ਅੰਮ੍ਰਿਤ ਪਾਲ ਕੌਰ
ਬਹੁਤ ਖੁਸ਼ੀ ਹੁੰਦੀ ਹੈ ਜਦੋਂ ਲੋਕ ਸਰਕਾਰ ਦੁਆਰਾ ਸਰਕਾਰੀ ਸਕੂਲਾਂ ’ਚ ਕੀਤੇ ਜਾਂਦੇ ਉਪਰਾਲਿਆਂ ਤੇ ਸੁਧਾਰਾਂ ਦੀ ਗੱਲ ਕਰਦੇ ਹਨ। ਆਮ ਸੁਣਨ ਜਾਂ ਅਖ਼ਬਾਰਾਂ ਦੀਆਂ ਸੁਰਖੀਆਂ ’ਚ ਪੜ੍ਹਦੇ ਹਾਂ ਤਾਂ ਮਹਿਸੂਸ ਹੁੰਦਾ ਹੈ ਕਿ ‘ਸੁਧਾਰ’ ਸ਼ਬਦ ਪਿੱਛਲੀ ਮਾਨਸਿਕਤਾ ਜਿਆਦਾਤਰ ‘ਅਧਿਆਪਕਾਂ ਦੇ ਸੁਧਾਰ’ ਦੀ ਹੀ ਹੁੰਦੀ ਹੈ। ਅਖ਼ਬਾਰ ਵਿਚ ਲੱਗੀ ਖ਼ਬਰ ਬਹੁਤ ਖ਼ੁਸ਼ ਹੋ ਕੇ ਪੜ੍ਹਦੇ ਨੇ ਲੋਕ, ‘‘ਸਿੱਖਿਆ ਅਧਿਕਾਰੀਆਂ ਵੱਲੋਂ ਮਾਰੇ ਛਾਪੇ ਦੌਰਾਨ ਲੇਟ ਸਕੂਲ ਆਉਣ ਵਾਲੇ ਅਧਿਆਪਕ ਮੁਅੱਤਲੂ, ‘‘ਡੀ.ਜੀ.ਐੱਸ.ਈ. ਦੀ ਟੀਮ ਵੱਲੋਂ ਜ਼ਿਲ੍ਹੇ ਦੇ 25 ਅਧਿਆਪਕ ਗੈਰ ਹਾਜ਼ਰ ਫੜ੍ਹੇੂ, ‘‘ਪਤਲੀ ਕੜ੍ਹੀ ਬਣਾਉਣ ਵਾਲੇ ਅਧਿਆਪਕਾਂ ਵਿਰੁੱਧ ਸਖਤ ਕਾਰਵਾਈ ਦੇ ਹੁਕਮੂ। ਅਧਿਆਪਕਾਂ ਨੂੰ ਸੁਧਾਰਨ ਦੀ ਗੱਲ ਜਾਂ ਉਨ੍ਹਾਂ ਨੂੰ ਮਿਲੀ ਸਜ਼ਾ ਜਾਂ ਸਸਪੈਨਸ਼ਨ ਸੁਣ ਕੇ ਲੋਕ ਫੁੱਲ੍ਹੇ ਨੀ ਸਮਾਉਂਦੇ। ਪਰ ਸੱਚ ਦੱਸਾਂ ਮੇਰੇ ਭੋਲੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਤੁਸੀਂ ਆਪਣੇ ਬੱਚੇ ਦੇ ਭਵਿੱਖ ਨੂੰ ਚਾਨਣ ਨਾਲ ਰੁਸ਼ਨਾਉਣ ਲਈ ਰੌਸ਼ਨੀ ਦੀ ਕਿਰਨ ਕਿੱਥੋਂ ਲੱਭਣੀ ਹੈ। ਸਮੱਸਿਆ ਦੀ ਜੜ੍ਹ ਤੱਕ ਪਹੁੰਚਣ ਲਈ ਪਰਖ ਕਿਵੇਂ ਕਰਨੀ ਹੈ। ਸਰਕਾਰ ਵੱਲੋਂ ਅਧਿਆਪਕ ਨਾਂ ਦਾ ਛੁਣਛੁਣਾ ਫੜ੍ਹਾ ਦਿੱਤਾ ਗਿਆ ਹੈ ਲੋਕਾਂ ਦੇ ਹੱਥਾਂ ’ਚ, ਤਾਂ ਕਿ ਇਸ ਨੂੰ ਵਜਾ ਕੇ ਲੋਕ ਖ਼ੁਸ਼ ਹੁੰਦੇ ਰਹਿਣ। ਮੇਰੇ ਅਣਜਾਣ ਲੋਕੋ, ਕੀ ਇੱਕ ਵਿਦਿਆਰਥੀ ਦਾ ਭਵਿੱਖ ਸਿਰਫ਼ ਅਧਿਆਪਕ ਤੇ ਨਿਰਭਰ ਕਰਦਾ ਹੈ? ਇਸ ਗੱਲ ਨੂੰ ਪਰਖੋ, ਕਿਉਂਕਿ ਇੱਕ ਵਿਦਿਆਰਥੀ ਪਹਿਲਾਂ ਇੱਕ ਬੱਚਾ ਹੈ, ਤੇ ਬੱਚੇ ਦਾ ਭਵਿੱਖ ਮਾਂ-ਬਾਪ ਅਤੇ ਘਰ ਤੋਂ ਸ਼ੁਰੂ ਹੁੰਦਾ ਹੈ। ਫਿਰ ਵਾਰੀ ਸਕੂਲ ਅਤੇ ਅਧਿਆਪਕ ਦੀ ਆਉਂਦੀ ਹੈ। ਤੇ ਸਕੂਲ ਦੇ ਨਾਲ ਜੁੜ ਜਾਂਦੀਆਂ ਹਨ ਸਰਕਾਰ ਦੀਆਂ ਜ਼ਿੰਮੇਵਾਰੀਆਂ। ਇੱਕ ਅਧਿਆਪਕ ’ਤੇ ਤੁਸੀਂ ਬੱਚੇ ਦੇ ਸਮੁੱਚੇ ਭਵਿੱਖ ਦੀ ਜ਼ਿੰਮੇਵਾਰੀ ਨਹੀਂ ਸੁੱਟ ਸਕਦੇ। ਮੈਂ ਗੱਲ ਸਰਕਾਰੀ ਸਕੂਲਾਂ ਦੀ ਕਰ ਰਹੀ ਹਾਂ। ਮੇਰੇ ਲੋਕੋ ਤੁਸੀਂ ਜਦੋਂ ਆਪਣੇ ਬੱਚੇ ਨੂੰ ਸਕੂਲ ਪੜ੍ਹਨ ਲਈ ਭੇਜ ਰਹੇ ਹੋ ਤੁਹਾਡੀ ਜ਼ਿੰਮੇਵਾਰੀ ਕੇਵਲ ਅਧਿਆਪਕ ਦੇ ਵਿਵਹਾਰ ’ਚ ਗਲਤੀਆਂ ਕੱਢਣ ਦੀ ਨਹੀਂ ਹੈ। ਇੱਕ ਗੁਲਾਮ ਅਤੇ ਤਣਾਅ ਨਾਲ ਭਰਿਆ ਹੋਇਆ ਅਧਿਆਪਕ ਕਿਵੇ ਨਿਰਮਾਤਾ ਹੋ ਸਕਦਾ ਹੈ ਇੱਕ ਕੌਮ ਦੇ ਭਵਿੱਖ ਦਾ?
ਇਹ ਸਪੱਸ਼ਟ ਹੈ ਕਿ ਇੱਕ ਬੱਚੇ ਦੇ ਭਵਿੱਖ ਅਤੇ ਵਿਕਾਸ ਲਈ ਸਕੂਲ ਦੀ ਭੂਮਿਕਾ ਅਹਿਮ ਹੈ ਪਰ ਨਾਲ ਹੀ ਪਰਿਵਾਰ ਦਾ ਸਕਾਰਾਤਮਕ ਮਾਹੌਲ ਵੀ ਜ਼ਿੰਮੇਵਾਰ ਹੈ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਮਾਪਿਆਂ ਦੀਆਂ ਮਜ਼ਬੂਰੀਆਂ ਵੀ ਮੈਂ ਸਮਝਦੀ ਹਾਂ। ਇੱਕ ਗਰੀਬ, ਮਜ਼ਬੂਰ, ਦਿਹਾੜੀ ਵਾਲਾ ਪਰਿਵਾਰ, ਪਰ ਫਿਰ ਵੀ ਆਪਣੇ ਬੱਚੇ ਦੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੇ। ਇਸ ਕਰਕੇ ਜੇ ਵੱਟਾ ਮਾਰਨਾ ਹੈ ਤਾਂ ਅਧਿਆਪਕ ਦੇ ਕਿਉਂ ਮਾਰਦੇ ਹੋ? ਉਸ ਸਿਸਟਮ ਦੇ ਮਾਰੋ, ਜਿਸ ਨੇ ਤੁਹਾਨੂੰ ਤੁਹਾਡੀ ਗਰੀਬੀ, ਮਜ਼ਬੂਰੀ ਨੂੰ ਤੁਹਾਡੀ ਅਪਾਹਿਜਤਾ ਬਣਾ ਦਿੱਤਾ ਹੈ ਤੇ ਤੁਹਾਨੂੰ ਤੁਹਾਡੇ ਬੱਚੇ ਦੇ ਭਵਿੱਖ ਦੀ ਸਿਰਦਰਦੀ ਤੋਂ ਆਜ਼ਾਦ ਕਰ ਅਧਿਆਪਕ ਵੱਲ ਤੋਰ ਦਿੱਤਾ ਹੈ। ਉਂਗਲ ਉਠਾਉਣੀ ਹੈ ਤਾਂ ਉਸ ਸਿਸਟਮ ਵੱਲ ਉਠਾਓ।
ਜਦੋਂ ਬੱਚੇ ਦੀ ਹਾਜ਼ਰੀ ਦੀ ਗੱਲ ਆਉਂਦੀ ਹੈ, ਤਾਂ ਦਿਹਾੜੀਦਾਰ ਮਾਪਿਆਂ ਦੀ ਮਜ਼ਬੂਰੀ ਸਾਹਮਣੇ ਆਉਂਦੀ ਹੈ ਤੇ ਬੱਚੇ ਦੀ ਹਾਜ਼ਰੀ ਦੀ ਲਗਾਤਾਰਤਾ ਵੀ ਅਧਿਆਪਕ ਦੀ ਜ਼ਿੰਮੇਵਾਰੀ ਤਹਿ ਹੋ ਜਾਂਦੀ ਹੈ। ਇੱਕ ਢੋਲ ਬਣ ਚੁੱਕਿਆ ਹੈ ਅਧਿਆਪਕ, ਜਿਹੜਾ ਆਉਂਦਾ ਹੈ ਖੜਕਾਉਣ ਲੱਗ ਜਾਂਦਾ ਹੈ। ਜੇਕਰ ਬੱਚੇ ਨੂੰ ਭਾਸ਼ਾ ਸਿਖਾਉਣੀਆਂ ਹਨ, ਤੇ ਸਿਖਾਉਣੀਆਂ ਵੀ ਤਿੰਨ ਹਨ ਤਾਂ ਆਪਣਾ ਤਰੀਕਾ ਬਦਲੋ। ਭਾਸ਼ਾ ਨੂੰ ਛੇਵੀਂ ਤੋਂ ਅੱਠਵੀਂ ਤੱਕ ਪਹੳਸੲਸ ਚ ਵੰਡ ਦੇਵੋ। ਵਾਧੂ ਦੇ ਪਾਠਾਂ ਦੇ ਪ੍ਰਸ਼ਨ ਰੱਟਣ ਦਾ ਬੋਝ ਕਿਉਂ ਪਾਇਆ ਹੋਇਆ ਹੈ। ਨੌਵੀਂ ਦੀ ਅੰਗਰੇਜ਼ੀ ਦੀ ਕਿਤਾਬ ਤੌਬਾ ਹੀ ਹੈ। ਭਾਸ਼ਾ ਦੇ ਪ੍ਰੈਕਟੀਕਲ ਰੱਖੋ ਤਾਂ ਜੋ ਭਾਸ਼ਾ ਦੇ 4੍ਰ ਦਾ ਟੀਚਾ ਪੂਰਾ ਹੋ ਸਕੇ। ਨਾਲੇ ਅਧਿਆਪਕ ਨੂੰ ਆਸਾਨੀ ਕਿ ਉਹ ਬਹੁਤ ਆਸਾਨੀ ਨਾਲ ਭਾਸ਼ਾ ਤੋਂ ਬਿਲਕੁੱਲ ਕੋਰੇ ਬੱਚਿਆਂ ਦਾ ਆਧਾਰ ਵਧੀਆ ਬਣਾ ਸਕੇ। ਰੱਟੇ ਲਗਾਉਣ ਨਾਲ ਕੁੱਝ ਨਹੀਂ ਬਣਨਾ।
ਇਹ ਵੀ ਸੱਚ ਹੈ ਕਿ ਬੱਚੇ ਦੇ ਸੁਨਿਹਰੀ ਕੱਲ੍ਹ ਲਈ ਉਸ ਨੂੰ ਪੜ੍ਹਾਏ ਜਾਂਦੇ ਸਿਲੇਬਸ ਅਤੇ ਬੱਚੇ ਦੀ ਸਕੂਲ ਵਿਚ ਹਾਜ਼ਰੀ ਦੀ ਅਹਿਮੀਅਤ ਵੱਡੀ ਹੈ। ਉਸ ਸਮੇਂ ਤੁਸੀਂ ਲੋਕ ਆਪਣੇ ਆਪ ਨੂੰ ਅਨਪੜ੍ਹ ਕਹਿ ਕੇ ਪੱਲਾ ਛੁਡਵਾ ਲੈਂਦੇ ਹੋ। ਫਿਰ ਕਿਸ ਦੀ ਜ਼ਿੰਮੇਵਾਰੀ ਹੈ ਇਹ ਪਰਖਣਾ ਕਿ ਜੋ ਬੱਚਾ ਪੜ੍ਹ ਰਿਹਾ ਹੈ ਕੀ ਉਹ ਉਸਦੇ ਮਿਆਰ ਦਾ ਹੈ? ਮੈਂ ਅੰਗਰੇਜ਼ੀ ਅਧਿਆਪਕਾ ਹਾਂ, ਇੱਕ ਹਾਈ ਸਕੂਲ ਵਿਚ ਪੜ੍ਹਾਉਂਦੀ ਹਾਂ। ਅੰਗ੍ਰੇਜ਼ੀ ਭਾਸ਼ਾ ਵਿਚੋਂ ਬੱਚੇ ਬਹੁਤ ਕੰਮਜ਼ੋਰ ਹਨ। 33 ਪ੍ਰਤੀਸ਼ਤ ਨੰਬਰ ਲੈ ਕੇ ਪਾਸ ਤਾਂ ਹੋ ਜਾਂਦੇ ਹਨ, ਪਰ ਭਾਸ਼ਾ ਨਹੀਂ ਸਿੱਖ ਪਾਉਂਦੇ। ਕਿਉਂਕਿ ਸਿਖਾਉਣ ਲਈ ਸਹੀ ਤਕਨੀਕ ਤਹਿ ਨਹੀਂ ਹੈ। ਮੇਰੇ ਮਨ ਨੂੰ ਤਸੱਲੀ ਨਹੀਂ ਹੁੰਦੀ। ਤੁਸੀਂ ਅੰਗਰੇਜ਼ੀ ਛੱਡੋ, ਮਾਂ ਬੋਲੀ ਪੰਜਾਬੀ ਦੇ ਸਿਖਾਂਦਰੂਆਂ ਦਾ ਵੀ ਇਹੀ ਹਾਲ ਹੈ। ਨੌਵੀਂ ਜਮਾਤ ਵਿਚ ਪਹੁੰਚ ਜਾਂਦੇ ਹਨ ਪਰ ਕਈਆਂ ਨੂੰ ਨਾਮ ਵੀ ਲਿਖਣਾ ਨਹੀਂ ਆਉਂਦਾ ਹੁੰਦਾ। ਭਾਸ਼ਾ ਨੂੰ ਸਿੱਖਣ ਦਾ ਮਤਲਬ ਪ੍ਰਸ਼ਨ ਯਾਦ ਕਰਨਾ ਨਹੀਂ ਹੁੰਦਾ। ਵਿਦਿਆਰਥੀ ਆਪਣੇ ਸ਼ਬਦਾਂ ਵਿਚ ਇੱਕ ਲੇਖ ਨਹੀਂ ਲਿਖ ਸਕਦਾ। ਉਹ ਰੱਟਾ ਸਿਸਟਮ ਵਿਚ ਉਲਝਿਆ ਹੋਇਆ ਹੈ। ਰਾਸ਼ਟਰ ਭਾਸ਼ਾ ਪ੍ਰਤੀ ਵੀ ਵਿਦਿਆਰਥੀਆਂ ਦਾ ਨਜ਼ਰੀਆ ਇਸ ਤੋਂ ਵੱਖਰਾ ਨਹੀਂ ਹੈ।
ਪਿੱਛੇ ਜਿਹੇ ਇੱਕ ਚੈਕਿੰਗ ਟੀਮ ਆਈ। ਨੌਵੀਂ ਜਮਾਤ ਦੇ ਜਿਆਦਾਤਰ ਵਿਦਿਆਰਥੀ ਚੁਟ ਦੀ (ਵੲਰਬ) ਵਰਬ ਦੀ ਫਾਰਮ ਦੱਸਣ ਤੋਂ ਅਸਮਰੱਥ ਸਨ। ਅਜਿਹੇ ਵਿਦਿਆਰਥੀਆਂ ਨੂੰ ਅਧਿਆਪਕ 33 ਪ੍ਰਤੀਸ਼ਤ ਅੰਕ ਦਿਵਾ ਕੇ ਵਿਸ਼ਾ ਪਾਸ ਕਰਾਉਣ ਦੀ ਕੋਸ਼ਿਸ਼ ਕਰੇਗਾ। ਪਰ ਉਹ ਭਾਸ਼ਾ ਤੋਂ ਅਣਜਾਣ ਹੀ ਰਹਿਣਗੇ। ਪ੍ਰਾਈਵੇਟ ਜਾਂ ਸੀ.ਬੀ.ਐਸ.ਈ. ਵੱਲ ਵੇਖ ਕੇ ਸਿਲੇਬਸ ਬਣਾਉਣ ਦੀ ਬਜਾਏ, ਸਰਕਾਰੀ ਸਕੂਲਾਂ ਅਤੇ ਉਨ੍ਹਾਂ ਬੱਚਿਆਂ ਦਾ ਪੱਧਰ ਵੇਖ ਕੇ ਛੇਵੀਂ ਜਮਾਤ ਦਾ ਸਿਲੇਬਸ ਬਣਾਇਆ ਜਾਣਾ ਚਾਹੀਦਾ ਹੈ। ਘੱਟੋ-ਘੱਟ ਤਿੰਨ ਮਹੀਨੇ ਤਾਂ ਬੇਸਿਕ ਸਿਖਾਉਣ ਦੀ ਖੁੱਲ੍ਹ ਦਿੱਤੀ ਜਾਵੇ। ਸੌਖੇ ਤੋਂ ਔਖੇ ਵੱਲ ਜਾਣ ਦੀ ਗੱਲ ਨੂੰ ਪ੍ਰੈਕਟੀਕਲੀ ਮੰਨਿਆ ਜਾਵੇ। ਜਿੰਨ੍ਹੀਆਂ ਮਰਜੀ ਤਕਨੀਕ, ਟੀ.ਐਲ.ਐਮ. ਵਰਤ ਲਵੋ, ਜਿੰਨੀ ਦੇਰ ਸਿਲੇਬਸ ਵਿਦਿਆਰਥੀਆਂ ਦੇ ਅਸਲ ਪੱਧਰ ਨੂੰ ਅਤੇ ਭਾਸ਼ਾ ਨੂੰ ਭਾਸ਼ਾ ਸਮਝ ਕੇ ਨਹੀਂ ਬਣਾਇਆ ਜਾਂਦਾ, ਉਨ੍ਹੀਂ ਦੇਰ ਦਸਵੀਂ ਜਮਾਤ ਪਾਸ ਕਰਨ ਵਾਲੇ ਵਿਦਿਆਰਥੀ ਵੀ ਭਾਸ਼ਾ ਤੋਂ ਅਣਜਾਣ ਹੀ ਰਹਿਣਗੇ। ਇਹ ਸੱਚ ਹੈ।
ਅਸਲ ਵਿਚ ਪ੍ਰਬੰਧਕੀ ਖਾਮੀਆਂ ਦਾ ਖਮਿਆਜ਼ਾ ਵਿਦਿਆਰਥੀਆਂ ਨੂੰ ਪ੍ਰਾਇਮਰੀ ਸਕੂਲਾਂ ਤੋਂ ਹੀ ਭੁਗਤਣਾ ਪੈਂਦਾ ਹੈ। ਪ੍ਰਾਇਮਰੀ ਅਧਿਆਪਕਾਂ ਦੀਆਂ ਅਨੇਕਾਂ ਕੋਸ਼ਿਸ਼ਾਂ ਦੇ ਬਾਵਜ਼ੂਦ ਛੇਵੀਂ ਜਮਾਤ ਤੱਕ ਪਹੁੰਚਣ ਵਾਲੇ ਬਹੁਤੇ ਬੱਚੇ ਜ਼ਿਆਦਾਤਰ ਕੋਰੇ ਹੁੰਦੇ ਹਨ। ਬੱਚੇ ਨੂੰ ਮਹੀਨੇ, ਹਫ਼ਤਿਆਂ ਦੇ ਨਾਮ ਤਾਂ ਕੀ ਆਪਣਾ ਨਾਮ ਵੀ ਲਿਖਣਾ ਨਹੀਂ ਆਉਂਦਾ ਹੁੰਦਾ, ਉਸ ਨੂੰ ਅਧਿਆਪਕ ਪਾਠ ਕਿਵੇਂ ਪੜ੍ਹਾ ਸਕਦਾ ਹੈ। ਜਾਂ ਤਾਂ ਅਧਿਆਪਕ ਪਹਿਲਾਂ ਬੱਚਿਆਂ ਨੂੰ ਤਿੰਨ ਚਾਰ ਮਹੀਨੇ ਭਾਸ਼ਾ ਦੀ ਜਾਣਕਾਰੀ ਦੇਵੇਗਾ ਜਾਂ ਫਿਰ ਉਹ ਜੁਗਾੜੀ ਬਣ ਜਾਵੇਗੀ, ਕਿਉਂਕਿ ਚੈਕਿੰਗ ਟੀਮਾਂ ਬੱਚੇ ਦੀ ਅਧੂਰੀ ਕਾਪੀ ਨੂੰ ਫਰੋਲਦੀਆਂ ਹਨ। ਅਜਿਹੇ ਹਾਲਾਤਾਂ ਨੇ ਅਧਿਆਪਕ ਨੂੰ ਮੌਕਾਪ੍ਰਸ਼ਤ ਅਤੇ ਡਰੂ ਮਾਨਸ਼ਿਕਤਾ ਵਾਲਾ ਬਣਾ ਦਿੱਤਾ ਹੈ। ਬਹੁਤ ਲੰਬੇ ਸਮੇਂ ਤੋਂ ਅਧਿਆਪਕ ਦਾ ਆਪਣਾ ਕਿਰਦਾਰ ਗੁੰਮ ਹੋ ਰਿਹਾ ਹੈ।
ਭਾਸ਼ਾ ਨੂੰ ਵਿਸ਼ਾ ਸਮਝਣ ਦੀ ਭੁੱਲ ਤੋਂ ਆਜ਼ਾਦ ਹੋਣਾ ਚਾਹੀਦਾ ਹੈ। ਸਰਕਾਰੀ ਅਧਿਆਪਕ ਨੂੰ ਕੋਈ ਨਹੀਂ ਪੁੱਛਦਾ ਕਿ ਤੁਹਾਡੀ ਕੀ ਸਮੱਸਿਆ ਹੈ? ਹਰੇਕ ਸਮੱਸਿਆ ਲਈ ਅਧਿਆਪਕ ਜ਼ਿੰਮੇਵਾਰ ਨਹੀਂ, ਪਰ ਅਧਿਆਪਕ ਦੀਆਂ ਵੀ ਬਹੁਤ ਸਮੱਸਿਆਵਾਂ ਹਨ। ਤੁਸੀਂ ਪੁੱਛ ਕੇ ਵੇਖਣਾ ਉਹ ਜ਼ਰੂਰ ਦੱਸੇਗਾ। ਅਧਿਆਪਕਾਂ ਦੇ ਮੋਬਾਇਲ, ਵਟਸਐਪ ਵਗੈਰਾ ਵਰਤਣ ਦੀਆਂ ਬਹੁਤ ਚਰਚਾਵਾਂ ਚੱਲ ਰਹੀਆਂ ਹਨ। ਕਈ ਸਕੂਲਾਂ ਵਿਚ ਇੰਟਰਨੈੱਟ/ਬਿੱਲ ਭਰਨ ਦੀਆਂ ਸਮੱਸਿਆਵਾਂ ਕਾਰਨ ਇਹ ਡਾਕ ਪ੍ਰਾਪਤੀ ਦਾ ਜ਼ਰੀਆ ਵੀ ਹਨ।
ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਮਾਪੇ ਬੁਨਿਆਦੀ ਗੱਲਾਂ ਵੱਲ ਧਿਆਨ ਦੇਣ। ਉਨ੍ਹਾਂ ਦੇ ਹੱਲ ਕਰਾਉਣ, ਅਧਿਆਪਕ ਨਾਲ ਹੱਥ ਮਿਲਾ ਕੇ ਚੱਲਣ ਤਾਂ ਸੱਚਮੁੱਚ ਹੀ ਤੁਹਾਨੂੰ ਅਧਿਆਪਕ ਰੱਸਿਆਂ ਨਾਲ ਬੰਨਿਆਂ ਹੋਇਆ ਮਿਲੇਗਾ। ਕਿਤੇ ਨਾ ਕਿਤੇ ਚੀਖ ਰਿਹਾ। ਮੈਂ ਇੱਕ ਵਾਰ ਫੇਰ ਕਹਾਂਗੀ ਵੱਟਾ ਮਾਰਨਾ ਹੈ ਤਾਂ ਅਧਿਆਪਕਾਂ ਦੇ ਨਾ ਮਾਰੋ, ਉਨ੍ਹਾਂ ਦੇ ਮਾਰੋ ਜਿਨ੍ਹਾਂ ਨੇ ਵੱਟੇ ਤੁਹਾਡੇ ਹੱਥਾਂ ਵਿਚ ਫੜ੍ਹਾ ਦਿੱਤੇ ਹਨ। ਉਸ ਸਿਸਟਮ ਦੇ ਮਾਰੋ ਜੋ ਨਹੀਂ ਸੋਚਦਾ ਕਿ ਤੁਹਾਡੇ ਬੱਚਿਆਂ ਦੀ ਸਿੱਖਿਆ ਵੀ ਬਹੁਤਾ ਮਹੱਤਵ ਰੱਖਦੀ ਹੈ। ਤੁਹਾਡੇ ਬੱਚਿਆਂ ਦੇ ਭਵਿੱਖ ਲਈ ਇਹ ਅਤਿ ਜ਼ਰੂਰੀ ਹੈ।


