June 19, 2026 8:51 pm

ਜੰਗਵੀਰ ਸਿੰਘ ਉੱਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨਿਯੁਕਤ

ਚੰਡੀਗੜ੍ਹ, 2 ਅਗਸਤ (ਵਿਸ਼ਵ ਵਾਰਤਾ)-ਪੰਜਾਬ ਸਰਕਾਰ ਨੇ ਉੱਘੇ ਪੱਤਰਕਾਰ ਅਤੇ ‘ਦਿ ਟ੍ਰਿਬਿਊਨ’ ਦੇ ਪ੍ਰਿੰਸੀਪਲ ਕਾਰਸਪੌਡੈਂਟ ਜੰਗਵੀਰ ਸਿੰਘ ਨੂੰ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਹੈ ਅਤੇ ਉਨ੍ਹਾਂ ਨੂੰ ਰਾਜ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ। ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਜੰਗਵੀਰ ਸਿੰਘ ਦੀ ਨਿਯੁਕਤੀ ਸਬੰਧੀ ਵਿਸਥਾਰ ਵਿੱਚ ਸ਼ਰਤਾਂ ਬਾਅਦ ਵਿੱਚ ਜਾਰੀ ਕੀਤੀਆਂ ਜਾਣਗੀਆਂ। ਸ਼੍ਰੀ ਜੰਗਵੀਰ ਸਿੰਘ ਨੇ ਪੱਤਰਕਾਰੀ ਦੇ ਖੇਤਰ ਵਿੱਚ ਲੰਮੀ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਸਭ ਤੋਂ ਪਹਿਲਾਂ ਯੂਨਾਇਟਡ ਨਿਊਜ਼ ਆਫ਼ ਇੰਡੀਆ (ਯੂ.ਐਨ.ਆਈ) ਵਿੱਚ 4 ਸਾਲ ਸੇਵਾ ਨਿਭਾਈ ਅਤੇ ਇਸ ਤੋਂ ਇਲਾਵਾ ‘ਦਿ ਟ੍ਰਿਬਿਊਨ’ ਵਿੱਚ 16 ਸਾਲ ਪੱਤਰਕਾਰ ਵਜੋਂ ਸੇਵਾ ਕੀਤੀ। ਇਸ ਵੇਲੇ ਸ਼੍ਰੀ ਜੰਗਵੀਰ ਸਿੰਘ ‘ਦਿ ਟ੍ਰਿਬਿਊਨ’ ਦੇ ਪੰਜਾਬ ਬਿਊਰੋ ਵਿੱਚ ਤੈਨਾਤ ਸਨ ਅਤੇ ਉਹ ਹੋਰ ਮਹੱਤਵਪੂਰਨ ਜ਼ਿੰਮੇਵਾਰੀਆਂ ਤੋਂ ਇਲਾਵਾ ਸਿਆਸੀ ਮਾਮਲਿਆਂ ਨੂੰ ਦੇਖਦੇ ਸਨ। ਉਹ ਲੇਖਣੀ ਵਿੱਚ ਆਪਣੀ ਭਰੋਸੇਯੋਗਤਾ ਅਤੇ ਦਿਆਨਤਦਾਰੀ ਵਜੋਂ ਜਾਣੇ ਜਾਂਦੇ ਹਨ।ਜੰਗਵੀਰ ਸਿੰਘ ਨੇ ਆਪਣੀ ਮੁਢਲੀ ਪੜ੍ਹਾਈ ਸ਼ੇਰਵੁੱਡ ਕਾਲਜ ਨੈਨੀਤਾਲ ਤੋਂ ਕੀਤੀ ਅਤੇ ਇਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮਾਸ ਕਮਿਊਨੀਕੇਸ਼ਨਜ਼ ਅਤੇ ਹਿਸਟਰੀ ਆਫ਼ ਆਰਟਸ ਦੀਆਂ ਪੋਸਟ ਗਰੈਜੂਏਟ ਡਿਗਰੀਆਂ ਪ੍ਰਾਪਤ ਕੀਤੀਆਂ। ਉਹ ਕੁਦਰਤ ਨੂੰ ਪਿਆਰ ਕਰਨ ਵਾਲੇ ਅਤੇ ਲਗਾਤਾਰ ਪੜ੍ਹਦੇ ਰਹਿਣ ਵਾਲੇ ਵਿਅਕਤੀ ਹਨ। ਉਨ੍ਹਾਂ ਨੂੰ ਬਾਗਬਾਨੀ, ਕਲਾ ਅਤੇ ਵਿਰਾਸਤ ਦੀ ਸੰਭਾਲ ਦਾ ਬਹੁਤ ਸ਼ੌਕ ਹੈ।ਨਵੇਂ ਮੀਡੀਆ ਸਲਾਹਕਾਰ ਸ਼੍ਰੀ ਜੰਗਵੀਰ ਸਿੰਘ ਨੇ ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਉਨ੍ਹਾਂ ਵਿੱਚ ਵਿਸ਼ਵਾਸ ਪ੍ਰਗਟਾਉਣ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ  ਦੀ ਅਗਵਾਈ ਵਾਲੀ ਸਰਕਾਰ ਵਲੋਂ ਕੀਤੀਆਂ ਲੋਕ ਪੱਖੀ ਪ੍ਰਾਪਤੀਆਂ ਨੂੰ ਪ੍ਰਭਾਵਤ ਤਰੀਕੇ ਨਾਲ ਲੋਕਾਂ ਵਿੱਚ ਲਿਜਾਣ ਦੀਆਂ ਵਧੀਆ ਕੋਸ਼ਿਸ਼ਾਂ ਕਰਨਗੇ। ਉਨ੍ਹਾਂ ਨੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦਾ ਵੀ ਇਸ ਅਹਿਮ ਮੌਕੇ ਮਾਰਗ ਦਰਸ਼ਨ ਕਰਨ ਲਈ ਧੰਨਵਾਦ ਕੀਤਾ।

Send this to a friend