ਸੰਗਰੂਰ, 5 ਫਰਵਰੀ (ਗਰੋਵਰ)-ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਉਨ੍ਹਾਂ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਸੂਬਾ ਸਰਕਾਰ ਵੱਲੋਂ ਸਮੇਂ ਸਮੇਂ ਤੇ ਅਹਿਮ ਉਪਰਾਲੇ ਕੀਤੇ ਗਏ ਹਨ। ਇਹ ਉਪਰਾਲੇ ਭਾਵੇਂ ਕਿਸਾਨਾਂ ਨੂੰ ਖੇਤੀ ਸੰਦਾਂ ਵਿੱਚ ਸਬਸਿਡੀ ਦੇਣ ਦੇ ਹੋਣ ਜਾਂ ਟਿਊਬਵੈਲਾਂ ਦੇ ਬਿਲ ਮਾਫ਼ ਕਰਨ ਨਾਲ ਸਬੰਧਤ ਹੋਣ ਜਾਂ ਹੋਰਨਾਂ ਸਹਾਇਕ ਧੰਦਿਆਂ ’ਚ ਸਬਬਿਡੀ ਮੁਹੱਈਆ ਕਰਵਾਉਣ ਦੇ ਨਾਲ ਹੋਣ, ਰਾਜ ਸਰਕਾਰ ਨੇ ਹਮੇਸ਼ਾਂ ਹੀ ਸੂਬੇ ਦੇ ਕਿਸਾਨਾਂ ਦੇ ਹਿੱਤ ’ਚ ਫੈਸਲੇ ਲਏ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿੱਤ ਅਤੇ ਯੋਜਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਬਾਗਬਾਨੀ ਵਿਭਾਗ ਵੱਲੋਂ ਕਿਸਾਨਾਂ ਨੂੰ ਖੇਤੀ ਦੇ ਨਾਲ ਵੱਖ ਵੱਖ ਸਹਾਇਕ ਧੰਦਿਆਂ ਨੂੰ ਅਪਨਾਉਣ ਲਈ ਸਬਸਿਡੀ ਮੁਹੱਈਆ
ਕਰਵਾਈ ਜਾਂਦੀ ਹੈ। ਵਿੱਤ ਮੰਤਰੀ ਸ. ਢੀਂਡਸਾ ਨੇ ਹੋਰ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨਾਂ ਨੂੰ ਕੌਮੀ ਬਾਗਬਾਨੀ ਮਿਸ਼ਨ ਸਕੀਮ ਅਧੀਨ ਨਵੇਂ ਬਾਗਾਂ ਦੀ ਸਥਾਪਨਾ ਕਰਨ, ਬਾਗਾਂ ਦੀ ਸਾਂਭ-ਸੰਭਾਲ, ਬਾਗਬਾਨੀ ਮਸ਼ੀਨੀਕਰਨ, ਬੀ.ਕੀਪਿੰਗ, ਖੁੰਭਾਂ ਦੀ ਕਾਸ਼ਤ, ਪੋਲੀ ਗਰੀਨ ਹਾਊਸ, ਵਰਮੀ ਖਾਦ ਯੂਨਿਟ ਲਗਾਉਣ ਅਤੇ ਕਿਸਾਨਾਂ ਨੂੰ ਸਿਖਲਾਈ ਦੇਣ ਤੇ ਜਨਵਰੀ 2014 ਤੋਂ ਦਸੰਬਰ 2014 ਤੱਕ ਬਾਗਬਾਨੀ ਵਿਭਾਗ ਵੱਲੋਂ 201 ਲਾਭਪਾਤਰੀਆਂ ਨੂੰ 1 ਕਰੋੜ 99 ਲੱਖ 92 ਹਜ਼ਾਰ 786 ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਇਹਨਾਂ ਸਾਰਿਆਂ ਸਹਾਇਕ ਧੰਦਿਆਂ ਲਈ ਲਾਭਪਾਤਰੀਆਂ ਨੂੰ 50 ਫ਼ੀਸਦੀ ਸਬਸਿਡੀ ਵਿਭਾਗ ਵੱਲੋਂ ਮੁਹੱਈਆ ਕਰਵਾਈ ਜਾਂਦੀ ਹੈ।
ਸ. ਢੀਂਡਸਾ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਜ਼ਿਲ੍ਹੇ ਅੰਦਰ 25 ਹਜ਼ਾਰ ਵਰਗ ਮੀਟਰ ਰਕਬੇ ਵਿੱਚ ਨਵੇਂ ਪੋਲੀ ਗਰੀਨ ਹਾਊਸ ਬਣਾਏ ਜਾ ਰਹੇ ਹਨ, ਜਿਨ੍ਹਾਂ ਤੇ ਕੌਮੀ ਬਾਗਬਾਨੀ ਮਿਸ਼ਨ ਸਕੀਮ ਅਧੀਨ ਲਾਭਪਤਾਰੀਆਂ ਨੂੰ ਵਿੱਤੀ ਸਹਾਇਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਇਸਦੇ ਨਾਲ ਫੁੱਲਾਂ ਦੀ ਖੇਤੀ, ਰੰਗਦਾਰ ਸਿਮਲਾ ਮਿਰਚ, ਖੀਰੇ ਆਦਿ ਦੀ ਖੇਤੀ ਕਰਕੇ ਵੱਧ ਝਾੜ ਅਤੇ ਕੁਆਲਟੀ ਦੀ ਪੈਦਾਵਾਰ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਸਾਲ 2015 ਦੌਰਾਨ ਇਸ ਸਕੀਮ ਅਧੀਨ ਲਗਭਗ 3 ਕਰੋੜ 2 ਲੱਖ 90 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਬਾਗਬਾਨੀ ਫ਼ਸਲਾਂ ਅਧੀਨ ਵੱਖ ਵੱਖ ਕਿੱਤਿਆਂ ਲਈ ਦੇਣ ਦਾ ਟੀਚਾ ਮਿਥਿਆ ਗਿਆ ਹੈ।
ਉਨ੍ਹਾਂ ਦੱ੍ਯਸਿਆ ਕਿ ਜਨਵਰੀ 2014 ਤੋਂ ਦਸੰਬਰ 2014 ਤੱਕ 7 ਹੈਕਟਰ ਰਕਬੇ ’ਚ ਨਵੇਂ ਬਾਗ ਲਗਾਉਣ ਤੇ 145320 ਰੁਪਏ ਦੀ ਸਬਸਿਡੀ ਦੇ ਕੇ 7 ਲਾਭਪਾਤਰੀਆਂ ਨੂੰ ਲਾਭ ਦਿੱਤਾ ਗਿਆ। ਜਦਕਿ ਬਾਗਾਂ ਦੀ ਸੰਭਾਲ ਲਈ 2 ਲਾਭਪਾਤਰੀਆਂ ਨੂੰ 4826 ਰੁਪਏ, ਬਾਗਬਾਨੀ ਮਸ਼ੀਨੀਕਰਨ ’ਤੇ 47 ਕਿਸਾਨਾਂ ਨੂੰ 4169720 ਰੁਪਏ, ਬੀ.ਕੀਪਿੰਗ ਦੇ 625 ਬਕਸ਼ੇ ਲਗਾ ਕੇ 13 ਲਾਭਪਾਤਰੀਆਂ ਨੂੰ 937500 ਰੁਪਏ, ਮਸ਼ਰੂਮ ਕਮਪੋਸਟ ਯੂਨਿਟ ਦੇ ਵਿੱਚ 1 ਯੁਨਿਟ ਲਗਾ ਕੇ 1 ਲਾਭਪਾਤਰੀ ਨੂੰ 1000000 ਰੁਪਏ ਦੀ ਸਬਸਿਡੀ ਦਿੱਤੀ ਗਈ। ਇਸ ਤੋਂ ਇਲਾਵਾ ਪ੍ਰਟੈਕਟਿਡ ਕਲਟੀਵੇਸ਼ਨ (ਪੋਲੀ ਗਰੀਨ ਹਾਊਸ) ਦੇ ਲਈ 26000 ਵਰਗ ਮੀਟਰ ਵਿੱਚ 8 ਲਾਭਪਤਾਰੀਆਂ ਨੂੰ 11609000 ਰੁਪਏ, ਪਲਾਟਿੰਗ ਮਟੀਰੀਅਲ ਲਈ 2 ਲਾਭਪਾਤਰੀਆਂ ਨੂੰ 1500000, ਪਲਾਸਟਿਕ ਮਲਚਿੰਗ ਦੇ ਲਈ 4 ਕਿਸਾਨਾਂ ਨੂੰ 43500 ਰੁਪਏ, ਵਰਮੀ ਕਮਪੋਸਟ ਯੁਨਿਟ ਲਈ 5 ਕਿਸਾਨਾਂ ਨੂੰ 1,50000 ਰੁਪਏ, ਪੈਕ ਹਾਊਸ ਤੇ 2 ਕਿਸਾਨ ਨੂੰ 3,00000 ਰੁਪਏ ਅਤੇ ਐਕਸਪੋਸਜਰ ਵਿਜਿਟ ਲਈ 50 ਕਿਸਾਨਾਂ ਨੂੰ 12920 ਰੁਪਏ ਦੀ ਸਬਸਿਡੀ ਦਿੱਤੀ ਗਈ ਹੈ ਅਤੇ 60 ਕਿਸਾਨਾਂ ਦੀ ਸਿਖਲਾਈ ਤੇ 1,20000 ਰੁਪਏ ਖਰਚ ਕਰਕੇ ਸਹਾਇਕ ਧੰਦਿਆਂ ਪ੍ਰਤੀ ਜਾਗਰੂਕ ਕੀਤਾ ਗਿਆ।



