ਨਵੀਂ ਦਿੱਲੀ, 3 ਫਰਵਰੀ (ਪੀ. ਟੀ.)- ਭਾਰਤੀ ਰਿਜ਼ਰਵ ਬੈਂਕ ਨੇ ਅੱਜ ਛੇਵੀਂ ਦੋ-ਮਾਸਕ ਨੀਤੀਗਤ ਸਮੀਖਿਆ ਬੈਠਕ ‘ਚ ਮੁੱਖ ਵਿਆਜ ਦਰਾਂ ‘ਚ ਕੋਈ ਬਦਲਾਅ ਨਹੀਂ ਕੀਤਾ ਹੈ। ਆਰ.ਬੀ.ਆਈ. ਨੇ ਰੇਪੋ ਦਰ ਨੂੰ 7.75 ਫੀਸਦੀ ‘ਤੇ ਬਰਕਰਾਰ ਰੱਖਿਆ ਹੈ। ਰੇਪੋ ਦਰ ਉਹ ਵਿਆਜ ਦਰ ਹੈ, ਜਿਸ ‘ਤੇ ਵਪਾਰਕ (ਕਮਰਸ਼ੀਅਲ) ਬੈਂਕ ਆਪਣੀ ਘੱਟ ਮਿਆਦ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਰਿਜ਼ਰਵ ਬੈਂਕ ਤੋਂ ਕਰਜ਼ ਲੈਂਦੇ ਹਨ। ਰਿਵਰਸ ਰੇਪੋ ਦਰ ਨੂੰ 6.75 ਫੀਸਦੀ ‘ਤੇ ਸਥਿਰ ਰੱਖਿਆ ਗਿਆ ਹੈ। ਰਿਵਰਸ ਰੇਪੋ ਦਰ ਉਹ ਵਿਆਜ ਦਰ ਹੈ, ਜੋ ਰਿਜ਼ਰਵ ਬੈਂਕ ਵਪਾਰਕ ਬੈਂਕਾਂ ਨੂੰ ਉਨ੍ਹਾਂ ਦੀ ਜਮ੍ਹਾ ਰਕਮ ‘ਤੇ ਦਿੰਦਾ ਹੈ। ਆਰ.ਬੀ.ਆਈ. ਨੇ 15 ਜਨਵਰੀ ਨੂੰ ਰੇਪੋ ਦਰ ‘ਚ 0.25 ਫੀਸਦੀ ਦੀ ਕਟੌਤੀ ਕੀਤੀ ਸੀ, ਜਿਸ ਤੋਂ ਬਾਅਦ ਰੇਪੋ ਦਰ 8 ਫੀਸਦੀ ਤੋਂ ਘੱਟ ਕੇ 7.75 ਫੀਸਦੀ ਹੋ ਗਈ ਸੀ।
ਵਿਆਜ ਦਰਾਂ ’ਚ ਕੋਈ ਬਦਲਾਅ ਨਹੀਂ : ਭਾਰਤੀ ਰਿਜ਼ਰਵ ਬੈਂਕ



