ਨਵੀਂ ਦਿੱਲੀ, 29 ਜਨਵਰੀ (ਪੀ. ਟੀ.)- ਵਿਦੇਸ਼ ਸਕੱਤਰ ਅਹੁਦੇ ਤੋਂ ਸੁਜਾਤਾ ਸਿੰਘ ਨੂੰ ਹਟਾਉਣ ਦਾ ਬਚਾਅ ਕਰਦੇ ਹੋਏ ਭਾਜਪਾ ਨੇ ਅੱਜ ਇਸ ‘ਚ ਕੋਈ ਵੀ ਸਿਆਸੀ ਮਨਸ਼ਾ ਨੂੰ ਸਿਰੇ ਤੋਂ ਖਾਰਜ ਕੀਤਾ ਅਤੇ ਕਿਹਾ ਕਿ ਸਰਕਾਰ ਨੇ ਅਧਿਕਾਰੀਆਂ ਦੀ ਨਿਯੁਕਤੀ ‘ਤੇ ਫੈਸਲਾ ਕਰਨ ਦੇ ਆਪਣੇ ਅਧਿਕਾਰ ਦੇ ਤਹਿਤ ਕੰਮ ਕੀਤਾ ਹੈ। ਭਾਜਪਾ ਬੁਲਾਰੇ ਨਲਿਨ ਕੋਹਲੀ ਨੇ ਕਿਹਾ ਕਿ ਉਹ ਇਸ ‘ਤੇ ਸ਼ੋਰ ਸ਼ਰਾਬੇ ਦਾ ਕੋਈ ਕਾਰਨ ਨਹੀਂ ਦੇਖਦੇ। ਸਰਕਾਰ ਨੂੰ ਇਹ ਅਧਿਕਾਰ ਹੈ ਕਿ ਉਹ ਕਿਸ ਅਧਿਕਾਰੀ ਨੂੰ ਨਿਯੁਕਤ ਕਰਨਾ ਚਾਹੁੰਦੀ ਹੈ ਤੇ ਇਹ ਉਸ ਦਾ ਫਰਜ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਹੈ, ਪਹਿਲਾ ਦੀਆਂ ਸਰਕਾਰਾਂ ਨੇ ਵੀ ਅਜਿਹੇ ਫੈਸਲੇ ਲਏ ਹਨ।ਬੁੱਧਵਾਰ ਰਾਤ ਸੁਜਾਤਾ ਸਿੰਘ ਨੂੰ ਵਿਦੇਸ਼ ਸਕੱਤਰ ਦੇ ਮਹੱਤਵਪੂਰਨ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ, ਜਦਕਿ ਉਨ੍ਹਾਂ ਦੇ ਕਾਰਜਕਾਲ ਦੇ ਅੱਠ
ਮਹੀਨੇ ਅਜੇ ਬਾਕੀ ਸਨ। ਇਸ ’ਤੇ ਕਾਂਗਰਸ ਨੇ ਸਵਾਲ ਉਠਾਉਂਦੇ ਹੋਏ ਕਿਹਾ ਹੈ ਕਿ ਕੀ ਇਹ ਆਈ.ਐਫ.ਐਸ. ਅਧਿਕਾਰੀ ਦੇਵਯਾਨੀ ਖੋਬਰਾਗੜੇ ‘ਤੇ ਉਨ੍ਹਾਂ ਦੇ ਰੁਖ ਦਾ ਬਦਲਾ ਹੈ। ਸਾਬਕਾ ਸੂਚਨਾ ਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਨੇ ਟਵੀਟ ਕੀਤਾ ਹੈ ਕਿ ਵਿਦੇਸ਼ ਸਕੱਤਰ ਨੂੰ ਬਰਖਾਸਤ ਕੀਤਾ ਜਾਣਾ ਕਿਤੇ ਦੇਵਯਾਨੀ ਖੋਬਰਾਗੜੇ ‘ਤੇ ਉਨ੍ਹਾਂ ਦੇ ਰੁਖ ਦਾ ਬਦਲਾ ਤਾਂ ਨਹੀਂ ਹੈ? ਓਬਾਮਾ ਦੇ ਦੌਰੇ ਤੋਂ ਬਾਅਦ ਉਨ੍ਹਾਂ ਨੂੰ ਹਟਾਇਆ ਜਾਣਾ ਕੀ ਇਹ ਇਤਫ਼ਾਕ ਹੈ? ਗੌਰਤਲਬ ਹੈ ਕਿ ਅਮਰੀਕਾ ‘ਚ ਖੋਬਰਾਗੜੇ ਦੀ ਗ੍ਰਿਫਤਾਰੀ ਤੋਂ ਕੂਟਨੀਤਕ ਵਿਵਾਦ ਪੈਦਾ ਹੋ ਗਿਆ ਸੀ ਅਤੇ ਉਸ ਵਕਤ ਸੁਜਾਤਾ ਸਿੰਘ ਵਿਦੇਸ਼ ਸਕੱਤਰ ਸਨ। ਵੀਜ਼ਾ ਧੋਖਾਧੜੀ ਦੇ ਦੋਸ਼ਾਂ ’ਚ 1999 ਬੈਚ ਦੀ ਆਈ.ਐਫ.ਐਸ. ਅਧਿਕਾਰੀ ਨੂੰ 2013 ’ਚ ਨਿਊਯਾਰਕ ‘ਚ ਗ੍ਰਿਫਤਾਰ ਕੀਤਾ ਗਿਆ ਸੀ।



