ਮਲੋਟ, 27 ਜਨਵਰੀ (ਲੱਖਾ ਸ਼ਰਮਾ)- ਮਲੋਟ ਵਿੱਚ ਅੱਜ ਦਰਦ ਦੀ ਲਹਿਰ ਦੌੜੀ। ਹਰ ਅੱਖ ਨਮ ਹੋ ਗਈ। ਜੁਬਾਨ ’ਤੇ ਬੱਸ ਦਰਦ ਦੇ ਬੋਲ ਸਨ। ਇਸ ਦਾ ਕਾਰਨ ਸੀ ਮਲੋਟ ਵਿੱਚ ਮੌਤ ਦਾ ਵਰਤਾਇਆ ਕਹਿਰ। 25-26 ਜਨਵਰੀ ਦੀ ਦਰਮਿਆਨੀ ਰਾਤ ਸ਼ਿਮਲੇ ਨੇੜੇ ਕਾਰ ਖੱਡ ਵਿਚ ਡਿੱਗ ਜਾਣ ਨਾਲ ਮਰਨ ਵਾਲੇ ਪੰਜ ਜਣਿਆਂ ਵਿਚੋਂ ਤਿੰਨ ਨੋਜਵਾਨ ਮਲੋਟ ਦੇ ਸਨ । ਇਹ ਤਿੰਨੇ ਕਰੀਬੀ ਦੋਸਤ ਸਨ ਜਿੰਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਮਲੋਟ ਦੇ ਸ਼ਮਸ਼ਾਨ ਵਿੱਚ ਇੱਕੋ ਵੇਲੇ ਹੋਇਆ। ਸਸਕਾਰ ਵੇਲੇ ਪਰਵਾਰਾਂ ਦਾ ਵਿਰਲਾਪ ਹਰ ਅੱਖ ਨੂੰ ਨਮ ਕਰ ਗਿਆ। ਜਾਣਕਾਰੀ ਅਨੁਸਾਰ, ਮਲੋਟ ਦੇ ਟਾਇਰਾਂ ਦੇ ਵਪਾਰੀ ਚਿਮਨ ਲਾਲ ਜਿੰਦਲ ਦਾ ਇਕਲੌਤਾ ਪੁੱਤਰ ਸੁਨੀਲ ਜਿੰਦਲ ਆਪਣੀ ਕੰਪਨੀ ਦੇ ਸਬੰਧ ਵਿਚ ਮੀਟਿੰਗ ਲਈ ਐਤਵਾਰ ਸ਼ਿਮਲੇ ਗਿਆ ਸੀ
। ਉਸ ਨਾਲ ਇਕ ਦੋਸਤ ਨਿਤਨ ਚਰਾਇਆ ਪੁੱਤਰ ਵਿਨੋਦ ਕੁਮਾਰ ਅਤੇ ਟਾਇਰ ਕੰਪਨੀ ਨਾਲ ਸਬੰਧਤ ਦੋ ਅਧਿਕਾਰੀ ਸਨ ਸੀ ਜਿੰਨ੍ਹਾਂ ਵਿਚੋਂ ਇਕ ਸ਼੍ਰੀ ਗੰਗਾਨਗਰ ਅਤੇ ਦੂਸਰਾ ਰਾਚੀਂ ਤੋਂ ਸੀ। ਚੰਡੀਗੜ੍ਹ ਤੋਂ ਇਹਨਾਂ ਮਲੋਟ ਨਾਲ ਸਬੰਧਤ ਆਪਣੇ ਦੋਸਤ ਰਾਜੂ ਸਚਦੇਵਾ ਪੁੱਤਰ ਬਚਨ ਸਿੰਘ ਨੂੰ ਨਾਲ ਲੈ ਲਿਆ ਜਿਹੜਾ ਚੰਡੀਗੜ੍ਹ ਵਿਚ ਆਪਣਾ ਕਾਰੋਬਾਰ ਕਰਦਾ ਸੀ। ਇਹ ਪੰਜੇ ਜਣੇ ਐਤਵਾਰ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਚੰਡੀਗੜ੍ਹ ਤੋਂ ਸ਼ਿਮਲੇ ਲਈ ਰਵਾਨਾ ਹੋਏ। ਸ਼ਿਮਲੇ ਤੋਂ 7-8 ਕਿਲੋਮੀਟਰ ਪਹਿਲਾਂ ਇੰਨ੍ਹਾਂ ਦੀ ਕਾਰ 200 ਫੁੱਟ ਡੂੰਘੀ ਖਾਈ ਵਿਚ ਡਿੱਗ ਪਈ। ਇਸ ਭਿਆਨਕ ਹਾਦਸੇ ’ਚ ਸਾਰੇ ਜਣਿਆਂ ਦੀ ਮੌਤ ਹੋ ਗਈ ਇਹ ਖਬਰ ਜਿਉਂ ਹੀ ਕੱਲ੍ਹ ਮਲੋਟ ਪੁੱਜੀ ਤਾਂ ਪੂਰੇ ਸ਼ਹਿਰ ਵਿਚ ਸੋਗ ਦੀ ਲਹਿਰ ਫੈਲ ਗਈ। ਦੇਰ ਰਾਤ ਸੁਨੀਲ ਜਿੰਦਲ , ਰਾਜੂ ਸਚਦੇਵਾ ਅਤੇ ਨਿਤਨ ਚਰਾਇਆ ਦੀਆਂ ਲਾਸ਼ਾਂ ਮਲੋਟ ਪੁੱਜੀਆਂ । ਅੱਜ ਇੰਨ੍ਹਾਂ ਤਿੰਨਾਂ ਦਾ ਅੱਜ ਮਲੋਟ ਦੇ ਸਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇੰਨ੍ਹਾਂ ਤਿੰਨਾਂ ਮ੍ਰਿਤਕ ਨੌਜਵਾਨਾਂ ਦੀ ਉਮਰ 35 ਤੋਂ 38 ਸਾਲ ਦੇ ਵਿਚਕਾਰ ਸੀ ਅਤੇ ਤਿੰਨਾਂ ਦੇ ਛੋਟੇ-ਛੋਟੇ ਬੱਚੇ ਹਨ। ਅੰਤਿਮ ਸੰਸਕਾਰ ਵੇਲੇ ਪਰਿਵਾਰ ਅਤੇ ਰਿਸ਼ਤੇਦਾਰਾਂ ਦਾ ਵਿਰਲਾਪ ਹਿਰਦੇ ਨੂੰ ਵਲੂੰਧਰਣ ਵਾਲਾ ਸੀ।



