ਪ੍ਰਧਾਨ ਮੰਤਰੀ ਮੋਦੀ ਦੀ ‘ਸਵੱਛ ਭਾਰਤ’ ਮੁਹਿੰਮ ਤੋੜ ਰਹੀ ਹੈ ਦਮ
ਪੰਜਗਰਾਈ ਕਲਾਂ, 1 ਫਰਵਰੀ (ਬਲਕਾਰ ਸਿੰਘ ਚੌਹਾਨ)- ਬੀਤੇ ਵਰ੍ਹੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਭਾਰਤ ਨੂੰ ਸਾਫ-ਸੁਥਰਾ ਬਣਾਉਣ ਦੇ ਮਕਸਦ ਨਾਲ ਸਮੁੱਚੇ ਦੇਸ਼ ਵਿੱਚ ‘ਸਵੱਛ ਭਾਰਤ’ ਮੁਹਿੰਮ ਦੀ ਸ਼ੁਰੂਆਤ ਬੜੇ ਜੋਰ-ਸ਼ੋਰ ਨਾਲ ਕੀਤੀ ਗਈ ਸੀ। ਜਿਸ ਨੂੰ ਮੋਦੀ ਦੀ ਭਾਰਤੀ ਜਨਤਾ ਪਾਰਟੀ ਦੀਆਂ ਵਿਰੋਧੀ ਪਾਰਟੀਆਂ ਨੇ ਸਿਰਫ ਮੋਦੀ ਵੱਲੋਂ ਮੀਡੀਆ ‘ਚ ਛਾਏ ਰਹਿਣ ਲਈ ਡਰਾਮੇ ਬਾਜੀ ਸਟੰਟ ਦੱਸਿਆ ਤੇ ਕਈ ਥਾਵਾਂ ਤੇ ਭਾਜਪਾ ਮੰਤਰੀਆਂ, ਆਗੂਆਂ ਤੇ ਵਰਕਰਾਂ ਵੱਲੋਂ ਚਿੱਟੇ ਕੱਪੜੇ ਪਾ ਕਿ ਸਾਫ ਜਗ੍ਹਾ ’ਤੇ ਖੜੇ ਹੋ ਕਿ ਹੱਥਾਂ ਵਿੱਚ ਝਾੜੂ ਫੜ ਕੇ ਤਸਵੀਰਾਂ ਖਿਚਾਉਣ ਕਰਕੇ ਇਸ ਮੁਹਿੰਮ ਪ੍ਰਤੀ ਕਈ ਤਰਾਂ ਦੀ ਚਰਚਾ ਵੀ ਹੁੰਦੀ ਰਹੀ। ਪੰਜਾਬ ਵਿੱਚ ਹੁਣ ਇਹ ਮੁਹਿੰਮ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੀ ਪਾਰਟੀ ਦੇ ਸੀਨੀਅਰ
ਭਾਜਪਾ ਆਗੂਆਂ ਦੇ ਜੱਦੀ ਪਿੰਡਾਂ ਵਿੱਚ ਹੀ ਦਮ ਤੋੜ ਦੀ ਦਿਖਾਈ ਰਹੀ ਹੈ। ਜਿਸ ਦੀ ਤਾਜਾ ਮਿਸਾਲ ਮਿਲਦੀ ਹੈ ਭਾਜਪਾ ਦੀ ਸੀਨੀਅਰ ਸੂਬਾ ਮੀਤ ਪ੍ਰਧਾਨ ਤੇ ਸਾਬਕਾ ਰਾਜ ਸਭਾ ਮੈਂਬਰ ਬੀਬੀ ਗੁਰਚਰਨ ਕੌਰ ਪੰਜਗਰਾਈ ਦੇ ਜੱਦੀ ਪਿੰਡ ਪੰਜਗਰਾਈ ਕਲਾਂ ਦੇ ਬੱਸ ਸਟੈਂਡ ‘ਚ ਲੱਗੇ ਵੱਡੇ-ਵੱਡੇ ਕੂੜੇ ਦੇ ਢੇਰਾਂ ਤੋਂ। ਇੱਥੇ ਚਾਰੇ ਪਾਸੇ ਗੰਦਗੀ ਫੈਲੀ ਹੋਈ ਹੈ। ਬੱਸ ਸਟੈਂਡ ਤੇ ਬਣੇ ਹੋਏ ਮੁਸਾਫਰਖਾਨੇ,ਬਾਥਰੂਮ ਦਾ ਵੀ ਬੁਰਾ ਹਾਲ ਹੈ ਅਤੇ ਚਾਰੇ ਪਾਸੇ ਗੰਦਗੀ ਫੈਲੀ ਹੋਈ ਹੈ। ਇੱਥੇ ਨਾ ਤਾਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਅਤੇ ਨਾ ਹੀ ਪਿੰਡ ਦੀ ਪੰਚਾਇਤ ਵੱਲੋਂ ਕੋਈ ਸਫਾਈ ਦਾ ਪ੍ਰਬੰਧ ਕੀਤਾ ਗਿਆ ਹੈ। ਕੂੜੇ ਦੇ ਲੱਗੇ ਹੋਏ ਢੇਰ ਜਿੱਥੇ ਮੁਸਾਫਰਾਂ ਨੂੰ ਨੱਕ ਰੁਮਾਲ ਨਾਲ ਢੱਕ ਕੇ ਰੱਖਣ ਲਈ ਮਜਬੂਰ ਕਰ ਰਹੇ ਹਨ ਉ¤ਥੇ ਹੀ ਪ੍ਰਧਾਨ ਮੰਤਰੀ ਦੀ ਸਵੱਛ ਭਾਰਤ ਮੁਹਿੰਮ ਦਾ ਮੁੂੰਹ ਵੀ ਚਿੜਾ ਰਹੇ ਹਨ। ਇਸ ਸਬੰਧੀ ਜਦੋਂ ਸਾਡੇ ਇਸ ਪੱਤਰਕਾਰ ਵੱਲੋਂ ਉਕਤ ਪਿੰਡ ਦੀ ਵਸਨੀਕ ਤੇ ਭਾਜਪਾ ਦੀ ਸੀਨੀਅਰ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਬੀਬੀ ਗੁਰਚਰਨ ਕੌਰ ਪੰਜਗਰਾਈ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹਨਾਂ ਦੀ ਪਾਰਟੀ ਵੱਲੋਂ ਡਿਊਟੀ ਫਰੀਦਕੋਟ ਅਤੇ ਸ਼੍ਰੀ ਮੁਕਤਸਰ ਸਾਹਿਬ ਜਿਲ੍ਹਿਆਂ ਵਿੱਚ ਪਾਰਟੀ ਦੀ ਮਜਬੂਤੀ ਵਾਸਤੇ ਕੰਮ ਕਰਨ ਲਈ ਲਗਾਈ ਗਈ ਸੀ ਜਿਸ ਕਰਕੇ ਉਹ ਆਪਣੇ ਪਿੰਡ ਵਿੱਚ ਸਫਾਈ ਵਾਲੇ ਪਾਸੇ ਪੂਰਾ ਧਿਆਨ ਨਹੀ ਦੇ ਸਕੀ। ਉਹਨਾਂ ਕਿਹਾ ਕਿ ਜਲਦੀ ਹੀ ਉਹ ਪਿੰਡ ਵਿੱਚ ਸਫਾਈ ਮੁਹਿੰਮ ਚਲਾਉਣਗੇ ਅਤੇ ਪਿੰਡ ਵਾਸੀਆਂ ਨੂੰ ਇਸ ਮੁਹਿੰਮ ਪ੍ਰਤੀ ਜਾਗਰੂਕ ਕਰਕੇ ਪਿੰਡ ਨੂੰ ਪੂਰੀ ਤਰ੍ਹਾਂ ਸਾਫ-ਸੁਥਰਾ ਕਰਕੇ ਸੁੰਦਰ ਬਣਾਇਆ ਜਾਵੇਗਾ।



