June 19, 2026 7:31 pm

ਡੀ.ਸੀ. ਵੱਲੋਂ ਮੰਡੀ ਬੋਰਡ ਦੇ ਡੀ.ਐੱਮ. ਨੂੰ ਪੀ.ਪੀ. ਐਕਟ ਅਧੀਨ ਕਾਰਵਾਈ ਕਰਨ ਦੇ ਹੁਕਮ

ਬਰਨਾਲਾ, 2 ਅਗਸਤ (ਜਤਿੰਦਰ ਦਿਓਗਣ)-ਸਥਾਨਿਕ ਮਾਰਕੀਟ ਕਮੇਟੀ ਦੀ ਅਰਬਾਂ ਰੁਪਏ ਦੀ ਕੀਮਤੀ ਜ਼ਮੀਨ ਇੱਕ ਰਾਜਸੀ ਨੇਤਾ ਵੱਲੋਂ ਮੰਦਰ ਤੇ ਗਊਸ਼ਾਲਾ ਦੀ ਆੜ ਹੇਠ ਕੀਤੇ ਨਜਾਇਜ਼ ਕਬਜੇ ਦਾ ਨੋਟਿਸ ਲੈਂਦਿਆਂ ਡੀ.ਸੀ. ਬਰਨਾਲਾ ਇੰਦੂ ਮਲਹੋਤਰਾ ਨੇ ਮੰਡੀਬੋਰਡ ਦੇ ਡੀ.ਐੱਮ. ਨੂੰ ਇਸ ਰਾਜਸੀ ਨੇਤਾ ਤੇ ਨਜਾਇਜ਼ ਕਬਜੇ ਖਿਲਾਫ ਪੀ.ਪੀ. ਐਕਟ ਤਹਿਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਇਸ ਰਾਜਸੀ ਨੇਤਾ ਨੇ ਅਰਬਾਂ ਰੂਪਏ ਦੀ ਇਸ ਜ਼ਮੀਨ ਤੇ ਪੱਕਾ ਕਬਜ਼ਾ ਕਰਨ ਦੀ ਨੀਯਤ ਨਾਲ ਮੰਦਿਰ ਤੇ ਗਊਸ਼ਾਲਾ ਦਾ ਨਿਰਮਾਣ ਕਰਕੇ ਆਪਣੇ ਲਈ ਇੱਕ ਆਧੁਨਿਕ ਸਹੂਲਤਾ ਵਾਲਾ ਏਸੀ ਦਫਤਰ ਉਸਾਰ ਲਿਆ ਹੈ। ਇਸ ਰਾਜਸੀ ਆਗੂ ਨੇ ਮਾਰਕੀਟ ਕਮੇਟੀ ਦੀ ਅਰਬਾਂ ਰੁਪਏ ਦੀ ਇਸ ਜ਼ਮੀਨ ਨੂੰ ਹੜੱਪਣ ਲਈ ਪਹਿਲਾਂ ਇਸ ਜ਼ਮੀਨ ਦੇ ਆਲੇ ਦੁਆਲੇ ਕੰਡਿਆਲੀ ਤਾਰ ਲਗਾਈ ਉਸ ਤੋਂ ਬਾਅਦ ਰਾਤੋਂ-ਰਾਤ ਉਸਾਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਚਾਰ ਦੀਵਾਰੀ ਕਰਕੇ ਕੁੱਝ ਗਊਆਂ ਲਿਆ ਕੇ ਇਸ ਵਿਚ ਛੱਡ ਦਿੱਤੀਆਂ ਅਤੇ ਉਸ ਤੋਂ ਬਾਅਦ ਅਰਬਾਂ ਰੁਪਏ ਦੀ ਇਸ ਜ਼ਮੀਨ ‘ਤੇ ਆਪਣਾ ਪੱਕਾ ਕਬਜ਼ਾ ਜਮਾਉਣ ਲਈ ਚੋਰੀ ਛੁਪੇ ਇੱਕ ਪਾਸੇ ਇਸੇ ਜ਼ਮੀਨ ‘ਤੇ ਮੰਦਿਰ ਦੀ ਉਸਾਰੀ ਕਰ ਲਈ ਅਤੇ ਜਦ ਵੀ ਮਾਰਕੀਟ ਕਮੇਟੀ ਬਰਨਾਲਾ ਇਸ ਜ਼ਮੀਨ ਨੂੰ ਇਸ ਰਾਜਸੀ ਨੇਤਾ ਤੋ ਛਡਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਇਹ ਲੋਕਾਂ ਨੂੰ ਧਰਮ ਅਤੇ ਗਊਸ਼ਾਲਾ ਦੇ ਨਾਮ ਤੇ ਭੜਕਾ ਕੇ ਲੋਕਾਂ ਨੂੰ ਭੜਕਾਕੇ ਦੰਗੇ ਫਸਾਦ ਕਰਾਉਣ ਦੀ ਕੋਸ਼ਿਸ਼ ਕਰਦਾ ਹੈ ਜਿਸ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵੀ ਇਸ ਰਾਜਸੀ ਨੇਤਾ ਦੇ ਅੱਗੇ ਗੋਡੇ ਟੇਕੀ ਬੈਠਾ ਹੈ। ਇਸ ਸਬੰਧੀ ਕੁਝ ਦਿਨ ਪਹਿਲਾਂ ਅਦਾਰਾ ਪੰਜਾਬ ਟਾਇਮਜ਼ ਵੱਲੋਂ ਅਖ਼ਬਾਰ ਵਿੱਚ ਖ਼ਬਰ ਵੀ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਸਬੰਧੀ ਜਦ ਡੀ.ਸੀ. ਇੰਦੂ ਮਲਹੋਤਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਦੀ ਅਰਬਾਂ ਰੁਪਏ ਦੀ ਇਸ ਸਰਕਾਰੀ ਜ਼ਮੀਨ ‘ਤੇ ਕਬਜ਼ਾ ਕਰਨ ਦੇ ਦੋਸ਼ ਤਹਿਤ ਮੰਡੀਬੋਰਡ ਦੇ ਡੀ.ਐੱਮ. ਨੂੰ ਕਬਜ਼ਾ ਕਰਨ ਵਾਲੇ ਦੇ ਖਿਲਾਫ ਪੀ.ਪੀ. ਐਕਟ ਤਹਿਤ ਕਾਰਵਾਈ ਕਰਨ ਦੇ ਸਖਤ ਆਦੇਸ਼ ਦੇ ਦਿੱਤੇ ਹਨ।

Send this to a friend