ਧੂਰੀ/ਸੰਗਰੁੂਰ, 18 ਫਰਵਰੀ (ਹਰਜੀਤ ਸਿੰਘ ਹਸਨਪੁਰੀ, ਰਾਕੇਸ਼ ਜਿੰਦਲ)- ਪੰਜਾਬ ਦੇ ੳੁੱਪ ਮੁੱਖ ਮੰਤਰੀ ਸ .ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਗਾਮੀ 25 ਫਰਵਰੀ ਨੂੰ ਹੋਣ ਵਾਲੀਆਂ ਨਗਰ ਨਿਗਮ ਅਤੇ ਨਗਰ ਪਾਲਿਕਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਸੂਬੇ ਦੀਆਂ ਸਾਰੀਆਂ ਸੀਟਾਂ ਤੇ ਹੂੰਝਾਂਫੇਰ ਜਿੱਤ ਹਾਸਿਲ ਕਰੇਗਾ ਅਤੇ ਕਾਂਗਰਸ ਪਾਰਟੀ ਦਾ ਬਿਸਤਰਾ ਬਿਲਕੁੱਲ ਗੋਲ ਹੋ ਜਾਵੇਗਾ। ਅੱਜ ਧੂਰੀ ਹਲਕੇ ਦੇ ਪਿੰਡ ਰਣੀਕੇ ਵਿਖੇ ਵਿਸ਼ੇਸ਼ ਤੌਰ ਦੇ ਪਹੁੰਚੇ ਸ. ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋਂਵੇ ਪਾਰਟੀਆਂ ਵਿੱਚ ਪੂਰੀ ਤਰ੍ਹਾਂ ਤਾਲਮੇਲ ਅਤੇ ਸਾਂਝ ਹੈ ਅਤੇ ਅਕਾਲੀ ਭਾਜਪਾ ਗਠਜੋੜ ਸਾਂਝੇ ਤੌਰ ਤੇ ਚੋਣਾਂ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦਾ ਇਕੋਂ ਇਕ ਮਕਸਦ ਸੂਬੇ ਦੇ ਵਿਕਾਸ ਨੂੰ ਯਕੀਨੀ ਬਣਾਉਣ ਅਤੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ ਜਿਸਦੇ ਲਈ ਉਹ ਲਗਾਤਾਰ ਹੀ ਇਸ ਦਿਸ਼ਾ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਰਾਜ ਸਰਕਾਰ ਨੇ ਸੂਬੇ ਦੇ ਵਿਕਾਸ ਲਈ ਪਿੰਡਾਂ ਅਤੇ ਸ਼ਹਿਰਾਂ ਦੀ ਨੁਹਾਰ ਬਦਲਣ ਲਈ ਪੀਣ ਵਾਲੇ ਸਾਫ਼ ਪਾਣੀ, ਸੀਵਰੇਜ਼, ਬਿਜਲੀ, ਸੜਕਾਂ ਅਤੇ ਰੋਜ਼ਾਨਾ ਦੇ ਜਿੰਦਗੀ ਨਾਲ
ਜੁੜੀਆਂ ਹੋਰਨਾਂ ਬੁਨਿਆਦੀ ਲੋੜਾਂ ਨੂੰ ਧਿਆਨ ’ਚ ਰੱਖ ਕੇ ਕਰੋੜਾਂ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ਼ ਕਰਵਾਏ ਹਨ, ਅਤੇ ਭਵਿੱਖ ਵਿੱਚ ਵਿਕਾਸ ਕੰਮਾਂ ਨੂੰ ਤਰਜ਼ੀਹ ਦਿੱਤੀ ਜਾਵੇਗੀ। ਨਵਿਆਉਣਯੋਗ ਉਰਜ਼ਾ ਨੂੰ ਲੈ ਕੇਂਦਰ ਵੱਲੋਂ ਸੂਬੇ ਦੇ ਉਪਰਾਲਿਆਂ ਦੀ ਸ਼ਲਾਘਾ ਕਰਨ ਦੇ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਅੰਦਰ ਸੂਬਾ ਨਵਿਆਉਣਯੋਗ ਉਰਜ਼ ਦੇ ਖੇਤਰ ਵਿੱਚ ਹੋਰ ਤਰੱਕੀ ਕਰੇਗਾ। ਉਨ੍ਹਾਂ ਕਿਹਾ ਕਿ ਰਾਜ ਅੰਦਰ ਅਮਰੀਕਾ, ਇੰਗਲੈਂਡ, ਇਟਲੀ ਅਤੇ ਹੋਰਨਾਂ ਨਾਮੀ ਕੰਪਨੀਆਂ ਵੱਲੋਂ 13,500 ਕਰੋੜ ਰੁਪਏ ਦੀ ਲਾਗਤ ਨਾਲ ਲਾਏ ਜਾਣ ਵਾਲੇ ਸੂਰਜੀ ਉਰਜ਼ਾ ਪ੍ਰਾਜੈਕਟਾ ਲਈ ਸਮਝੌਤੇ ਕੀਤੇ ਗਏ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਵਿੱਤ ਅਤੇ ਯੋਜਨਾ ਮੰਤਰੀ ਸ. ਪ੍ਰਮਿੰਦਰ ਸਿੰਘ ਢੀਂਡਸਾ ਹਲਕਾ ਇੰਚਾਰਜ਼ ਧੂਰੀ ਸ. ਗੋਬਿੰਦ ਸਿੰਘ ਲੌਂਗੋਵਾਲ, ਸ.ਭੁਪਿੰਦਰ ਸਿੰਘ ਭਲਵਾਨ ਮੈਂਬਰ ਐਸ.ਜੀ.ਪੀ.ਸੀ,ਡਿਪਟੀ ਕਮਿਸ਼ਨਰ ਸ.ਅਰਸ਼ਦੀਪ ਸਿੰਘ ਥਿੰਦ, ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਅਤੇ ਹੋਰ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ।



