June 20, 2026 8:08 pm

‘ਬੇਟੀ ਬਚਾਓ ਮੁਹਿੰਮ’ ਦੀ ਸ਼ੁਰੂਆਤ 5 ਅਗਸਤ ਤੋਂ : ਡੀ.ਸੀ.

ਨਵਾਂਸ਼ਹਿਰ, 2 ਅਗਸਤ (ਸਨਪ੍ਰੀਤ ਮਾਂਗਟ) ਜ਼ਿਲ੍ਹੇ ਵਿੱਚ ‘ਬੇਟੀ ਬਚਾਓ ਮੁਹਿੰਮ’ ਦੀ ਸ਼ੁਰੂਆਤ 5 ਅਗਸਤ ਨੂੰ ਸਵੇਰੇ 9.30 ਵਜੇ ਸੁਵਿਧਾ ਕੇਂਦਰ ਨਵਾਂਸ਼ਹਿਰ ਤੋਂ ਵਿਦਿਆਰਥਣਾਂ ਦੀ ਚੇਤਨਾ ਰੈਲੀ ਨੂੰ ਰਵਾਨਾ ਕਰਕੇ ਸ਼ੁਰੂ ਕੀਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਨੂ ਕਸ਼ਯਪ ਨੇ ਦੱਸਿਆ ਕਿ ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਅਤੇ ਸਿਹਤ ਵਿਭਾਗ ਦੇ ਆਪਸੀ ਸਹਿਯੋਗ ਨਾਲ ਚਲਾਈ ਜਾਣ ਵਾਲੀ ਇਸ ਮੁਹਿੰਮ ਦਾ ਉਦੇਸ਼ ਜ਼ਿਲ੍ਹੇ ਵਿੱਚ ਲੜਕੀਆਂ ਦੀਆਂ ਸੰਖਿਆਂ ਵਿੱਚ ਹੋਰ ਸੁਧਾਰ ਲਿਆ ਕੇ ਲਿੰਗ ਅਨੁਪਾਤ ਨੂੰ ਬਰਾਬਰ ਕਰਨਾ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ 2011 ਦੀ ਜਨਗਣਨਾ ਦੇ ਤਾਜ਼ਾ ਅੰਕੜਿਆਂ ਮੁਤਾਬਕ 0 ਤੋਂ 6 ਸਾਲ ਵਰਗ ਵਿੱਚ 1000 ਮੁੰਡਿਆਂ ਪਿੱਛੇ 886 ਕੁੜੀਆਂ ਦੀ ਗਿਣਤੀ ਨਾਲ ਚਾਹੇ ਪੰਜਾਬ ਵਿੱਚੋਂ ਪਹਿਲੇ ਸਥਾਨ ‘ਤੇ ਹੈ ਪਰ ਇਸ ਅੰਕੜੇ ਨੂੰ ਹੋਰ ਅੱਗੇ ਲਿਜਾਣ ਲਈ ਹਾਲਾਂ ਬਹੁਤ ਯਤਨ ਕਰਨੇ ਬਾਕੀ ਹਨ। ਉਨ੍ਹਾਂ ਦੱਸਿਆ ਕਿ ਇਸ ਨਵੀਂ ਉਲੀਕੀ ਗਈ ਮੁਹਿੰਮ ਤਹਿਤ ਪੂਰਾ ਮਹੀਨਾ ਜ਼ਿਲ੍ਹੇ ਵਿੱਚ ਨਾਟਕ, ਪ੍ਰਭਾਤ ਫ਼ੇਰੀਆਂ, ਤੀਆਂ ਦੇ ਮੇਲੇ ਅਤੇ ਬਲਾਕ ਪੱਧਰੀ ਸੈਮੀਨਾਰ ਕੀਤੇ ਜਾਣਗੇ ਤਾਂ ਜੋ ਲੋਕਾਂ ਵਿੱਚ ਇਸ ਗੱਲ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਜਾਵੇ ਕਿ ਧੀਆਂ ਦੀ ਗਿਣਤੀ, ਪੁੱਤਰਾਂ ਨਾਲੋਂ ਅੱਜ ਵੀ ਬਹੁਤ ਘੱਟ ਹੈ ਅਤੇ ਇਸ ਵਿਗੜਦੇ ਅਨੁਪਤਾ ਨੂੰ ਸੁਧਾਰਨਾ ਸਮੇਂ ਦੀ ਲੋੜ ਹੈ। ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਦੇ ਪ੍ਰਧਾਨ ਸ੍ਰੀ ਜਸਪਾਲ ਸਿੰਘ ਗਿੱਦਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੀ ਇਸ ਦੂਸਰੇ ਪੜਾਅ ਦੀ ਮੁਹਿੰਮ ਵਾਸਤੇ ਪੂਰੀ ਤਿਆਰੀ ਕੀਤੀ ਗਈ ਹੈ ਅਤੇ ਸੁਸਾਇਟੀ ਦੀ ਸਾਰੀ ਟੀਮ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਦੀ ਇਸ ਮੁਹਿੰਮ ਨੂੰ ਪੂਰਣ ਕਾਮਯਾਬ ਕੀਤਾ ਜਾਵੇਗਾ ਤੇ ਮੁਕੰਮਲ ਸਹਿਯੋਗ ਦਿੱਤਾ ਜਾਵੇਗਾ।

Send this to a friend