ਮਾਛੀਵਾੜਾ ਸਾਹਿਬ, 2 ਅਗਸਤ (ਕਰਮਜੀਤ ਸਿੰਘ ਆਜ਼ਾਦ)-ਸਥਾਨਕ ਵਡੇਹਰਾ ਮੁਹੱਲਾ ਦੀ ਵਸਨੀਕ ਅਤੇ ਆਪਣੇ ਪੇਕੇ ਘਰ ਰਹਿੰਦੀ ਗਰੀਬ ਔਰਤ ਪਿੰਕੀ ਜੋ ਕਿ ਗੁਰਦਿਆਂ ਦੀ ਭਿਆਨਕ ਬੀਮਾਰੀ ਨਾਲ ਪੀੜ੍ਹਤ ਹੈ ਅਤੇ ਉਸਦੀ ਇਹ ਬੀਮਾਰੀ ਇਥੋਂ ਤੱਕ ਪਹੁੰਚ ਚੁੱਕੀ ਹੈ ਕਿ ਉਸਦੇ ਗੁਰਦਿਆਂ ਦੀ ਤੀਸਰੇ ਦਿਨ ਡਾਇਲਸਿਜ ਕਰਾਉਣੀ ਪੈ ਰਹੀ ਹੈ ਤੇ ਇੰਨਾਂ ਮਹਿੰਗਾ ਇਲਾਜ਼ ਕਰਾਉਣ ਤੋਂ ਇਹ ਗਰੀਬ ਪਰਿਵਾਰ ਅਸਮਰੱਥ ਹੈ।

ਸਥਾਨਕ ਦਾਣਾ ਮੰਡੀ ਵਿੱਚ ਆੜ੍ਹਤ ਦਾ ਕੰਮ ਕਰਦੇ ਸੁਖਵਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਕੀ ਦੀਆਂ ਦੋ ਛੋਟੀਆਂ ਛੋਟੀਆਂ ਬਾਲੜੀਆਂ ਹਨ ਤੇ ਉਸ ਦਾ ਪਤੀ ਮਜ਼ਦੂਰੀ ਕਰਦਾ ਹੈ। ਉਹਨਾਂ ਕੋਲ ਪਿੱਛੇ ਕੋਈ ਘਰ ਘਾਟ ਨਾ ਹੋਣ ਕਾਰਨ ਉਹ ਆਪਣੇ ਪੇਕੇ ਮਾਛੀਵਾੜਾ ਵਿਖੇ ਆਪਣੀ ਬਿਰਧ ਮਾਂ ਕੋਲ ਰਹਿ ਕੇ ਦਿਨ ਕਟੀ ਕਰ ਰਹੀ ਸੀ ਕਿ ਉਸ ਨੂੰ ਗੁਰਦਿਆਂ ਦੀ ਨਾਮੁਰਾਦ ਬੀਮਾਰੀ ਨੇ ਜਕੜ ਲਿਆ। ਗਿੱਲ ਨੇ ਦੱਸਿਆ ਕਿ ਪੀੜ੍ਹਤਾ ਦੇ ਗੁਰਦਿਆਂ ਵਿੱਚ ਪਾਣੀ ਭਰ ਜਾਂਦਾ ਹੈ ਤੇ ਉਸ ਨੂੰ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਉਸ ਨੇ ਦੱਸਿਆ ਕਿ ਅਸੀ ਕੁਝ ਮੱਦਦ ਕਰਕੇ ਡੀ ਐਮ ਸੀ ਲੁਧਿਆਣਾ ਵਿਖੇ ਪਿੰਕੀ ਨੂੰ ਦਾਖਲ ਤਾਂ ਕਰਵਾ ਦਿੱਤਾ ਹੈ ਜਿਥੇ ਉਸਦੇ ਗੁਰਦਿਆਂ ਦੀ ਤੀਸਰੇ ਦਿਨ ਡਾਇਲਸਿਜ ਕਰਵਾ ਕੇ ਇਸ ਗਰੀਬ ਔਰਤ ਨੂੰ ਕਿਸ਼ਤਾਂ ਵਿੱਚ ਜਿੰਦਗੀ ਦਿੱਤੀ ਜਾ ਰਹੀ ਹੈ। ਹਰੇਕ ਵਾਰ ਡਾਇਲਸਿਜ ਲਈ ਚਾਰ ਹਜ਼ਾਰ ਰੁਪਏ ਦੇਣੇ ਪੈ ਰਹੇ ਹਨ ਤੇ ਹੁਣ ਤੱਕ ਢਾਈ ਲੱਖ ਰੁਪਏ ਹਸਪਤਾਲ ਦੇ ਹੋ ਗਏ ਹਨ। ਇੰਨੀ ਵੱਡੀ ਰਕਮ ਇਹ ਗਰੀਬ ਪਰਿਵਾਰ ਨਹੀ ਦੇ ਸਕਦਾ ਤੇ ਨਾ ਹੀ ਕੋਈ ਇਕੱਲਾ ਵਿਅਕਤੀ ਮੱਦਦ ਕਰ ਸਕਦਾ ਹੈ। ਇਸ ਕਰਕੇ ਅਸੀ ਬੀਮਾਰ ਪਿੰਕੀ, ਉਸਦੀਆਂ ਨੰਨ੍ਹੀਆਂ ਬੇਟੀਆਂ ਅਤੇ ਉਸਦੀ ਬੁੱਢੀ ਮਾਂ ਵਲੋਂ ਵਾਸਤਾ ਪਾ ਕੇ ਦਾਨੀ ਸੱਜਣਾਂ ਨੂੰ ਅੱਗੇ ਆਉਣ ਦੀ ਅਪੀਲ ਕਰਦੇ ਹਾਂ ਕਿ ਇਸ ਗਰੀਬ ਔਰਤ ਦੀ ਜਿੰਦਗੀ ਬਚਾਈ ਜਾਵੇ ਤਾਂ ਕਿ ਛੋਟੀਆਂ ਬੱਚੀਆਂ ਦਾ ਭਵਿੱਖ ਵੀ ਕਿਤੇ ਹਨੇਰੇ ਵਿੱਚ ਨਾ ਡੁੱਬ ਜਾਵੇ। ਇਸ ਗਰੀਬ ਔਰਤ ਦੀ ਮੱਦਦ ਕਰਨ ਲਈ ਇਹਨਾਂ ਨੰਬਰਾਂ ਤੇ ਦਾਨੀ ਸੱਜਣਾਂ ਵਲੋਂ ਇਹਨਾਂ ਨੰਬਰਾਂ 9592874674, 9463410584 ਤੇ ਸੰਪਰਕ ਕੀਤਾ ਜਾ ਸਕਦਾ ਹੈ।