Skip to content
Independent perspectives. Global stories.
BREAKING

ਪੰਜਾਬੀ ਗ਼ਜ਼ਲ ਦਾ ਬਾਬਾ ਬੋਹੜ ਦੀਪਕ ਜੈਤੋਈ

Share this story

ਹਰਮੇਲ ਪਰੀਤ (ਜੈਤੋ)
ਸੰਪਰਕ : 94173 33316

ਦੀਪਕ ਜੈਤੋਈ ਪੰਜਾਬੀ ਅਦਬੀ ਜਗਤ ਦਾ ਅਜਿਹਾ ਮਾਣ ਮੱਤਾ ਹਸਤਾਖ਼ਰ ਹੈ ਜਿਸ ਬਿਨਾ ਪੰਜਾਬੀ ਸ਼ਾਇਰੀ ਦਾ ਜ਼ਿਕਰ ਸਿਰੇ ਨਹੀਂ ਲੱਗ ਸਕਦਾ। ਪੰਜਾਬੀ ਸ਼ਾਇਰੀ ਅੰਦਰ ਬਾਬਾ ਬੋਹੜ ਵਰਗੀ ਹੈਸੀਅਤ ਸੀ ਉਹਨਾਂ ਦੀ। ਫ਼ਕੀਰਾਨਾ ਸੁਭਾਅ ਵਾਲਾ ਐਸਾ ਪ੍ਰਤੀਬੱਧ ਸ਼ਾਇਰ ਜਿਸ ਨੇ ਪੰਜਾਬੀ ਗ਼ਜ਼ਲ ਦੇ ਖੇਤਰ ਵਿਚ ਸਮਰਿੱਧੀ ਪ੍ਰਦਾਨ ਕਰਨ ਲਈ ਉਮਰ ਦਾ ਬਹੁਤ ਕੀਮਤੀ ਸਮਾਂ ਲਾ ਦਿੱਤਾ। ਪੂਰੇ ਸਿਰੜ ਅਤੇ ਦ੍ਰਿੜਤਾ ਨਾਲ ਰੱਜਵੀਂ ਮਿਹਨਤ ਕੀਤੀ, ਜਿਸ ਦੇ ਸਿੱਟੇ ਵਜੋਂ ਪੰਜਬੀ ਵਿਚ ਹੋਰਨਾ ਭਾਸ਼ਾਵਾਂ ਦੇ ਮੁਕਾਬਲੇ ਦੀ ਗ਼ਜ਼ਲ ਲਿਖੀ ਜਾਣ ਲੱਗੀ। ਦੀਪਕ ਜੈਤੋਈ ਨੇ ਪੰਜਾਬੀ ਜੁਬਾਨ ਦੇ ਉਨ੍ਹਾਂ ਨਿੰਦਕਾਂ ਦਾ ਮੂੰਹ ਤੁੰਨ ਕੇ ਬੰਦ ਕਰ ਦਿੱਤਾ ਜਿਹੜੇ ਕਹਿੰਦੇ ਸਨ ਕਿ ‘ਪੰਜਾਬੀ ਵਿਚ ਗ਼ਜ਼ਲ? ਇਹ ਤਾਂ ਹੋ ਈ ਨਹੀਂ ਸਕਦਾ।’  ਉਨ੍ਹਾਂ ਨੇ ਉਹਨਾਂ ਪੰਜਾਬੀ ਸ਼ਾਇਰਾਂ ਦੀਆਂ ਵੀ ਅੱਖਾਂ ਖੋਲ੍ਹ ਦਿੱਤੀਆਂ ਜਿਹੜੇ ਆਪ ਮੰਨੀ ਬੈਠੇ ਸਨ ਕਿ ਕਿ ਅਰਬੀ ਫਾਰਸੀ ਦੀ ਦੀ ਇਹ ਸਿਨਫ਼ ਪੰਜਾਬੀ ਵਿਚ ਸੂਤ ਨਹੀਂ ਬੈਠਦੀ। ਦੀਪਕ ਜੈਤੋਈ ਹੁਰਾਂ ਨੇ ਇਹ ਦਰਸਾ ਦਿੱਤਾ ਕਿ ਪੰਜਾਬੀ ਗੰਵਾਰਾਂ ਦੀ ਭਾਸ਼ਾ ਨਹੀਂ।
18 ਅਪਰੈਲ 1925 ਵਾਲੇ ਦਿਨ ਨਾਭਾ ਰਿਆਸਤ ਤਹਿਤ ਆਉਂਦੀ ‘ਜੈਤੋ ਮੰਡੀ’ ਵਿਖੇ ਸ: ਇੰਦਰ ਸਿੰਘ ਦੇ ਘਰ ਜਦੋਂ ਇੱਕ ਬੱਚਾ ਪੈਦਾ ਹੋਇਆ ਜਿਸ ਨੂੰ ਨਾਂਅ ਦਿੱਤਾ ਗਿਆ ਗੁਰਚਰਨ ਸਿੰਘ। ਉਦੋਂ ਤਾਂ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਹੋਣਾ ਕਿ ਇਹ ਬਾਲਕ ਕਿਸੇ ਦਿਨ ਐਨਾ ਵੱਡਾ ਸ਼ਾਇਰ ਬਣੇਗਾ ਕਿ ਦੁਨੀਆਂ ਅੱਸ਼ ਅੱਸ਼ ਕਰ ਉੱਠੇਗੀ- ਪਰ ਅਜਿਹਾ ਹੋਇਆ, ਗੁਰਚਰਨ ਸਿੰਘ ਨੇ ‘ਦੀਪਕ ਜੈਤੋਈ’ ਨਾਂਅ ਨਾਲ ਪੰਜਾਬੀ ਗੀਤਕਾਰੀ ਤੇ ਗ਼ਜ਼ਲ ਦੇ ਖੇਤਰ ਵਿਚ ਅਮਿੱਟ ਪੂਰਨੇ ਪਾਏ। ਅਸਲ ਵਿਚ ਦੀਪਕ ਸਾਹਿਬ ਨੇ ਆਪਣੀ ਕਾਵਿ-ਪ੍ਰਤੀਭਾ ਦਾ ਝਲਕਾਰਾ ਬਚਪਨ ਵਿਚ ਹੀ ਦੇਣਾ ਸ਼ੁਰੂ ਕਰ ਦਿੱਤਾ ਸੀ। ਉਹ ਤੀਜੀ ਜਮਾਤ ਵਿਚ ਪੜ੍ਹਦੇ ਸਨ, ਜਦੋਂ ਉਨ੍ਹਾਂ ਆਪਣੇ ਤੋਂ ਦੂਰ ਚਲੇ ਗਏ ਇੱਕ ਮਿੱਤਰ ਨੂੰ ਕਾਵਿ-ਚਿੱਠੀ ਲਿਖੀ। ਮਗਰੋਂ ਸ਼ਾਇਰੀ ਦੇ ਗੁਰ ਸਿੱਖਣ ਲਈ ਉਨ੍ਹਾਂ ਜਨਾਬ ਮੁਜਰਮ ਦਸੂਹੀ ਸਾਹਿਬ ਨੂੰ ਬਕਾਇਦਾ ਉਸਤਾਦ ਧਾਰਨ ਕੀਤਾ। ਨੀਂਝ ਤੇ ਰੀਝ ਲਾਕੇ ਸ਼ਾਇਰੀ ਦੀਆਂ ਬਾਰੀਕੀਆਂ ਸਮਝੀਆਂ।
ਦੀਪਕ ਜੈਤੋਈ ਹੁਰਾਂ ਨੇ ਬਹੁਤਾ ਨਾਮਣਾ ਭਾਵੇਂ ਗ਼ਜ਼ਲ ਦੇ ਖੇਤਰ ਵਿਚ ਖੱਟਿਆ ਪਰ ਸ਼ੁਰੂ ਵਿਚ ਉਨ੍ਹਾਂ ਨੇ ਬਹੁਤ ਸਾਰੇ ਆਲ੍ਹਾ ਮਿਆਰੀ ਗੀਤ ਵੀ ਸਿਰਜੇ। ਇਨ੍ਹਾਂ ਗੀਤਾਂ ਨੂੰ ਉਸ ਵੇਲੇ ਦੇ ਨਾਮਵਰ ਫ਼ਨਕਾਰਾਂ ਨੇ ਗਾਇਆ। ‘ਸਾਕਾ ਚਾਂਦਨੀ ਚੌਕ’, ‘ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ’,‘ ਆਹ ਲੈ ਮਾਏ

ਸਾਂਭ ਕੁੰਜੀਆਂ. . .’, ‘ਜੁੱਤੀ ਲਗਦੀ ਹਾਣੀਆਂ ਮੇਰੇ.. .’  ਅਤੇ ‘ਗੱਲ ਸੋਚ ਕੇ ਕਰੀਂ ਤੂੰ ਜ਼ੈਲਦਾਰਾ. . .’  ਵਰਗੇ ਗੀਤ ਅੱਜ ਵੀ ਹਰਮਨ ਪਿਆਰੇ ਹਨ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਦੀਪਕ ਜੈਤੋਈ ਸਾਹਿਬ ਨੇ ਕਹਾਣੀ ਤੇ ਨਾਟਕ ਵੀ ਲਿਖੇ। ਉਨ੍ਹਾਂ ਦਾ ਇਕ ਮਾਤਰ ਕਹਾਣੀ ਸੰਗ੍ਰਹਿ ‘ਭੁਲੇਖਾ ਪੈ ਗਿਆ’ ਅਤੇ ਨਾਟਕ ‘ ਕੌਲਾਂ’ ਅਤੇ ‘ਸਮਾਂ ਜ਼ਰੂਰ ਆਵੇਗਾ’ ਵੀ ਪ੍ਰਕਾਸ਼ਤ ਹੋਏ।
ਦੀਪਕ ਸਾਹਿਬ ਦੱਸਦੇ ਸਨ ਕਿ, ‘ਇੱਕ ਮਹਿਫ਼ਲ ਵਿਚ ਉਰਦੂ ਦੇ ਕਿਸੇ ਸ਼ਇਰ ਨੇ ਪੰਜਾਬੀ ਜ਼ੁਬਾਨ ਬਾਰੇ ਘਟੀਆ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬੀ ਵਿਚ ਸਿਰਫ ਗਾਲ੍ਹਾਂ ਹੀ ਕੱਢੀਆਂ ਜਾ ਸਕਦੀਆਂ ਹਨ, ਸ਼ਾਇਰੀ ਨਹੀਂ ਕੀਤੀ ਜਾ ਸਕਦੀ।’ ਇਹੀ ਤਾਅਨਾ ਦੀਪਕ ਸਾਹਿਬ ਦਾ ਸੀਨਾ ਚੀਰ ਗਿਆ ਤੇ ਇਸੇ ਦੀ ਟੀਸ ਲੈ ਕੇ ਉਨ੍ਹਾਂ ਪੰਜਾਬੀ ਵਿਚ ਗ਼ਜ਼ਲ ਦੀ ਮਕਬੂਲੀਅਤ ਦਿਵਾਉਣ ਦਾ ਤਹੱਈਆ ਕਰ ਲਿਆ ਅਤੇ ਪੰਜਾਬੀ ਪੁਖ਼ਤਾ ਗ਼ਜ਼ਲਾਂ ਦੀ ਸਿਰਜਣਾ ਕਰਕੇ ਸਾਬਿਤ ਕਰ ਦਿੱਤਾ ਕਿ ਪੰਜਾਬੀ ਵਿਚ ਸ਼ਾਇਰੀ ਹੋ ਸਕਦੀ ਹੈ। ਇਸੇ ਕਰਕੇ ਉਨ੍ਹਾਂ ਨੂੰ ਪੰਜਾਬੀ ਸ਼ਾਇਰੀ (ਗ਼ਜ਼ਲ) ਦਾ ਬਾਬਾ ਬੋਹੜ ਆਖ਼ ਕੇ ਵਡਿਆਇਆ ਜਾਂਦੈ। ਉਨ੍ਹਾਂ ਸ਼ਾਇਰੀ ਨੂੰ ਸ਼ੁਗਲ ਵਜੋਂ ਨਹੀਂ ਮਿਸ਼ਨ ਵਜੋਂ ਲਿਆ। ਉਹ ਕਹਿੰਦੇ ਹੁੰਦੇ ਸਨ,
‘ਅਬਦ ਦੇ ਆਸ਼ਿਕਾਂ ਨੂੰ ਹੋਸ਼ ਆ ਜਾਵੇ ਤਦੇ ਦੀਪਕ,
ਕਲਮ ਰੱਤ ਵਿਚ ਡੁਬੋ ਕੇ ਹੈ ਗ਼ਜ਼ਲ ਲਿਖਣੀ ਪਈ ਸਾਨੂੰ।’
ਦੀਪਕ ਜੈਤੋਈ ਸਾਹਿਬ ਨੇ ਜਿੱਥੇ ਜਿੱਥੇ ਆਪ ਪੰਜਾਬੀ ਗ਼ਜ਼ਲ ਦਾ ਮਾਣ ਵਧਾਇਆ ਓਥੇ ਆਪਣੀ ਲੋਅ ਸਦਕਾ ਹੋਰ ਅਨੇਕਾਂ ਚਿਰਾਗ਼ ਬਾਲੇ ਜਿਹੜੇ ਹੁਣ ਮਿਆਰੀ ਗ਼ਲਜ਼ ਦੀ ਰਚਨਾ ਕਰਕੇ ਆਪਣਾ ਯੋਗਦਾਨ ਪਾ ਰਹੇ ਹਨ। ਦੀਪਕ ਸਾਹਿਬ ਆਪਣੇ ਸ਼ਾਗਿਰਦਾਂ ਨੂੰ ਤਰਾਸ਼ਣ ਵਿਚ ਵੀ ਬੜੀ ਮਿਹਨਤ ਕਰਦੇ ਸਨ। ਡਾਕ ਰਾਹੀਂ ਇਸਲਾਹ ਲਈ ਆਈਆਂ ਰਚਨਾਵਾਂ ਦੇ ਸਾਰੇ ਨੁਕਸ ਦੂਰ ਕਰਦੇ, ਉਹਨਾਂ ਨੁਕਸਾਂ ਬਾਰੇ ਅਪਣੇ ਸ਼ਾਗਿਰਦਾਂ ਨੂੰ ਚਿੱਠੀਆਂ ਰਾਹੀਂ ਸਮਝਾਉਂਦੇ ਵੀ। ਉਨ੍ਹਾਂ ਦੇ ਸ਼ਾਗਿਰਦਾਂ ਦਾ ਘੇਰਾ ਵਸੀਹ ਹੈ। ਉਹ ਅਕਸਰ ਕਿਹਾ ਕਰਦੇ ਸੀ,
‘ਜਿਸਨੂੰ ਵੀ ਕੋਈ ਸ਼ੱਕ ਹੈ ਪੜਤਾਲ ਕਰ ਲਵੇ,
ਵੱਡਾ ਜਨਾਬੇ ਦਾਗ਼ ਤੋਂ ਦੀਪਕ ਸਕੂਲ ਹੈ।’
ਆਪਣੇ ਮਾਣ ਮੱਤੇ ਅਬਦੀ ਸਫ਼ਰ ਦੌਰਾਨ ਉਨ੍ਹਾਂ ਅਨੇਕਾਂ ਪੁਸਤਕਾਂ ਦੀ ਰਚਨਾ ਕੀਤੀ ਜਿਨ੍ਹਾਂ ਵਿਚ ਮਹਾਂਕਾਵਿ ‘ਮਾਲਾ ਕਿਉਂ ਤਲਵਾਰ ਬਣੀ’, ਨਜ਼ਮ ਸੰਗ੍ਰਿਹ ‘ਸਾਡਾ ਵਿਰਸਾ ਸਾਡਾ ਦੇਸ਼’, ਪੰਜ ਗ਼ਜ਼ਲ ਸੰਗ੍ਰਿਹ ‘ਦੀਪਕ ਦੀ ਦਲੋਕ’, ‘ਗ਼ਜ਼ਲ ਦੀ ਅਦਾ’,‘ਗ਼ਜ਼ਲ ਦਾ ਬਾਂਕਪਨ’ ਤੇ ‘ਤਕਲੀਫ਼ ਤਾਂ ਜਰ ਪਹਿਲਾਂ’, ਗੀਤ ਸੰਗ੍ਰਿਹ ‘ਆਹ ਲੈ ਮਾਏ ਸਾਂਭ ਕੁੰਜੀਆਂ’ ਤਾਂ ਛਪ ਸਕੇ ਪਰ ਕਈ ਕਿਤਾਬਾਂ ਦੇ ਖਰੜੇ ਬਰਸਾਤਾਂ ਵਿਚ ਕੋਠੇ ਦੀ ਛੱਤ ਚੋਅ ਜਾਣ ਕਰਕੇ ਬਰਬਾਦ ਹੋ ਗਏ। ਗ਼ਜ਼ਲ ਦੇ ਰੂਪ-ਵਿਧਾਨ ਬਾਰੇ ਉਨ੍ਹਾਂ ਦੀ ਕਿਤਾਬ ‘ਗ਼ਜ਼ਲ ਕੀ ਹੈ ’ ਨਵੇਂ ਸ਼ਾਇਰਾਂ ਦਾ ਮਾਰਗ ਦਰਸ਼ਨ ਕਰਦੀ ਰਹੇਗੀ। ਇਹਦੇ ਇਲਾਵਾ ਉਨ੍ਹਾਂ ਸੰਸਕ੍ਰਿਤ ਦੇ ਮਹਾਂਕਾਵਿ ‘ਸਿਕੰਦ ਗੁਪਤ’ ਦਾ ਪੰਜਾਬੀ ਵਿਚ ਅਨੁਵਾਦ ਵੀ ਕੀਤਾ।
ਪਰ ਇਹ ਦੁੱਖ ਦੀ ਗੱਲ ਹੈ ਕਿ ਪੰਜਾਬੀ ਜ਼ੁਬਾਨ ਨੂੰ ਐਨੀਆਂ ਆਹਲਾ ਖ਼ਿਦਮਾਤ ਦੇਣ ਵਾਲਾ ਇਹ ਮਹਾਨ ਸ਼ਾਇਰ ਜ਼ਿੰਦਗੀ ਭਰ ਤੰਗਦਸਤੀ ਦਾ ਸ਼ਿਕਾਰ ਰਿਹਾ। ਆਪਣੀ ਸੁਨਿਆਰਪੁਣੇ ਦਾ ਜੱਦੀ ਪੁਸ਼ਤੀ ਕਿੱਤਾ ਛੱਡ ਕੇ ਪੰਜਾਬੀ ਗ਼ਜ਼ਲ ਨੂੰ ਮਕਬੂਲ ਬਣਾਉਣ ਵਿਚ ਜੁਟੇ ਰਹੇ ਦੀਪਕ ਜੈਤੋਈ ਨੇ ਸਾਰੀ ਉਮਰ ਦੋ ਕਮਰਿਆਂ ਵਾਲੇ ਘਰ ਵਿਚ ਗੁਜ਼ਾਰ ਦਿੱਤੀ ਜਿਹੜੇ ਅੰਤਲੇ ਸਮੇਂ ਤਾਂ ਬਿਲਕੁਲ ਖੋਲਾ ਹੀ ਬਣ ਗਿਆ ਸੀ। ਤੰਗਦਸਤੀ ਦਾ ਆਲਮ ਇਹ ਸੀ ਕਿ ਕਈ ਕਈ ਦਿਨ ਘਰ ਚੁੱਲ੍ਹਾ ਨਾ ਬਲਣਾ ਤੇ ਫਾਕਾਕਸ਼ੀ ਦੀ ਨੌਬਤ ਆ ਜਾਣੀ। ਬਿਜਲੀ ਦਾ ਬਿੱਲ ਨਾ ਭਰਿਆ ਜਾਂਦਾ ਤਾਂ ਕੁਨੈਕਸ਼ਨ ਕੱਟਿਆ ਜਾਂਦਾ। ਪਰ ਉਨ੍ਹਾਂ ਆਪਣੀ ਖੁਦਦਾਰੀ ’ਤੇ ਆਂਚ ਨਹੀਂ ਆਉਣ ਦਿੱਤੀ। ਆਰ ਐਸ ਐੱਸ ਦੇ ਕਾਰਜਕਰਤਾ ਦੇ ਰੂਪ ਵਿਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਾਲ ਇੱਕੋ ਮੰਚ ਤੋਂ ਕਵਿਾਤਾਵਾਂ ਪੜ੍ਹਦੇ ਰਹੇ ਦੀਪਕ ਜੈਤੋਈ ਨੇ ਉਨ੍ਹਾਂ ਅੱਗੇ ਵੀ ਕਦੇ ਹੱਥ ਨਾ ਫੈਲਾਇਆ :ਕਰਦੇ ਜ਼ਿਕਰ ਚੱਲਣਾ ਤਾਂ ਨਿਹੋਰਾ ਮਾਰਦੇ,‘ਉਹਨੂੰ ਕਿਹਨਾ ਦਿਸਦਾ ਨਹੀਂ ਜੇ ਕੁਝ ਸਹਾਇਤਾ ਕਰਨੀ ਹੁੰਦੀ ਤਾਂ ਕਰ ਦਿੰਦਾ।’ ਉਹ ਅਕਸਰ ਇੲ ਵੀ ਆਖਦੇ :
ਛਿੱਥਾ ਪਈਦੈ ਅਕਸਰ ਯਾਰਾਂ ਦੇ ਕੋਲ ਰੋਕੇ,
ਹਰ ਦਰਦ ਆਪਣੇ ਦਿਲ ਦਾ ਰੱਖਦੈਂ ਮੈਂ ਤਾਂ ਲਕੋ ਕੇ।
ਸਰਕਾਰ ਨੇ ਅੰਤਲੇ ਸਮੇਂ ਉਨ੍ਹਾਂ ਦੀ ਇੱਕ ਲੱਖ ਰੁਪਏ ਨਾਲ ਮੱਦਦ ਕੀਤੀ। ਸਰਕਾਰੀ ਰਵੱਈਏ ਬਾਰੇ ਉਹ ਇੱਕ ਸ਼ੇਅਰ ਕਹਿੰਦ ਸਨ:
ਇਨਾਮ ਓਸੇ ਨੂੰ ਹੈ ਸਰਕਾਰ ਦਿੰਦੀ,
ਜੋ ਸ਼ਾਇਰ ਝੋਲੀ ਚੁੱਕ ਸਰਕਾਰ ਦਾ ਹੈ।
ਦੀਪਕ ਸਾਹਿਬ ਦਾ ਅਦਬੀ ਜਗਤ ਵਿਚ ਵੱਡਾ ਮੁਕਾਮ ਸੀ ਜੋ ਉਨਾਂ ਦੇ ਜਾਣ ਮਗਰੋਂ ਵੀ ਕਾਇਮ ਹੈ। ਉਨ੍ਹਾਂ ਨੂੰ ਆਪਣੀ ਫ਼ਨੀ ਕਾਬਲੀਅਤ ’ਤੇ ਮਾਣ ਸੀ, ਪਰ ਹੰਕਾਰ ਨਹੀਂ ਸੀ। ਉਨ੍ਹਾਂ ਦੇ ਸ਼ੇਅਰ ਇਸ ਗੱਲ ਦੀ ਗਵਾਹੀ ਭਰਦੇ ਹਨ :
‘ਦੀਪਕ’ ਦੇ ਬਾਰੇ ਪੁੱਛਿਐ? ਤਾਂ ਮੈਂ ਕਹਾਂਗਾ ਸਾਫ਼
ਸ਼ਾਇਰ ਬੁਰਾ ਜ਼ਰੂਰ ਹੈ ; ਬੰਦਾ ਬੁਰਾ ਨਹੀਂ।
ਜਾਂ
ਤੇਰੇ ਸ਼ਾਇਰਾਨਾ ਫ਼ਨ ਦੀ ਹੈ ਜ਼ਰੂਰ ਦੁਨੀਆਂ ਕਾਇਲ,
ਤੈਨੂੰ ਦੀਪਕਾ ਮੁਹਾਰਤ ਨਾ ਤਾਂ ਸੀ- ਨਾ ਹੈ- ਨਾ ਹੋਊ।
ਸ਼ਾਇਰੀ ਦਾ ਲਟ ਲਟ ਬਲਦਾ ਇਹ ਦੀਪਕ ਅੱਜ ਦੇ ਦਿਨ 12 ਫਰਵਰੀ 2005 ਦੇ ਦਿਹਾੜੇ ਜਿਸਮਾਨੀ ਤੌਰ ’ਤੇ ਭਾਵੇਂ ਬੁਝ ਗਿਆ ਪਰ ਉਹਦੀ ਸ਼ਾਇਰੀ ਉਸ ਨੂੰ ਸਦੀਵੀ ਜਗਦਾ ਰੱਖੇਗੀ।

WRITTEN BY