ਬਰਨਾਲਾ, 29 ਜਨਵਰੀ (ਕੁਲਦੀਪ ਸੂਦ, ਬਾਂਸਲ, ਰਾਮ ਸਿੰਘ ਧਨੌਲਾ, ਕੁਲਦੀਪ ਸਿੰਘ)- ਡਿਪਟੀ ਕਮਿਸ਼ਨਰ ਸ. ਗੁਰਲਵਲੀਨ ਸਿੰਘ ਸਿੱਧੂ ਨੇ ਸਥਾਨਕ ਰੈੱਡ ਕਰਾਸ ਭਵਨ ਵਿਖੇ ਦੂਜੇ ਦਿਨ ਵੀ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੀ ਮਹੀਨੇ ਭਰ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਕਰਨ ਸਬੰਧੀ ਮੀਟਿੰਗਾਂ ਕੀਤੀਆਂ। ਇਸ ਦੌਰਾਨ ਉਹਨਾਂ ਵਿਭਾਗਾਂ ਵੱਲੋਂ ਕੀਤੇ ਗਏ ਕੰਮਾਂ ਸਬੰਧੀ ਜਾਣਕਾਰੀ ਹਾਸ਼ਲ ਕੀਤੀ। ਇਸ ਮੌਕੇ ਉਹਨਾਂ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਹਦਾਇਤਾਂ ਵੀ ਜਾਰੀ ਕੀਤੀਆ ਗਈਆ।ਮੀਟਿੰਗ ਦੌਰਾਨ ਸ. ਸਿੱਧੂ ਨੇ ਜ਼ਿਲ੍ਹਾ ਸਿਹਤ ਅਫ਼ਸਰ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਅੰਦਰ ਸਿੰਥੈਟਿਕ ਦੁੱਧ, ਮਿਠਾਈਆਂ ਆਦਿ ਦੇ ਜੰਗੀ ਪੱਧਰ ਤੇ ਚੈਕਿੰਗ ਕਰਕੇ ਵੱਧ ਤੋਂ ਵੱਧ ਸੈਂਪਲ ਲਏ ਜਾਣ। ਉਹਨਾਂ ਕਿਹਾ ਕਿ ਇਹ ਚੈਕਿੰਗ ਨਿਰੰਤਰ ਕੀਤੀ ਜਾਵੇ ਤਾਂ ਜੋ
ਕਿਸੇ ਵੀ ਮਿਲਾਵਟਖੋਰੀ ਕਾਰਨ ਆਮ ਲੋਕਾਂ ਦੀ ਸਿਹਤ ਨੂੰ ਕੋਈ ਨੁਕਸਾਨ ਨਾ ਪਹੁੰਚ ਸਕੇ। ਇਸ ਦੌਰਾਨ ਉਹਨਾਂ ਜ਼ਿਲ੍ਹਾ ਟਾਊਨ ਪਲੈਨਰ ਵਿਭਾਗ ਨੂੰ ਨੈਸ਼ਨਲ ਹਾਈਵੇਜ਼ ਤੇ ਹੋਏ ਨਾਜਾਇਜ਼ ਕਬਜ਼ਿਆ ਸਬੰਧੀ ਬਕਾਇਆ ਪਏ ਕੇਸ਼ਾ ਦਾ ਜ਼ਲਦ ਨਿਪਟਾਰਾ ਕਰਨ ਦੇ ਆਦੇਸ਼ ਦਿੱਤੇ। ਉਹਨਾਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਕਿਹਾ ਕਿ ਭਾਰਤ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ‘‘ਬੇਟੀ ਬਚਾਓ ਬੇਟੀ ਪੜਾਓ’’ ਯੋਜਨਾ ਤਹਿਤ ਜ਼ਿਲ੍ਹੇ ਅੰਦਰ ਚੱਲ ਰਹੀ ਮੋਬਾਇਲ ਵੈਨ ਰਾਹੀਂ ਵੱਧ ਤੋਂ ਵੱਧ ਪਿੰਡਾਂ ਵਿੱਚ ਜਾ ਕੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਇਸ ਮੌਕੇ ਨਗਰ ਕੌਂੋਸਲ ਨਾਲ ਸਬੰਧਤ ਕੰਮਾਂ ਸਬੰਧੀ, ਐਮ ਪੀ ਲੈਂਡ, ਜ਼ਿਲ੍ਹਾ ਸਿਹਤ ਅਤੇ ਮੋਨੀਟਰਿੰਗ ਕਮੇਟੀ, ਜ਼ਿਲ੍ਹਾ ਸਿੱਖਿਆ ਵਿਕਾਸ ਕਮੇਟੀ, ਐਗਰੀਕਲਚਰ, ਪੈਨਸ਼ਨਾਂ, ਡੇਅਰੀ ਵਿਕਾਸ ਆਦਿ ਵਿਭਾਗਾਂ ਨਾਲ ਮੀਟਿੰਗਾਂ ਕਰਕੇ ਉਹਨਾਂ ਦੀ ਕਾਰਗੁਜਾਰੀ ਦਾ ਜਾਇਜ਼ਾ ਲਿਆ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਜਰਨਲ ਸ਼੍ਰੀ ਅਮਨਦੀਪ ਬਾਂਸਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪ੍ਰਵੀਨ ਕੁਮਾਰ, ਐਸ. ਡੀ. ਐਮ. ਬਰਨਾਲਾ ਅਮਰਵੀਰ ਸਿੰਘ, ਸਿਵਲ ਸਰਜਨ ਡਾ. ਇੰਦਰਜੀਤ ਖੰਨਾ, ਮੁੱਖ ਖੇਤੀਬਾੜੀ ਅਫ਼ਸਰ ਸ. ਦਲੀਪ ਚੰਦ ਮੱਲ੍ਹੀ ਅਤੇ ਮੈਂਬਰ ਜ਼ਿਲ੍ਹਾ ਸਿੱਖਿਆ ਵਿਕਾਸ ਕਮੇਟੀ ਸ. ਜਰਨੈਲ ਸਿੰਘ ਭੋਤਨਾ ਤੋਂ ਇਲਾਵਾ ਸਬੰਧਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।



