗਈਆਂ ਹਨ। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਨਿਰਵਿਰੋਧ ਚੁਣੇ ਗਏ 56 ਵਾਰਡਾਂ ਵਿਚ ਕੋਟਫੱਤਾ ਦੇ 1 ਅਤੇ 11 ਨੰਬਰ ਵਾਰਡ, ਗੋਨਿਆਣਾ ਮੰਡੀ ਦੇ 3,4 ਅਤੇ 12 ਨੰਬਰ ਵਾਰਡ, ਸੰਗਤ ਦੇ 2,3,5 ਅਤੇ 6 ਨੰਬਰ ਵਾਰਡ, ਨਥਾਣਾ ਦੇ 7 ਨੰਬਰ ਵਾਰਡ, ਲਹਿਰਾ ਮੁਹੱਬਤ ਦੇ 1, 5 ਅਤੇ 10 ਨੰਬਰ ਵਾਰਡ, ਰਾਮਪੁਰਾ ਫੂਲ ਵਿਖੇ 4,5,7,14,15,17,20 ਨੰਬਰ ਵਾਰਡ, ਕੋਠੇ ਗੁਰੂ ਦੇ 5 ਨੰਬਰ ਵਾਰਡ, ਮਲੂਕਾ ਦੇ 2,4,5,7,8,9,10, ਮਹਿਰਾਜ ਦੇ 3,4,5,7,9, ਭਾਈਰੂਪਾ ਦੇ 1,6,7,8,9,11,12,13, ਰਾਮਾਮੰਡੀ ਦੇ 3,9, ਮੌੜ ਮੰਡੀ ਦੇ 1,3,5,10,13,15,16, ਰਾਮਪੁਰਾ ਦੇ 1,2,5,9,10,11 ਨੰਬਰ ਵਾਰਡ ਵਿਖੇ ਉਮੀਦਵਾਰ ਨਿਰਵਿਰੋਧ ਜਿੱਤ ਚੁੱਕੇ ਹਨ। ਸੀਨੀਅਰ ਪੁਲਿਸ ਕਪਤਾਨ ਇੰਦਰਮੋਹਨ ਸਿੰਘ ਭੱਟੀ ਨੇ ਦੱਸਿਆ ਕਿ ਇੰਨ੍ਹਾਂ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਦੇ ਵਿਆਪਕ ਇੰਤਜਾਮ ਕੀਤੇ ਗਏ ਹਨ ਅਤੇ ਚੋਣਾਂ ਨੂੰ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ ਜਿਲ੍ਹੇ ਵਿੱਚ 1400 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹੇ ਅੰਦਰ ਪੁਲਿਸ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ਤੇ ਵਿਸ਼ੇਸ ਨਿਗਰਾਨੀ ਰੱਖ ਰਹੀ ਹੈ।



