ਬਰਨਾਲਾ, 26 ਜਨਵਰੀ (ਰਾਮ ਸਿੰਘ ਧਨੌਲਾ, ਕੁਲਦੀਪ ਸਿੰਘ, ਸੂਦ, ਬਾਂਸਲ)-ਸਥਾਨਕ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ 66ਵੇਂ ਗਣਤੰਤਰ ਦਿਵਸ ਮੌਕੇ ਜ਼ਿਲਾ ਪੱਧਰੀ ਸਮਾਗਮ ਬਹੁਤ ਹੀ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਸਿੰਚਾਈ ਮੰਤਰੀ ਪੰਜਾਬ ਸ. ਸ਼ਰਨਜੀਤ ਸਿੰਘ ਢਿੱਲੋ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਨਿਭਾਈ। ਉਨ੍ਹਾਂ ਕੌਮ ਦੇ ਨਾਮ ਸੰਦੇਸ਼ ਅਤੇ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਗਣਤੰਤਰ ਦਿਵਸ ਵਧਾਈ ਦਿੰਦਿਆਂ ਕਿਹਾ ਕਿ ਅੱਜ ਅਸੀਂ 66ਵਾਂ ਗਣਤੰਤਰ ਦਿਵਸ ਮਨਾ ਰਹੇ ਹਾਂ। ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਭਾਰਤ ਦੇ ਸੰਵਿਧਾਨ ਲਈ ਅੱਜ ਫਖਰ ਵਾਲਾ ਦਿਨ ਹੈ। ਭਾਰਤ ਨੇ ਸ਼ਾਨ ਨਾਲ ਗਣਤੰਤਰ ਦੇ 65 ਵਰ੍ਹੇ ਪੂਰੇ ਕੀਤੇ ਹਨ। ਉਹਨਾਂ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ। ਗੁਰੂ ਸਾਹਿਬਾਨਾਂ ਨੇ ਜਿਥੇ ਇਸ ਧਰਤੀ ’ਤੇ ਜਬਰ ਵਿਰੁੱਧ ਜੋਰਦਾਰ ਆਵਾਜ਼ ਬੁਲੰਦ ਕਰਦਿਆਂ ਲੋਕਾਂ ਨੂੰ ਵਿਦੇਸ਼ੀ ਜਰਵਾਣਿਆਂ ਵਿਰੁੱਧ ਸੁਚੇਤ ਕੀਤਾ ਸੀ, ਉਥੇ ਉਹਨਾਂ ਨੇ ਸਰਬੱਤ ਦੇ ਭਲੇ ਦਾ ਸੰਦੇਸ਼ ਦੇ ਕੇ ਸਮੁੱਚੀ ਮਨੁੱਖਤਾ
ਵਿੱਚ ਬਰਾਬਰੀ ਦਾ ਸੰਦੇਸ਼ ਵੀ ਦਿੱਤਾ ਸੀ। ਸਿੰਚਾਈ ਮੰਤਰੀ ਨੇ ਦੱ੍ਯਸਿਆ ਕਿ ਕੌਟਲਾ ਬਰਾਂਚ ਸਿਸਟਮ ਦੇ ਖਾਲਾਂ ਨੂੰ ਪੱਕੇ ਕਰਨ ਲਈ ਸਰਕਾਰ ਵੱਲੋਂ 960 ਕਰੌੜ ਦਾ ਪ੍ਰੋਜੈਕਟ ਮੰਜੂਰ ਹੋ ਗਿਆ ਹੈ ਅਤੇ ਖਾਲਾਂ ਨੂੰ ਪੱਕੇ ਕਰਨ ਦਾ ਕੰਮ ਬਹੁਤ ਜ਼ਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਦੱਖਣੀ ਮਾਲਵੇ ਦੇ ਹਿੱਸੇ ਵਿੱਚੋ ਸੇਮ ਨੂੰ ਖਤਮ ਕਰਨ ਲਈ ਜੰਗੀ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਦਾ ਵੱਕਾਰੀ ਪ੍ਰੋਜੈਕਟ ਸ਼ਾਹਪੁਰ ਕੰਡੀ ਡੈਮ ਦਾ 2285 ਕਰੋੜ ਰੁਪਏ ਨਾਲ ਨਿਰਮਾਣ ਸੁਰੂ ਹੋਇਆ। ਰਾਜਸਥਾਨ ਫੀਡਰ ਅਤੇ ਸਰਹਿੰਦ ਫੀਡਰ ਦੀ ਰੀਲਾਈਨਿੰਗ ਲਈ 1565 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਨੂੰ ਪ੍ਰਵਾਨਗੀ ਮਿਲੀ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਗੁਰਲਵਲੀਨ ਸਿੰਘ ਸਿੱਧੂ, ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀਮਤੀ ਸੁਖਮਿੰਦਰ ਕੌਰ, ਜ਼ਿਲ੍ਹਾ ਪੁਲਿਸ ਮੁੱਖੀ ਸ. ਉਪਿੰਦਰਜੀਤ ਸਿੰਘ ਘੁੰਮਣ, ਵਧੀਕ ਡਿਪਟੀ ਕਮਿਸ਼ਨਰ ਜਰਨਲ ਸ੍ਰੀ ਅਮਨਦੀਪ ਬਾਂਸਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਪ੍ਰਵੀਨ ਕੁਮਾਰ, ਸਹਾਇਕ ਕਮਿਸ਼ਨਰ (ਜਨਰਲ) ਮੈਡਮ ਸੋਨਮ ਚੋਧਰੀ, ਅਕਾਲੀ ਭਾਜਪਾ ਆਗੂਆ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਅਤੇ ਹੋਰ ਪ੍ਰਮੱਖ ਸ਼ਖਸ਼ੀਅਤਾ ਹਾਜ਼ਰ ਸਨ।



