ਸੁਨਾਮ, 16 ਫਰਵਰੀ (ਰਾਕੇਸ਼ ਜਿੰਦਲ)- ਵਾਰਡ ਨੰ: 12 ਤੋਂ ਅਕਾਲੀ-ਭਾਜਪਾ ਦੀ ਚੋਣ ਲੜ ਰਹੇ ਸਾਬਕਾ ਮਿਉਂਸਪਲ ਕਮੇਟੀ ਦੇ ਪ੍ਰਧਾਨ ਬਘੀਰਥ ਗੀਰਾ ਵੱਲੋਂ ਪੀਰਾਂ ਵਾਲੇ ਗੇਟ ਵਿਖੇ ਮਿਉਂਸਪਲ ਕਮੇਟੀ ਦੀ ਪ੍ਰਵਾਨਗੀ ਤੋਂ ਬਿਨਾਂ ਨਜਾਇਜ ਤਰੀਕੇ ਨਾਲ ਇਕ ਗੇਟ ਲਗਾਇਆ ਜਾ ਰਿਹਾ ਸੀ, ਜਿਸ ਦਾ ਵਾਰਡ ਵਾਸੀਆਂ ਨੇ ਵਿਰੋਧ ਕੀਤਾ। ਕਿਉਂਕਿ ਇਹ ਪ੍ਰਧਾਨ ਸਾਹਿਬ ਸਿਰਫ ਵੋਟਾਂ ਵੇਲੇ ਹੀ ਕੰਮ ਕਰਨ ਲਈ ਇਸ ਵਾਰਡ ਵਿਚ ਆਉਂਦੇ ਹਨ। ਇਹ ਪ੍ਰਧਾਨ ਪੰਜ ਸਾਲ ਪਹਿਲਾਂ ਇਸ ਵਾਰਡ ਵਿਚੋਂ ਹੀ ਜਿੱਤ ਕੇ ਗਿਆ ਸੀ। ਉਸ ਸਮੇਂ ਵਾਰਡ ਵਾਸੀਆਂ ਨਾਲ ਕਾਫੀ ਵਾਇਦੇ ਕੀਤੇ ਸਨ। ਉਸ ਵਿਚੋਂ ਕੋਈ ਜਿਆਦਾ ਵਾਇਦੇ ਨਹੀਂ ਨਿਭਾਏ। ਇਸ ਵਾਰਡ ਵਿਚ ਗੰਦਗੀ ਦੇ ਕਾਫੀ ਢੇਰ ਲੱਗੇ ਪਏ ਹਨ। ਸਫਾਈ ਦਾ ਵੀ ਬੁਰਾ ਹਾਲ ਹੈ। ਜੋ ਸੀਵਰੇਜ਼ ਵਾਟਰ
ਵਰਕਸ ਦਾ ਕੰਮ ਕਰਵਾਇਆ ਗਿਆ ਹੈ, ਉਸ ਵਿਚ ਕਾਫੀ ਘਟੀਆ ਕਿਸਮ ਦਾ ਮਟੀਰੀਅਲ ਵਰਤਿਆ ਗਿਆ ਹੈ। ਜਿਸ ਨਾਲ ਵਾਰਡ ਵਾਸੀਆਂ ਦੇ ਮਕਾਨਾਂ ਦਾ ਭਾਰੀ ਨੁਕਸਾਨ ਹੋਇਆ। ਘਟੀਆ ਮਟੀਰੀਅਲ ਵਰਤਣ ਨਾਲ ਜੋ ਨੁਕਸਾਨ ਹੋਇਆ, ਉਸਦਾ ਖਮਿਆਜਾ ਪਬਲਿਕ ਨੂੰ ਹੀ ਭੁਗਤਣਾ ਪੈਂਦਾ ਹੈ। ਇਸ ਵਿਚੋਂ ਕਮੀਸ਼ਨ ਦੇ ਰੂਪ ਵਿਚ ਪ੍ਰਧਾਨ ਅਤੇ ਕਮੇਟੀ ਦੇ ਅਧਿਕਾਰੀ ਹੜੱਪ ਕਰ ਜਾਂਦੇ ਹਨ। ਹੁਣ ਵੀ ਵਾਰਡ ਵਿਚ ਕਾਫੀ ਕੰਮ ਚੱਲ ਰਿਹਾ ਹੈ, ਜਿਸ ਵਿਚ ਵੀ ਬਹੁਤ ਹੀ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਜਾ ਰਹੀ ਹੈ। ਉਪਰ ਦਿਖਾਏ ਗਏ ਚਿੱਤਰ ਵਿਚ ਜੋ ਗੇਟ ਲਗਾਉਣ ਲਈ ਪਿੱਲਰ ਬਣਾਉਣ ਲਈ ਇੱਟਾਂ ਲਿਆਂਦੀਆਂ ਗਈਆਂ ਹਨ, ਉਨ੍ਹਾਂ ਦਾ ਕਮੇਟੀ ਵਿਚ ਕੋਈ ਟੈਂਡਰ ਵਗੈਰਾ ਪਾਸ ਨਹੀਂ ਹੋਇਆ। ਇਹ ਨਜਾਇਜ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਸੀ। ਜਦੋਂ ਇਸ ਕੰਮ ਦਾ ਈ.ਓ. ਮਿਉਂਸਪਲ ਕਮੇਟੀ ਨੂੰ ਸੂਚਨਾ ਦਿੱਤੀ ਗਈ, ਤਾਂ ਉਨ੍ਹਾਂ ਨੇ ਮੌਕੇ ’ਤੇ ਆ ਕੇ ਇਹ ਕੰਮ ਬੰਦ ਕਰਵਾ ਦਿੱਤਾ। ਜਦੋਂ ਈ.ਓ. ਸਾਹਿਬ ਨਾਲ ਫੋਨ ’ਤੇ ਗੱਲ ਕੀਤੀ ਗਈ, ਤਾਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਸੂਚਨਾ ਮਿਲਦੇ ਹੀ ਅਸੀਂ ਕੰਮ ਬੰਦ ਕਰਵਾ ਦਿੱਤਾ ਹੈ। ਕਿਉਂਕਿ ਇਹ ਨਜਾਇਜ ਕੰਮ ਹੋ ਰਿਹਾ ਸੀ। ਗੇਟ ਬਣਾਉਣ ਲਈ ਜੋ ਸਮਾਨ ਵਰਤਿਆ ਗਿਆ ਹੈ, ਉਸਦੀ ਵੀ ਜਾਂਚ ਕਰਵਾਈ ਜਾਵੇਗੀ। ਸ਼ਹਿਰ ਵਿਚ ਕੋਈ ਵੀ ਨਜਾਇਜ ਉਸਾਰੀ ਨਹੀਂ ਕੀਤੀ ਜਾਵੇਗੀ। ਇਹ ਪ੍ਰਧਾਨ ਸਾਹਿਬ ਪਤਾ ਨਹੀਂ ਕਿਹੜੇ ਨਸ਼ੇ ਵਿਚ ਚੋਣ ਜਾਬਤੇ ਦੀ ਉਲੰਘਣਾਂ ਕਰਕੇ ਨਜਾਇਜ ਕੰਮ ਕਰਵਾਉਣ ਤੋਂ ਬਾਜ ਨਹੀਂ ਆ ਰਹੇ। ਸੋ ਉਚ ਅਧਿਕਾਰੀਆਂ ਤੋਂ ਵਾਰਡ ਵਾਸੀਆਂ ਅਤੇ ਸ਼ਹਿਰ ਵਾਸੀਆਂ ਵੱਲੋਂ ਮੰਗ ਕੀਤੀ ਗਈ ਕਿ ਇਸ ਸਾਬਕਾ ਪ੍ਰਧਾਨ ਵਿਰੁੱਧ ਕਾਨੂੰਨੀ ਕਾਰਵਾਈ ਕਰਕੇ ਹੋਈ ਚੋਣ ਜਾਬਤੇ ਦੀ ਉਲੰਘਣਾਂ ਦੀ ਜਾਂਚ ਕੀਤੀ ਜਾਵੇ। ਇਸ ਸਮੇਂ ਅਸ਼ੋਕ ਕੁਮਾਰ, ਸੁਰਿੰਦਰ ਕੁਮਾਰ, ਕਾਕਾ ਰਾਮ, ਪਿੰਕੀ, ਮੁਰਲੀ ਗੋਇਲ, ਕਾਲਾ ਗੋਇਲ, ਸੁਰਿੰਦਰ ਸਿੰਘ ਆਦਿ ਅਤੇ ਵਾਰਡ ਵਾਸੀ ਹਾਜ਼ਰ ਸਨ।



