ਬਾਪੂ ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ 35ਵੇਂ ਦਿਨ ਵਿੱਚ ਸ਼ਾਮਲ
ਲੁਧਿਆਣਾ, 18 ਫਰਵਰੀ (ਪੀ. ਟੀ.)- ਸਜ਼ਾ ਭੁਗਤ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਲਈ ਭੁੱਖ ਹੜਤਾਲ ’ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ 35 ਵੇਂ ਦਿਨ ਵਿੱਚ ਸ਼ਾਮਲ ਹੋਣ ਕਰਕੇ ਸਿਹਤ ਏਨੀ ਵਿਗੜ ਚੁੱਕੀ ਹੈ ਕਿ ਕਿਸੇ ਵੀ ਸਮੇਂ ਸਰੀਰਕ ਕਮਜ਼ੋਰੀ ਅਤੇ ਉਮਰ ਦੇ ਤਕਾਜ਼ੇ ਕਾਰਨ ਕੋਈ ਵੀ ਅਣਸੁਖਾਵੀਂ ਘਟਨਾ ਵਰਤ ਸਕਦੀ ਹੈ, ਜਿਸ ਕਰਕੇ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਬਾਪੂ ਖਾਲਸਾ ਵੱਲੋਂ ਆਰੰਭੇ ਸੰਘਰਸ਼ ਦੇ ਹੱਲ ਲਈ ਸ. ਮਹੇਸ਼ਇੰਦਰ ਸਿੰਘ ਗਰੇਵਾਲ ਸਲਾਹਕਾਰ ਮੁੱਖ ਮੰਤਰੀ ਪੰਜਾਬ ਤਰਫੋਂ ਪਹਿਲਕਦਮੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪੁਲਿਸ ਜਿਲ੍ਹਾ ਜਗਰਾਓਂ ਦੇ ਐਸ.ਐਸ.ਪੀ. ਸ: ਰਵਚਰਨ ਸਿੰਘ ਬਰਾੜ ਵੱਲੋਂ ਬਾਪੂ ਨੂੰ ਭੁੱਖ ਹੜਤਾਲ ਤੋਂ ਉਠਾਉਣ ਦੀ ਹਰ ਸਭੰਵ ਕੋਸ਼ਿਸ਼ ਜਾਰੀ ਹੈ ਅਤੇ ਬਾਪੂ ਖਾਲਸਾ ਦੇ ਸਮਰਥਕਾਂ ਨੂੰ ਅਸਿੱਧੇ ਰੂਪ ਵਿੱਚ ਧਮਕਾਇਆ ਜਾ ਰਿਹਾ ਹੈ ਕਿ ਜੇਕਰ ਬਾਪੂ ਦੇ ਨਾਲ ਕੋਈ ਅਣਸੁਖਾਂਵੀਂ ਘਟਨਾ ਵਾਪਰਦੀ ਹੈ ਤਾਂ ਉਹ ਸਿੱਧੇ ਜ਼ਿੰਮੇਵਾਰ ਹੋਣਗੇ। ਇਸ ਸੰਘਰਸ਼ ਦੇ ਕੁਆਰਡੀਨੇਟਰ ਭਾਈ ਗੁਰਦੀਪ ਸਿੰਘ ਬਠਿੰਡਾ ਵੱਲੋਂ ਸਪਸ਼ਟ ਕੀਤਾ ਗਿਆ ਕਿ ਪੰਥ ਨੂੰ ਆਪਣੀ ਦੇਹ ਦਾਨ ਕਰ ਚੁੱਕੇ ਬਾਪੂ ਖਾਲਸਾ ਵੱਲੋਂ ਕੌਮ ਦੇ ਵਕਾਰ ਦੇ ਮੱਦੇਨਜ਼ਰ ਅਤੇ ਅਰਦਾਸ ਦੀ ਅਹਿਮੀਅਤ ਨੂੰ ਨਿਭਾਉਂਦਿਆਂ ਕਿ ਉਹ ਆਪਣੇ ਆਖਰੀ ਸਾਹ ਤੱਕ ਨਾ ਤਾਂ ਇਲਾਜ ਕਰਵਾਉਣਗੇ ਅਤੇ ਨਾ ਹੀ ਆਪਣੀ ਭੁੱਖ ਹੜਤਾਲ ਤੋੜਨਗੇ, ਨੂੰ ਸਾਰੀਆਂ ਪੰਥਕ ਜਥੇਬੰਦੀਆਂ ਆਪਣਾ ਸਮਰਥਨ ਦੇ ਚੁੱਕੀਆਂ ਹਨ ਅਤੇ ਅਸੀਂ ਹਰ ਸੰਭਾਵੀ ਨਤੀਜੇ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਬਾਪੂ ਖਾਲਸਾ ਜੋ ਕਾਫੀ ਸੰਘਰਸ਼ਾਂ ਦਾ ਸਾਹਮਣਾ ਕਰ ਚੁੱਕੇ ਹਨ। ਉਹ ਸਰਕਾਰ ਦੀ ਨਬਜ਼ ਪਛਾਣਦੇ ਹਨ ਕਿ ਸਰਕਾਰ ਕਿਸੇ ਵੀ ਸਮੇਂ ਗਿਰਗਟ ਦੀ ਤਰ੍ਹਾਂ ਕਿਵੇਂ ਰੰਗ ਬਦਲ ਸਕਦੀ ਹੈ ਅਤੇ ਸੰਘਰਸ਼ ਨੂੰ ਢਾਹ ਲਾਉਣ ਲਈ ਕੀ ਪੈਂਤੜਾ ਵਰਤ ਸਕਦੀ ਹੈ। ਦੂਸਰੇ ਪਾਸੇ ਬਾਪੂ ਦੇ ਦ੍ਰਿੜ ਇਰਾਦੇ ਨੂੰ ਸਰਕਾਰ ਚੰਗੀ ਤਰ੍ਹਾਂ ਜਾਣ ਚੁੱਕੀ ਹੈ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਵਾਂਗ ਬਾਪੂ ਸੂਰਤ ਸਿੰਘ ਖਾਲਸਾ ਆਪਣੇ ਵੱਲੋਂ ਆਰੰਭੇ ਸੰਘਰਸ਼ ਨੂੰ ਆਪਣੇ ਆਖਰੀ ਸਾਹ ਤੱਕ ਵਿਚਾਲੇ ਨਹੀਂ ਛੱਡਣਗੇ। ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਸ. ਸਤਨਾਮ ਸਿੰਘ ਧਾਲੀਵਾਲ ਨੇ ਕਿਹਾ ਕਿ ਸਮੁੱਚੀ ਸਿੱਖ ਕੌਮ ਦੀ ਆਨ-ਸ਼ਾਨ ਅਤੇ ਅਰਦਾਸ ਦੀ ਅਹਿਮੀਅਤ ਦੀ ਮਿਸਾਲ ਕਾਇਮ ਕਰਨ ਲਈ ਭੁੱਖ ਹੜਤਾਲ ’ਤੇ ਬੈਠੇ ਬਾਪੂ ਖਾਲਸਾ ਅਤੇ ਉਨ੍ਹਾਂ ਦੇ ਸਮਰਥਨ ਵਿੱਚ ਬਾਹਰੋਂ ਆਕੇ ਸੇਵਾ ਸੰਭਾਲ ਕਰ ਰਹੇ ਉਨ੍ਹਾਂ ਦਾ ਪੁੱਤਰ ਰਵਿੰਦਰਜੀਤ ਸਿੰਘ ਗੋਗੀ ਅਤੇ ਪੁੱਤਰੀ ਬੀਬੀ ਸਰਵਰਿੰਦਰ ਕੌਰ, ਬੀਬੀ ਵਰਿੰਦਰ ਕੌਰ ਤੇ ਬੀਬੀ ਰੂਪਇੰਦਰ ਕੌਰ ਵੀ ਇੱਕ ਮਿਸਾਲ ਹਨ। ਉਨਾਂ ਕਿਹਾ ਕਿ ਜਿਸ ਤਰ੍ਹਾਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੁਕਵਾਉਣ ਲਈ ਸਰਕਾਰ ਨੇ ਕਾਰਵਾਈ ਕੀਤੀ ਸੀ ਉਸੇ ਤਰ੍ਹਾਂ ਹੀ ਬਾਪੂ ਸੂਰਤ ਸਿੰਘ ਦੀ ਕੀਮਤੀ ਜਾਨ ਬਚਾਉਣ ਲਈ ਸਜਾ ਭੁਗਤ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਕਰਵਾਉਣ ਲਈ ਕਾਰਵਾਈ ਕਰਨੀ ਚਾਹੀਦੀ ਹੈ। ਬਾਪੂ ਖਾਲਸਾ ਦੀ ਹਿਮਾਇਤ ਵਿੱਚ ਪੁੱਜਣ ਵਾਲੇ ਪੰਥਕ ਹਿਤੈਸ਼ੀਆਂ ਦਾ ਅੱਜ ਵੀ ਤਾਂਤਾ ਲੱਗਾ ਰਿਹਾ। ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ’ਤੇ ਗੁਰੂ ਆਸਰਾ ਮੋਹਾਲੀ ਟਰੱਸਟ ਦੀ ਸੰਚਾਲਕ ਬੀਬੀ ਕੁਲਬੀਰ ਕੌਰ ਧਾਮੀ, ਸ਼ਹੀਦ ਪਰਿਵਾਰਾਂ ਵਿੱਚੋਂ ਬੀਬੀ ਹਰਬੰਸ ਕੌਰ ਤਲਵੰਡੀ, ਬੀਬੀ ਕੰਵਲਜੀਤ ਕੌਰ ਸਾਂਘਟਾ, ਬੀਬੀ ਹਰਪ੍ਰੀਤ ਕੌਰ ਭਊਵਾਲ, ਸੁਖਵਸ਼ਜੀਤ ਕੌਰ ਏਕਲ ਗੱਡਾ, ਬੀਬੀ ਕੁਲਵੰਤ ਕੌਰ ਸਰਹਾਲੀ, ਸ. ਤੇਜਵੰਤ ਸਿੰਘ ਨਾਰੰਗਵਾਲ, ਸ. ਸਰਵਕਾਰ ਸਿੰਘ, ਸ: ਭਵਨਦੀਪ ਸਿੰਘ ਤੇ ਸ. ਪ੍ਰਿਤਪਾਲ ਸਿੰਘ ਪਾਲੀ ਪ੍ਰਧਾਨ ਦੁਖਨਿਵਾਰਨ ਗੁਰਦੁਆਰਾ ਕਮੇਟੀ ਆਦਿ ਸ਼ਾਮਿਲ ਸਨ।



